ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਲੋਕਾਂ ਨੂੰ ਸਬਜ਼ ਬਾਗ ਵਿਖਾ ਗੁੰਮਰਾਹ ਕਰਨ ਵਿੱਚ ਬਹੁਤ ਮਾਹਿਰ ਹਨ, ਉਹ ਇਹ ਮੰਨ ਕੇ ਚਲਦੇ ਹਨ ਕਿ ਉਹ ਜੋ ਕੁਝ ਵੀ ਕਹਿ ਰਹੇ ਹਨ, ਉਸ ਪੁਰ ਲੋਕੀ, ਵਿਸ਼ੇਸ਼ ਰੂਪ ਵਿੱਚ ਪੰਜਾਬ ਵਾਸੀ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਹਨ। ਸ. ਸਰਨਾ ਪ੍ਰਕਾਸ਼ ਸਿੰਘ ਬਾਦਲ ਵਲੋਂ ਸ੍ਰੀ ਅੰਮ੍ਰਿਤਸਰ ਲੋਕਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ, ਕੀਤੇ ਗਏ ਉਨ੍ਹਾਂ ਦਾਅਵਿਆਂ ਪੁਰ ਟਿੱਪਣੀ ਕਰ ਰਹੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਕਿਹਾ ਹੈ ਕਿ ਨਰੇਂਦਰ ਮੋਦੀ ਦੀ ਸਰਕਾਰ ਵਿੱਚ ਅਰੁਣ ਜੇਤਲੀ ਉਪ-ਮੁੱਖ ਮੰਤਰੀ ਹੋਣਗੇ ਤੇ ਪੰਜਾਬ ਦੇ ਵਕੀਲ ਬਣ ਪਾਰਲੀਮੈਂਟ ਵਿੱਚ ਬੈਠਣਗੇ ’ਤੇ ਪੰਜਾਬ ਦੇ ਮੁੱਦਿਆਂ ਨੂੰ ਉਭਾਰਨਗੇ। ਉਨ੍ਹਾਂ ਕੋਲ ਪੰਜਾਬ ਦੇ ਖਜ਼ਾਨੇ ਦਾ ਕਾਰਜਭਾਰ ਹੋਵੇਗਾ, ਜਿਸ ਨਾਲ ਪੰਜਾਬ ਨੂੰ ਵੱਡਾ ਫਾਇਦਾ ਹੋਵੇਗਾ।
ਸ. ਸਰਨਾ ਨੇ ਕਿਹਾ ਕਿ ਸ. ਬਾਦਲ ਵਲੋਂ ਇਹ ਦਾਅਵੇ ਇਉਂ ਕੀਤੇ ਜਾ ਰਹੇ ਹਨ, ਜਿਵੇਂ ਨਰੇਂਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੇ ਉਹ ਉਸਦੇ ਮੁਖ ਸਲਾਹਕਾਰ ਹੋਣਗੇ ਤੇ ਮੋਦੀ ੳੋੁਨ੍ਹਾਂ ਦੀ ਸਲਾਹ ਨਾਲ ਹੀ ਅਪਣੀ ਕੈਬੀਨਟ ਦਾ ਗਠਨ ਕਰੇਗਾ ਤੇ ਉਨ੍ਹਾਂ ਦੀ ਸਲਾਹ ਨਾਲ ਹੀ ਹੋਰ ਸਾਰੇ ਫੈਸਲੇ ਕਰੇਗਾ। ਉਨ੍ਹਾਂ ਪੁਛਿਆ ਕਿ ਕੀ ਇਹ ਦਾਅਵੇ ਖੋਖਲੇ ਅਤੇ ਹਾਸੋਹੀਣੇ ਨਹੀਂ? ਜਦਕਿ ਹਰ ਕੋਈ ਜਾਣਦਾ ਹੈ ਕਿ ਛੋਟੇ ਤੇ ਵੱਡੇ ਬਾਦਲ ਵਲੋਂ ਨਰੇਂਦਰ ਮੋਦੀ ਦੀਆਂ ਤਾਰੀਫਾਂ ਦੇ ਪੁਲ ਬਨ੍ਹੇ ਜਾਣ ਦੇ ਬਾਵਜੂਦ ਉਹ ਉਸ ਪਾਸੋਂ ਗੁਜਰਾਤ ਵਿਚੋਂ ਸਿੱਖਾਂ ਨੂੰ ਉਜਾੜਨ ਲਈ ਉਸਦੀ ਸਰਕਾਰ ਵਲੋਂ ਸੁਪ੍ਰੀਮ ਕੋਰਟ ਵਿੱਚ ਕੀਤੀ ਗਈ ਹੋਈ ਪਟੀਸ਼ਨ ਵਾਪਸ ਲੈਣ ਦਾ ਵਾਇਦਾ ਤਕ ਨਹੀਂ ਲੈ ਸਕੇ। ਸ. ਸਰਨਾ ਨੇ ਕਿਹਾ ਕਿ ਪੰਜਾਬ ਵਾਸੀ ਜਾਣਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਦਾ ਬੀਤੇ ਦਾ ਇਤਿਹਾਸ ਗੁਆਹ ਹੈ ਕਿ ਜਦੋਂ ਵੀ ਭਾਜਪਾ ਦੀ ਅਗਵਾਈ ਵਿੱਚ ਸਰਕਾਰ ਬਣੀ ਤੇ ਉਹ ਉਸ ਵਿੱਚ ਭਾਈਵਾਲ ਬਣੇ, ਉਨ੍ਹਾਂ ਪੰਜਾਬ ਜਾਂ ਸਿੱਖਾਂ ਦੇ ਮਸਲੇ ਹਲ ਕਰਵਾਣ ਲਈ ਦਬਾਉ ਬਣਾਣ ਦੀ ਬਜਾਏ, ਆਪਣੇ ਚਹੇਤਿਆਂ ਜਾਂ ਆਪਣੇ ਸਾਹਿਬਜ਼ਾਦੇ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕਰਵਾਣ ਲਈ ਹੀ ਜ਼ੋਰ ਲਾਇਆ, ਇਹ ਕਾਰਣ ਹੈ ਕਿ ਹੁਣ ਵੀ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਜੇ ਕੇਂਦਰ ਵਿੱਚ ਮੋਦੀ ਸਰਕਾਰ ਬਣਦੀ ਹੈ ਤਾਂ ਉਨ੍ਹਾਂ ਦਾ ਸਾਰਾ ਜ਼ੋਰ ਹਰਸਿਮਰਤ ਕੌਰ (ਜੇ ਉਹ ਜਿਤ ਜਾਂਦੀ ਹੈ) ਨੂੰ ਹੀ ਮੰਤਰੀ ਬਣਾਉਣ ਤੇ ਹੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇ ਨਰੇਦਰ ਮੋਦੀ ਦੀ ਸਰਕਾਰ ਬਣਦੀ ਹੈ ਤਾਂ ਉਸਦਾ ਵਿਸ਼ਵਾਸ ਪਾਤਰ ਅਮਿਤ ਸ਼ਾਹ ਹੀ ਉਪ-ਪ੍ਰਧਾਨ ਮੰਤਰੀ ਹੋਵੇਗਾ ਨਾ ਕਿ ਅਰੁਣ ਜੇਤਲੀ। ਉਨ੍ਹਾਂ ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਨਾ ਤਾਂ ਅਰੁਣ ਜੇਤਲੀ ਨੂੰ ਅਤੇ ਨਾ ਹੀ ਅੰਮ੍ਰਿਤਸਰ ਦੇ ਲੋਕਾਂ ਨੂੰ ਸ. ਬਾਦਲ ਵਲੋਂ ਪਾਏ ਜਾ ਰਹੇ ਭੁਲੇਖਿਆਂ ਦਾ ਸ਼ਿਕਾਰ ਹੋਣਾ ਚਾਹੀਦਾ ਹੈ।