ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਕਚਹਿਰੀ ਵਿੱਚ ਖੜਿਆਂ ਕਰਦਿਆਂ ਤਿਖੇ ਸ਼ਬਦਾਂ ਨਾਲ ਸਵਾਲ ਉਠਾਇਆ ਤੇ ਕਿਹਾ ਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਕਾਂਗਰਸ ਅਗਵਾਈ ਵਾਲੀ ਯੂਪੀਏ ਸਰਕਾਰ ਦੇ 10 ਸਾਲਾ ਕਾਰਜ ਕਾਲ ਦੌਰਾਨ ਪੰਜਾਬ ਤੋਂ ਕਾਂਗਰਸ ਦੇ 8 ਲੋਕ ਸਭਾ ਮੈਂਬਰਾਂ ’ਚੋ 4 ਕੇਂਦਰੀ ਮੰਤਰੀ ਬਣ ਸਤਾ ਦਾ ਅਨੰਦ ਮਾਣਨ ਦੇ ਬਾਵਜੂਦ ਸਿਵਾਏ ਇੱਕ ਐੱਫ ਐੱਮ ਚੈਨਲ ਚਲਾਉਣ ਦੇ ਪੰਜਾਬ ਜਾਂ ਅੰਮ੍ਰਿਤਸਰ ਲਈ ਕੋਈ ਇੱਕ ਪ੍ਰਾਜੈਕਟ ਵੀ ਮਨਜ਼ੂਰ ਕਰਾਇਆ ਹੋਵੇ ਤਾਂ ਉਹ ਦੱਸਿਆ ਜਾਵੇ ?
ਸਾਂਝੇ ਬਿਆਨ ਵਿੱਚ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਪਸ਼ੂ ਪਾਲਣ ਮੰਤਰੀ ਸ: ਗੁਲਜ਼ਾਰ ਸਿੰਘ ਰਣੀਕੇ, ਸੰਸਦੀ ਸਕੱਤਰ ਸ: ਇੰਦਰਬੀਰ ਸਿੰਘ ਬੁਲਾਰੀਆ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ: ਵੀਰ ਸਿੰਘ ਲੋਪੋਕੇ, ਜ਼ਿਲ੍ਹਾ ਪ੍ਰਧਾਨ ਸ: ਉਪਕਾਰ ਸਿੰਘ ਸੰਧੂ ਨੇ ਗੰਭੀਰਤਾ ਨਾਲ ਦੂਜਾ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਤੋਂ ਲੋਕਾਂ ਨੇ ਪਿਛਲੀ ਵਾਰ ਕਾਂਗਰਸ ਦੇ 8 ਮੈਂਬਰ ਪਾਰਲੀਮੈਂਟ ਆਪਣੀ ਵਕਾਲਤ ਲਈ ਚੁਣ ਕੇ ਭੇਜੇ ਸਨ ਪਰ ਉਹਨਾਂ ਨੇ ਗੂੰਗੇ ਤੋਤੇ ਬਣ ਕੇ ਬੈਠੇ ਰਹਿਣ ਤੋਂ ਇਲਾਵਾ ਪੰਜਾਬ ਦੇ ਲੋਕ ਦੇ ਹਿੱਤਾਂ ਲਈ ਕਿਹੜੀ ਕੋਈ ਆਵਾਜ਼ ਉਠਾਈ ਹੈ ? ਕੀ ਉਹ ਆਵਾਜ਼ ਬੁਲੰਦ ਕਰ ਸਕਣ ਤੋਂ ਪੂਰੀ ਤਰਾਂ ਨਾਕਾਮ ਨਹੀਂ ਰਹੇ? ਜਦੋਂ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਜਦ ਵੀ ਦਿੱਲੀ ਗਏ ਵੱਖ ਵੱਖ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰ ਕੇ ਪੰਜਾਬ ਲਈ ਕੁੱਝ ਨਾ ਕੁੱਝ ਲੈ ਕੇ ਆਉਂਦੇ ਰਹੇ। ਉੱਥੇ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਅਕਾਲੀ ਦਲ ਦੇ ਸਾਂਸਦ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਪੈਰਵਾਈ ਨੂੰ ਆਪਣਾ ਮੁਢਲਾ ਫਰਜ਼ ਸਮਝ ਕੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਆਵਾਜ਼ ਉਠਾਉਂਦੇ ਰਹੇ ਹਨ।
ਉਹਨਾਂ ਤੀਜੇ ਸਵਾਲ ’ਚ ਕੈਪਟਨ ਅਮਰਿੰਦਰ ਨੂੰ ਪੁੱਛਿਆ ਕਿ ਅੰਮ੍ਰਿਤਸਰ ਦੇ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਜਦ ਕਿ ਕੇਂਦਰ ਦੀ ਤੁਹਾਡੀ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ, ਸਰਹੱਦੀ ਏਰੀਆ ਦੇ ਲੋਕਾਂ ਅਤੇ ਪੰਜਾਬ ਦੀ ਸਨਅਤ ਨੂੰ ਅਖੋ ਪਰੋਖੇ ਕਰਕੇ ਗੁਆਂਢੀ ਪਹਾੜੀ ਰਾਜਾਂ ਨੂੰ ਸਨਅਤੀ ਰਿਆਇਤਾਂ ਜਾਰੀ ਰੱਖੀਆਂ ਹੋਣ ?
ਅਕਾਲੀ ਆਗੂਆਂ ਨੇ ਚੌਥਾ ਸਵਾਲ ਦਾਗ ਦਿਆਂ ਕਿਹਾ ਕਿ ਕੀ ਉਹ ਹੁਣ ਅੰਮ੍ਰਿਤਸਰ ਵਾਸੀਆਂ ਨੂੰ ਠਗਣਾ ਚਾਹੁੰਦੇ ਹਨ ? ਉਹਨਾਂ ਕਿਹਾ ਕਿ ਦਿੱਲੀ ਦੇ ਲੋਕ ਪਿਛਲੀ ਵਾਰ ਉੱਥੇ ਕਾਂਗਰਸ ਦੀ ਸਰਕਾਰ ਬਣਾ ਕੇ ਆਪਣੇ ਆਪ ਨੂੰ ਠਗਿਆ ਠਗਿਆ ਮਹਿਸੂਸ ਕਰਦੇ ਰਹੇ, ਜਿਸ ਕਰਕੇ ਉਹਨਾਂ ਇਸ ਵਾਰ ਕਾਂਗਰਸ ਦਾ ਦਿੱਲੀ ਤੋਂ ਪੂਰੀ ਤਰਾਂ ਬਿਸਤਰਾ ਗੋਲ ਕਰਦਿਤਾ।
ਪੰਜਵੇਂ ਸਵਾਲ ’ਚ ਅਕਾਲੀ ਆਗੂਆਂ ਨੇ ਕਿਹਾ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਪਾਣੀ ਬੰਦ ਕਰਾ ਦਿੱਤੀ, ਗਰੀਬ ਵਰਗ ਨੂੰ ਦਿੱਤਿਆਂ ਜਾ ਰਹੀਆਂ ਸਹੂਲਤਾਂ ਬੰਦ ਕਰਾ ਦਿੱਤੀਆਂ ਅਤੇ ਸਰਕਾਰੀ ਨੌਕਰੀਆਂ ਦੀ ਭਰਤੀ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ, ਹੁਣ ਕਿਹੜਾ ਨਵਾਂ ਏਜੰਡਾ ਲੈ ਕੇ ਆਏ ਹੋ?
ਅਕਾਲੀ ਆਗੂਆਂ ਨੇ ਕਿਹਾ ਕਿ ਲੋਕਾਂ ਨੇ ਕੇਂਦਰ ਵਿੱਚ ਐਨ ਡੀ ਏ ਸਰਕਾਰ ਲਿਆਉਣ ਦਾ ਪੂਰਾ ਮਨ ਬਣਾ ਲਿਆ ਹੈ। ਉਹਨਾਂ ਕਿਹਾ ਕਿ ਐਨ ਡੀ ਏ ਦੀ ਸਰਕਾਰ ਆਉਣ ’ਤੇ ਪੰਜਾਬ ਦੀ ਇੰਡਸਟਰੀ , ਵਪਾਰ ਅਤੇ ਪੰਜਾਬ ਦਾ ਮੁਢਲੇ ਢਾਂਚੇ ਦੀ ਹੋਰ ਬੇਹਤਰ ਉੱਸਾਰੀ ਕੇਂਦਰੀ ਫੰਡਾਂ ਨਾਲ ਕਰਾਇਆ ਜਾਵੇਗਾ ਅਤੇ ਪੰਜਾਬ ਦੇ ਕਿਸਾਨਾਂ ਤੇ ਇੰਡਸਟਰੀ ਨੂੰ ਵਿਸ਼ੇਸ਼ ਪੈਕੇਜ ਲਿਆ ਕੇ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵੀ ਆ ਕੇ ਚੋਣ ਲੜ ਲੈਣ ਫਿਰ ਵੀ ਲੋਕ ਅਕਾਲੀ ਭਾਜਪਾ ਦੇ ਉਮੀਦਵਾਰ ਨੂੰ ਜਿਤਾ ਕੇ ਭੇਜਣਗੇ। ਕਿਉਂਕਿ ਉਹਨਾਂ ਕਾਂਗਰਸ ਦੇ ਮਹਾਂ ਘੋਟਾਲੇ ਅਤੇ ਅਕਾਲੀ ਭਾਜਪਾ ਦੇ ਵਿਕਾਸ ਮੁਖੀ ਕਾਰਜਕਾਲ ਨੂੰ ਵੇਖ ਪਰਖ ਲਿਆ ਹੈ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਨੇ ਰਾਜ ਵਿੱਚ ਵਿਕਾਸ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਦੇਣ ਲਈ ਕੰਮ ਕੀਤਾ ਜਿਸ ਕਰਕੇ ਪੰਜਾਬ ਸਰਹੱਦੀ ਸੂਬਾ ਹੋਣ ਦੇ ਬਾਵਜੂਦ ਸਭ ਤੋਂ ਵਧ ਅਮਨ ਪਸੰਦ ਰਾਜ ਰਿਹਾ।