ਨਵੀਂ ਦਿੱਲੀ- ਭਾਜਪਾ ਦੇ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਮੋਦੀ ਦੀ ਤਾਨਾਸ਼ਾਹੀ ਨੀਤੀ ਲੋਕਸਭਾ ਚੋਣਾਂ ਲਈ ਪਾਰਟੀ ਵੱਲੋਂ ਉਮੀਦਵਾਰਾਂ ਦੀ ਚੋਣ ਕਰਨ ਵਿੱਚ ਸਾਫ ਝਲਕ ਰਹੀ ਹੈ। ਜੋ ਉਮੀਦਵਾਰ ਚੋਣਾਂ ਤੋਂ ਬਾਅਦ ਮੋਦੀ ਦੇ ਰਾਹ ਵਿੱਚ ਰੋੜਾ ਅਟਕਾ ਸਕਦੇ ਹਨ,ਉਨ੍ਹਾਂ ਨੂੰ ਪਹਿਲਾਂ ਹੀ ਖੁੱਡੇ ਲਾਈਨ ਲਗਾ ਦਿੱਤਾ ਗਿਆ ਹੈ।
ਮੋਦੀ ਆਪਣੀ ਹੀ ਪਾਰਟੀ ਅੰਦਰ ਪਿੱਛਲੇ ਕਈ ਮਹੀਨਿਆਂ ਤੋਂ ਆਪਣੇ ਵਿਰੋਧੀਆਂ ਨੂੰ ਕਿਨਾਰੇ ਲਗਾਉਣ ਦੀ ਯੋਜਨਾ ਬਣਾ ਰਹੇ ਸਨ, ਪਰ ਹੁਣ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੇ ਉਸ ਦੀ ਯੋਜਨਾ ਸੱਭ ਦੇ ਸਾਹਮਣੇ ਆ ਗਈ ਹੈ। ਜਸਵੰਤ ਸਿੰਘ ਅਤੇ ਹਰਿਨ ਪਾਠਕ ਵਰਗੇ ਨੇਤਾਵਾਂ ਦੇ ਲਾਲ ਕ੍ਰਿਸ਼ਨ ਅਡਵਾਨੀ ਅਤੇ ਸੁਸ਼ਮਾ ਸਵਰਾਜ ਦੇ ਖੇਮੇ ਵਿੱਚ ਸ਼ਾਮਿਲ ਹੋ ਜਾਣ ਦੀ ਉਮੀਦ ਸੀ, ਇਸੇ ਕਰਕੇ ਉਨ੍ਹਾਂ ਨੂੰ ਟਿਕਟ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਹੈ। ਕੁਝ ਨੇਤਾ ਮੋਦੀ ਤੋਂ ਡਰਦੇ ਉਸ ਨਾਲ ਚੱਲਣ ਲਈ ਮਜ਼ਬੂਰ ਹੋ ਗਏ। ਅਡਵਾਨੀ ਦੇ ਕੁਝ ਸਮਰਥੱਕਾਂ ਨੇ ਪਹਿਲਾਂ ਹੀ ਮੋਦੀ ਦੀ ਚਾਲ ਨੂੰ ਸਮਝ ਲਿਆ ਸੀ ਅਤੇ ਉਨ੍ਹਾਂ ਨੇ ਪਹਿਲਾਂ ਹੀ ਪਾਲਾ ਬਦਲ ਲਿਆ ਸੀ। ਜਿਨ੍ਹਾਂ ਤੋਂ ਉਸ ਨੂੰ ਖਤਰਾ ਸੀ, ਊਨ੍ਹਾਂ ਨੂੰ ਰਾਜਨੀਤਕ ਤੌਰ ਤੇ ਸ਼ਕਤੀਹੀਣ ਕਰ ਦਿੱਤਾ ਗਿਆ ਹੈ। ਪਾਰਟੀ ਦੇ ਕੁਝ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਨਾਲ ਬੀਜੇਪੀ ਨੂੰ ਆਉਣ ਵਾਲੇ ਸਮੇਂ ਵਿੱਚ ਨੁਕਸਾਨ ਹੋਵੇਗਾ। ਇੱਕ ਆਦਮੀ ਦੇ ਹੱਥ ਵਿੱਚ ਪਾਰਟੀ ਦੀ ਸਾਰੀ ਤਾਕਤ ਦੇਣਾ ਸਹੀ ਸਾਬਿਤ ਨਹੀਂ ਹੋਵੇਗਾ।