ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਲਈ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਬਤੌਰ ਵਿਧਾਇਕ ਉਹਨਾਂ ਵਲੋਂ ਵਿਧਾਨ ਸਭਾ ਵਿਚ ਲਗਾਈ ਗਈ ਹਾਜ਼ਰੀ ਅਤੇ ਨਿਭਾਏ ਗਏ ਪਾਰਲੀਮਾਨੀ ਰੋਲ ’ਤੇ ਗੰਭੀਰ ਸਵਾਲ ਉਠਾਏ ਹਨ।
ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਪਸ਼ੂ ਪਾਲਣ ਮੰਤਰੀ ਸ: ਗੁਲਜ਼ਾਰ ਸਿੰਘ ਰਣੀਕੇ, ਸੰਸਦੀ ਸਕੱਤਰ ਸ: ਇੰਦਰਬੀਰ ਸਿੰਘ ਬੁਲਾਰੀਆ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ: ਵੀਰ ਸਿੰਘ ਲੋਪੋਕੇ, ਜ਼ਿਲ੍ਹਾ ਪ੍ਰਧਾਨ ਸ: ਉਪਕਾਰ ਸਿੰਘ ਸੰਧੂ ਨੇ ਅੱਜ ਅਕਾਲੀ ਵਰਕਰਾਂ ਦੀ ਸਥਾਨਕ ਫਤਹਿਗੜ੍ਹ ਚੂੜੀਆਂ ਰੋਡ ‘ਤੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਪਟਨ ’ਤੇ ਨਿਸ਼ਾਨਾ ਸਾਧ ਕੇ ਉਹਨਾਂ ਦੀ ਤੁਲਨਾ ਅੰਮ੍ਰਿਤਸਰ ਤੋਂ ਅਕਾਲੀ – ਬੀਜੇਪੀ ਦੇ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਨਾਲ ਕਰਨ ਸਮੇਂ ਸ੍ਰੀ ਜੇਤਲੀ ਦੀ ਲਿਆਕਤ ਤੇ ਕਾਬਲੀਅਤ ਦੇ ਮੁਕੳਬਲੇ ਕੈਪਟਨ ਨੂੰ ਗ਼ੈਰ-ਜ਼ਿੰਮੇਵਾਰ ਸਿਆਸੀ ਆਗੂ ਕਰਾਰ ਦਿੱਤਾ। ਆਗੂਆਂ ਨੇ ਸ੍ਰੀ ਅਰੁਣ ਜੇਤਲੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸ੍ਰੀ ਜੇਤਲੀ ਨੇ ਪਾਰਲੀਮੈਂਟ ਵਿਚ ਲੋਕ ਮਸਲਿਆਂ ਨੂੰ ਬਾ-ਦਲੀਲ ਅਤੇ ਸੰਜੀਦਗੀ ਨਾਲ ਉਠਾਉਣ ਬਦਲੇ ਇਸ ਸਾਲ ‘‘ਸਰਵੋਤਮ ਸਾਂਸਦੂ ਹਾਸਲ ਕੀਤਾ ਅਤੇ ਕਦੇ ਕਿਸੇ ਦੇ ਦਿਲ ਨੂੰ ਦੁਖਾਉਣ ਵਰਗੇ ਗ਼ੈਰ-ਪਾਰਲੀਮਾਨੀ ਸ਼ਬਦਾਂ ਦੀ ਕਦੀ ਵਰਤੋਂ ਨਹੀਂ ਕੀਤੀ। ਉਥੇ ਕੈਪਟਨ ਬਤੌਰ ਵਿਧਾਇਕ ਵਿਧਾਨ ਸਭਾ ਵਿਚ ਗੈਰ ਹਾਜਰੀ ਦਾ ਰਿਕਾਰਡ ਬਣਾਉਣ ਵਿਚ ਲਗੇ ਰਹੇ ਅਤੇ ਲੋਕ ਮਸਲਿਆਂ ਨੂੰ ਉਠਾਉਣ ਪ੍ਰਤੀ ਸੰਜੀਦਗੀ ਦੀ ਥਾਂ ਉਹਨਾਂ ਦੀ ਭਾਸ਼ਾਂ ਹਮੇਸ਼ਾਂ ‘‘ਫੱਟੇ ਚੱਕ ਦਿਆਂਗੇ’’ ਵਰਗੀ ਗ਼ੈਰ-ਮਿਆਰੀ ਤੇ ਗ਼ੈਰ-ਪਾਰਲੀਮਾਨੀ ਰਹੀ। ਹਾਲਾਂਕਿ ਪੰਜਾਬ ਦੇ ਲੋਕਾਂ ਨੇ ਪਿਛਲੀ 2007 ਅਤੇ ਇਸ ਵਾਰ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਤਮਾਮ ਚੋਣਾਂ ਦੌਰਾਨ ਕੈਪਟਨ ਨਾਲ ਹਿਸਾਬ ਚੁਕਤਾ ਕਰ ਦਿੱਤਾ ਸੀ। ਅਕਾਲੀ ਆਗੂਆਂ ਨੇ ਕਿਹਾ ਕਿ ਕੈਪਟਨ ਨੇ ਜਦ 1992-93 ਲਈ ਸਮਾਣਾ ਹਲਕੇ ਦੀ ਨੁਮਾਇੰਦਗੀ ਕੀਤੀ ਤਾਂ ਉਹਨਾਂ ਇਕ ਵਾਰ ਸਹੁੰ ਚੁਕਣ ਤੋਂ ਇਲਾਵਾ ਦੂਜੀ ਵਾਰ ਜਦ ਵਿਧਾਨ ਸਭਾ ਵਿਚ ਪ੍ਰਵੇਸ਼ ਕੀਤਾ ਤਾਂ ਉਸ ਸਮੇ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਵਿਅੰਗ ਨਾਲ ‘‘ਜੋਗੀ ਉਤਰ ਪਹਾੜੋਂ ਆਇਆ’’ ਕਹਿਣਾ ਪਿਆ ਸੀ।
ਅਕਾਲੀ ਆਗੂਆਂ ਨੇ ਆਪਣੇ ਭਾਸ਼ਨਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਵਿਧਾਨ ਸਭਾ ਦਾ ਪਿਛਲੇ ਸੱਤ ਸਾਲਾਂ ਦਾ ਹਿਸਾਬ ਰੱਖਦਿਆਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਕੈਪਟਨ ਨੂੰ ਜੇ ਪਟਿਆਲੇ ਦੀ ਨੁਮਾਇੰਦਗੀ ਦੀ ਜਿੰਮੇਵਾਰੀ ਸੌਂਪੀ ਗਈ ਤਾਂ ਉਹਨਾਂ ਨੂੰ ਵਿਧਾਨ ਸਭਾ ਦੀ ਵਿਸ਼ੇਸ਼ ਕਮੇਟੀ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਸਤੰਬਰ 2008 ਤੋਂ 2010 ਤਕ ਲਈ ਵਿਧਾਨ ਸਭਾ ਤੋਂ ਬਾਹਰ ਦਾ ਰਸਤਾ ਦਿਖਾਈ ਰਖਿਆ। ਕੈਪਟਨ ਨੇ ਪਿਛਲੇ 5 ਸਾਲਾਂ ਦੌਰਾਨ 49 ਬੈਠਕਾਂ ਹੋਈਆਂ ਪਰ ਕੈਪਟਨ ਸਿਰਫ 9 ਵਾਰ ਅਤੇ ਇਸ ਮੌਜੂਦਾ ਸਦਨ ਦੇ ਦੋ ਸਾਲਾਂ ਵਿੱਚ 39 ਮੀਟਿੰਗਾਂ ਦੌਰਾਨ ਸਿਰਫ 3 ਵਾਰ ਹੀ ਵਿਧਾਨ ਸਭਾ ਵਿਚ ਆਪਣੀ ਸ਼ਕਲ ਦਿਖਾਈ। ਅਜਿਹੀ ਸਥਿਤੀ ਵਿਚ ਕੈਪਟਨ ਅਮਰਿੰਦਰ ਸਿੰਘ ਦੱਸੇ ਕਿ ਉਹ ਅਮ੍ਰਿਤਸਰ ਦੇ ਲੋਕਾਂ ਦੀ ਲੋਕ ਸਭਾ ਵਿਚ ਨੁਮਾਇੰਦਗੀ ਕਰਨ ਦੇ ਕਾਬਲ ਕਿਵੇਂ ਹਨ? ਕੈਪਟਨ ਵੱਲੋਂ ਉਹਨਾਂ ਦਾ ਨਿਊ ਮੋਤੀ ਮਹਿਲ ਵਿਖੇ ਸਿਆਸੀ ਦਫਤਰ ਹਫਤੇ ਦੇ ਸੱਤੇ ਦਿਨ ਸਵੇਰ ਤੋਂ ਰਾਤ ਦੇ ਅ¤ਠ ਵਜੇ ਤਕ ਖੁਲ੍ਹੇ ਹੋਣ ਦੇ ਦਾਅਵੇ ’ਤੇ ਟਿਪਣੀ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਅਸਲੀਅਤ ਬਾਰੇ ਗੁੰਮਰਾਹ ਕਰਨ ਤੇ ਝੂਠ ਬੋਲਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਕਿਉਂ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਕੈਪਟਨ ਆਪਣੇ ਰਾਜ ਦੌਰਾਨ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੀ ਮਿਲਣ ਲਈ ਟਾਈਮ ਨਹੀਂ ਸਨ ਦਿੰਦੇ। ਅਜਿਹਾ ਹੀ ਹਾਲ ਉਹਨਾਂ ਦੇ ਪੰਜਾਬ ਕਾਂਗਰਸ ਪ੍ਰਧਾਨ ਰਹਿਣ ਦੌਰਾਨ ਦੇਖਿਆ ਗਿਆ ਜਿਸ ਕਾਰਨ ਉਸ ਦੀ ਪ੍ਰਧਾਨਗੀ ਵੀ ਖੁੱਸ ਗਈ ਸੀ। ਅਜਿਹੇ ਇਖਲਾਕ ਦੇ ਮਾਲਕ ਕੈਪਟਨ ਅਮ੍ਰਿਤਸਰ ਦੇ ਲੋਕਾਂ ਨੂੰ ਕਿੱਥੇ ਮਿਲਿਆ ਕਰਨਗੇ ?