ਤਲਵੰਡੀ ਸਾਬੋ – ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਇਕ ਸਮਾਗਮ ਬੀਤੇ ਦਿਨ ਯੂਨੀਵਰਸਿਟੀ ਕਾਲਜ ਆਫ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਕੀਤਾ ਗਿਆ। ਇਸ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਸ਼੍ਰੀ ਸਤੀਸ਼ ਗੋਸਵਾਮੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ । ਇਸ ਸਮਾਗਮ ਦਾ ਉਦੇਸ਼ ਇਸ ਇਤਿਹਾਸਕ ਦਿਨ ਦੇ ਅਜੋਕੇ ਮਹੱਤਵ ਸਬੰਧੀ ਵਿਦਿਆਰਥੀਆਂ ਨੂੰ ਜਾਗਰਿਤ ਕਰਨਾ ਸੀ । ਸਮਾਗਮ ਦਾ ਆਰੰਭ ਐਮ. ਫਿਲ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ ਅਤੇ ਮਨਜਿੰਦਰ ਕੌਰ ਦੀਆਂ ਕਵਿਤਾਵਾਂ ਨਾਲ ਹੋਇਆ । ਰਜਿਸਟਰਾਰ ਸਤੀਸ਼ ਗੋਸਵਾਮੀ ਹੋਰਾਂ ਨੇ ਅੱਜ ਦੇ ਸਮੇਂ ਵਿਚ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਸ਼ਹਾਦਤ ਦੀ ਪ੍ਰਸੰਗਿਕਤਾ ਸਬੰਧੀ ਭਾਵਪੂਰਤ ਗੱਲਾਂ ਕੀਤੀਆਂ । ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਜਗਵਿੰਦਰ ਜੋਧਾ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ-ਫਲਸਫੇ ਅਤੇ ਵਿਚਾਰਧਾਰਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਕਿਹਾ । ਕਾਲਜ ਪ੍ਰਿੰਸੀਪਲ ਡਾ. ਏ.ਕੇ. ਕਾਂਸਲ ਨੇ ਭਵਿੱਖ ਵਿਚ ਅਜਿਹੇ ਸਮਾਗਮਾਂ ਪ੍ਰਤੀ ਵਚਨਬੱਧਤਾ ਪ੍ਰਗਟ ਕੀਤੀ । ਸਮਾਗਮ ਦੀ ਸਮੁੱਚੀ ਕਾਰਵਾਈ ਪ੍ਰੋ. ਸ਼ਿੰਗਾਰਾ ਸਿੰਘ ਨੇ ਚਲਾਈ । ਇਸ ਮੌਕੇ ਭਾਰੀ ਗਿਣਤੀ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਦਰਜ ਕੀਤੀ ਗਈ ।
ਗੁਰੂ ਕਾਸ਼ੀ ਯੂਨੀਵਰਸਿਟੀ ‘ਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ
This entry was posted in ਪੰਜਾਬ.