ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸਾਂਝੀਵਾਲਤਾ ਦੇ ਭਲੇ ਲਈ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ । ਯੂਨੀਵਰਸਿਟੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਆਯੋਜਿਤ ਇਸ ਕੈਂਪ ਦੌਰਾਨ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ । ਇਸ ਬਾਰੇ ਜਾਣਕਾਰੀ ਵਧਾਉਦਿਆਂ ਵਿਦਿਆਰਥੀ ਗੁਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਗਠਤ ਕੀਤੀ ਗਈ ਜਥੇਬੰਦੀ “ਸ਼ੋਸ਼ਲ ਵਰਕਰਜ਼ ਐਸੋਸੀਏਸ਼ਨ” ਵੱਲੋਂ ਹਰ ਵਰ੍ਹੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ । ਇਸ ਸਾਲ ਇਹ ਚੌਥਾ ਖੂਨਦਾਨ ਕੈਂਪ ਸੀ ਜਿਸ ਤੋਂ 440 ਦੇ ਕਰੀਬ ਖੂਨ ਦੇ ਯੂਨਿਟ ਇਕੱਤਰ ਕੀਤੇ ਗਏ ਹਨ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਦਿਆਰਥੀਆਂ ਇਸ ਕਮੇਟੀ ਵੱਲੋਂ ਕੁਝ ਥਲਸੀਮੀਆਂ ਦੀ ਬੀਮਾਰੀ ਤੋਂ ਪ੍ਰਭਾਵਿਤ ਬੱਚਿਆ ਨੂੰ ਵੀ ਗੋਦ ਲਿਆ ਹੈ ਜਿਹਨਾਂ ਦੇ ਲਈ ਖੂਨ ਪ੍ਰਬੰਧ ਕਰਨ ਦਾ ਜਿੰਮਾਂ ਵੀ ਇਹ ਵਿਦਿਆਰਥੀ ਲੈਂਦੇ ਹਨ ।
ਉਦਘਾਟਨੀ ਸਮਾਰੋਹ ਤੇ ਵਿਸ਼ੇਸ਼ ਤੌਰ ਤੇ ਖੇਤੀਬਾੜੀ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ. ਮੰਗਲ ਸਿੰਘ ਸੰਧੂ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ । ਉਹਨਾਂ ਵਿਦਿਆਰਥੀਆਂ ਦੇ ਉੱਤਮ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਖੂਨਦਾਨ ਇੱਕ ਉੱਤਮ ਦਾਨ ਹੁੰਦਾ ਹੈ ਜਿਸ ਨਾਲ ਅਸੀਂ ਇਨਸਾਨੀ ਜ਼ਿੰਦਗੀ ਨੂੰ ਵੀ ਬਚਾ ਸਕਦੇ ਹਾਂ । ਇਸ ਮੌਕੇ ਖੇਤੀਬਾੜੀ ਵਿਭਾਗ ਦੇ ਪਸਾਰ ਮਾਹਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਵੀ ਇਹਨਾਂ ਵਿਦਿਆਰਥੀਆਂ ਦੇ ਇਸ ਪਵਿੱਤਰ ਕਾਰਜ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ । ਕੈਂਪ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ । ਇਹ ਉੱਦਮ ਵਿਸ਼ੇਸ਼ ਤੌਰ ਤੇ ਵਿਦਿਆਰਥੀ ਜਸਪ੍ਰੀਤ ਸਿੰਘ, ਗੁਰਬਖਸ਼ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਨਾਲ ਸਿੰਗਲਾ, ਬਲਕਰਨ ਸਿੰਘ, ਕੁਮਾਰੀ ਸੁਮੇਧਾ ਭੱਲਾ ਆਦਿ ਦੇ ਅਣਥੱਕ ਸਹਿਯੋਗ ਸਦਕਾ ਨੇਪਰੇ ਚੜ੍ਹ ਸਕਿਆ ।
ਪੰਜਾਬ ਐਗਰੀਕਲਚਲ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਵੱਲੋਂ ਖੂਨਦਾਨ ਕੈਂਪ ਆਯੋਜਿਤ
This entry was posted in ਖੇਤੀਬਾੜੀ.