ਲੁਧਿਆਣਾ,( ਪ੍ਰੀਤੀ ਸ਼ਰਮਾ):ਜਿਲਾ ਮੈਜਿਸਟਰੇਟ ਲੁਧਿਆਣਾ ਸ੍ਰੀ ਰਜਤ ਅਗਰਵਾਲ ਨੇ ਸੀ.ਆਰ.ਪੀ.ਸੀ ਦੀ ਧਾਰਾ 144 ਜਾਬਤਾ 1973 ਅਧੀਨ ਜਿਲੇ ਵਿੱਚ ਹੁੱਕਾ-ਬਾਰਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ ਕਿਸੇ ਵੀ ਰੈਸਟੋਰੈਂਟ/ਹੁੱਕਾ-ਬਾਰ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਹੁੱਕਾ ਸਰਵ ਨਹੀ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਹ ਹੁਕਮ ਸਾਰੇ ਲੁਧਿਆਣਾ ਜਿਲ੍ਹੇ ਅੰਦਰ ਸਮੇਤ ਨਗਰ ਨਿਗਮ, ਨਗਰ ਕੌਸਲਾਂ ਅਤੇ ਸਾਰੇ ਪਿੰਡਾਂ ਵਿੱਚ ਲਾਗੂ ਹੋਣਗੇ।ਉਨ੍ਹਾਂ ਦੱਸਿਆ ਕਿ ਜਿਹੜਾ ਵਿਅਕਤੀ ਇਹਨਾਂ ਹੁਕਮਾਂ ਦੀ ਉਲੰਘਣਾ ਕਰੇਗਾ, ਉਸ ਦੇ ਖਿਲਾਫ ਇੰਡੀਅਨ ਪੀਨਲ ਕੋਡ ਦੀ ਧਾਰਾ 188 ਅਧੀਨ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜਿਲਾ ਮੈਜਿਸਟਰੇਟ ਲੁਧਿਆਣਾ ਨੇ ਦੱਸਿਆ ਕਿ ਸਿਵਲ ਸਰਜਨ ਲੁਧਿਆਣਾ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਜਿਲ੍ਹੇ ਵਿੱਚ ਕਈ ਹੁੱਕਾ-ਬਾਰ ਚੱਲ ਰਹੇ ਹਨ, ਜੋ ਕਿ ਆਪਣੇ ਗਾਹਕਾਂ ਨੂੰ ਨਿਕੋਟੀਨ ਯੁਕਤ ਤੰਬਾਕੂ ਸਰਵ ਕਰਦੇ ਹਨ ਅਤੇ ਇਹ ਤੰਬਾਕੂ ਮਨੁੱਖੀ ਜੀਵਨ ਲਈ ਹਾਨੀਕਾਰਕ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਚੰਗੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ, ਸਕੂਲਾਂ ਅਤੇ ਕਾਲਜਾਂ ਵਿੱਚ ਜਾਂਦੇ ਨੌਜਵਾਨ ਅਤੇ ਛੋਟੇ ਬੱਚੇ ਇਸ ਭੈੜੀ ਆਦਤ ਦਾ ਸਿਕਾਰ ਨਾ ਹੋਣ, ਇਸ ਲਈ ਲੁਧਿਆਣਾ ਜਿਲ੍ਹੇ ਵਿੱਚ ਹੁੱਕਾ-ਬਾਰ ਤੇ ਪਾਬੰਦੀ ਲਗਾਈ ਗਈ ਹੈ।