ਗੁਰਚਰਨ ਪੱਖੋਕਲਾਂ
2014 ਦੀਆਂ ਹੋਣ ਵਾਲੀਆਂ ਚੋਣਾਂ ਤੇ ਭਾਰਤੀਆਂ ਦੀ ਹੀ ਨਹੀ ਬਲਕਿ ਸਮੁੱਚੇ ਵਿਸਵ ਦੇ ਲੋਕਾਂ ਦੀਆਂ ਨਜਰਾਂ ਟਿਕੀਆਂ ਹੋਈਆਂ ਹਨ । ਸਮੁੱਚਾ ਵਿਸਵ ਦੁਨੀਆਂ ਦੇ ਪੰਜਵੇਂ ਹਿੱਸੇ ਦੀ ਅਬਾਦੀ ਨੂੰ ਸੰਭਾਲਣ ਵਾਲੇ ਮੁਲਕ ਵਿੱਚ ਹੋਣ ਵਾਲੀ ਹਰ ਘਟਨਾਂ ਤੋਂ ਪਰਭਾਵਤ ਹੁੰਦਾਂ ਹੈ। ਦੁਨੀਆਂ ਦੇ ਵਿਕਸਿਤ ਮੁਲਕ ਵੀ ਦੁਨੀਆਂ ਦੇ ਵੱਡੇ ਬਜਾਰ ਭਾਰਤ ਦੀ ਇੰਹਨਾਂ ਚੋਣਾਂ ਤੋਂ ਬਾਦ ਬਣਨ ਵਾਲੀ ਸਰਕਾਰ ਵੱਲ ਨਜਰਾਂ ਟਿਕਾਈ ਬੈਠੇ ਹਨ। ਦਿਨੋਂ ਦਿਨ ਛਾਲਾਂ ਮਾਰਕੇ ਵੱਧਣ ਵਾਲੀ ਮਹਿੰਗਾਈ ਦੀ ਮਾਰ ਹੇਠ ਆਏ ਹੋਏ ਲੋਕਾਂ ਦੇ ਇਸ ਮੁਲਕ ਵਿੱਚ ਬਹੁਤ ਕੁੱਝ ਨਵੀਂ ਬਣਨ ਵਾਲੀ ਸਰਕਾਰ ਤੇ ਹੀ ਨਿਰਭਰ ਕਰੇਗਾ ਕਿ ਉਸਦੀਆਂ ਨੀਤੀਆਂ ਕੀ ਆਮ ਲੋਕਾਂ ਨੂੰ ਕੁੱਝ ਰਾਹਤ ਦੇਣਗੀਆਂ ਜਾਂ ਇਸ ਮੁਲਕ ਦਾ ਹੋਰ ਵੀ ਬੁਰਾ ਹਾਲ ਹੋ ਜਾਵੇਗਾ । ਵਰਤਮਾਨ ਯੁੱਗ ਮਸਨੀਕਰਨ ਤੇ ਵਿਸਵੀਕਰਨ ਦਾ ਯੁੱਗ ਹੈ ਜਿਸ ਵਿੱਚ ਭਾਰਤ ਦੇਸ ਨੂੰ ਵੀ ਸੰਸਾਰਕ ਵਰਤਾਰੇ ਦੇ ਅਨੁਸਾਰ ਹੀ ਚੱਲਣਾਂ ਪੈਣਾਂ ਹੈ। ਦੁਨੀਆਂ ਦੇ ਵਿਕਸਿਤ ਮੁਲਕ ਆਪਣਿਆਂ ਨੂੰ ਰਜਾਉਣ ਲਈ ਬਿਗਾਨੇ ਮੁਲਕਾਂ ਨੂੰ ਲੁੱਟਣ ਦੇ ਸਾਧਨ ਪੈਦਾ ਕਰ ਰਹੇ ਹਨ । ਕੀ ਭਾਰਤ ਦੇਸ ਦੀ ਸਰਕਾਰ ਆਪਣੇ ਲੋਕਾਂ ਨੂੰ ਥੋੜਾ ਰਾਹਤ ਦੇਣ ਲਈ ਦੂਸਰੇ ਮੁਲਕਾਂ ਨੂੰ ਤਕਨੀਕੀ ਸਮਾਨ ਵੇਚਣ ਦੇ ਯੋਗ ਹੋ ਸਕਦੀ ਹੈ ਜਾਂ ਪਹਿਲਾਂ ਦੀ ਤਰਾਂ ਬਾਹਰਲੇ ਮੁਲਕਾਂ ਤੋਂ ਖਰੀਦ ਕਰਨ ਲਈ ਹੀ ਮਜਬੂਰ ਬਣੀ ਰਹੇਗੀ। ਸੋ ਭਾਰਤ ਦੇਸ ਦੀ ਆਮਦਨ ਵਧਾਉਣ ਲਈ ਇਹੋ ਜਿਹੀ ਸਰਕਾਰ ਦੀ ਜਰੂਰਤ ਹੈ ਜੋ ਖੇਤੀਬਾੜੀ ਅਤੇ ਤਕਨੀਕੀ ਸਮਾਨ ਦੀ ਪੈਦਾਵਾਰ ਵਧਾ ਸਕੇ । ਭਾਰਤ ਦੇਸ ਦੇ ਲੋਕਾਂ ਅਤੇ ਸਰਕਾਰਾਂ ਦੀਆਂ ਲੋੜਾਂ ਵਾਲਾ ਸਮਾਨ ਦੇਸ ਵਿੱਚ ਹੀ ਪੈਦਾ ਕਰ ਸਕੇ ਜਿਸ ਨਾਲ ਵਿਦੇਸੀ ਅਮੀਰ ਲੋਟੂ ਮੁਲਕਾਂ ਤੇ ਨਿਰਭਰਤਾ ਘਟਾਈ ਜਾ ਸਕੇ । ਜਦ ਇਸ ਤਰਾਂ ਹੋਣ ਲੱਗੇਗਾ ਤਦ ਹੀ ਭਾਰਤ ਦੇਸ ਅਤੇ ਭਾਰਤੀਆਂ ਨੂੰ ਕੁੱਝ ਸੁੱਖ ਦਾ ਸਾਹ ਆਵੇਗਾ ।
ਭਾਰਤ ਦੇਸ ਦੇ ਹਰ ਖੇਤਰ ਵਿੱਚ ਜਿਸ ਤਰਾਂ ਵਿਦੇਸੀ ਮੁਲਕਾਂ ਦੀਆਂ ਵਿਦੇਸੀ ਕੰਪਨੀਆਂ ਹਰ ਖੇਤਰ ਵਿੱਚ ਆਪਣਾਂ ਕਬਜਾ ਜਮਾਈ ਜਾ ਰਹੀਆਂ ਹਨ ਬਹੁਤ ਹੀ ਖਤਰਨਾਕ ਵਰਤਾਰੇ ਦੇ ਸੰਕੇਤ ਹਨ। ਪੁਲਾੜ ਅਤੇ ਚੰਦਰਮਾਂ ਤੱਕ ਆਪਣੇ ਉੱਡਣ ਖਟੋਲੇ ਭੇਜਣ ਵਾਲਾ ਭਾਰਤ ਸੁਰੱਖਿਆ ਦੇ ਵਾਸਤੇ ਦੇਸ ਦੀ ਪੂੰਜੀ ਦਾ ਵੱਡਾ ਹਿੱਸਾ ਵਿਦੇਸਾਂ ਨੂੰ ਕਿਉਂ ਭੇਜ ਰਿਹਾ ਹੈ । ਜਦ ਦੇਸ ਦੀਆਂ ਕੰਪਨੀਆਂ ਚੰਦਰਮਾਂ ਤੱਕ ਭੇਜਣ ਦੇ ਸਾਧਨ ਪੈਦਾ ਕਰ ਸਕਦੀਆਂ ਹਨ ਤਦ ਉਹ ਦੇਸ ਦੀਆਂ ਫੌਜਾਂ ਲਈ ਵੀ ਸਾਰਾ ਸਮਾਨ ਤਿਆਰ ਕਰ ਸਕਦੀਆਂ ਹਨ । ਕਮਾਲ ਤਾਂ ਉਸ ਵਕਤ ਹੋ ਜਾਂਦੀ ਹੈ ਜਦ ਦੇਸ ਦੀ ਸਰਕਾਰ ਸਹੀਦ ਸੈਨਿਕਾਂ ਦੇ ਕੱਫਨ ਵੀ ਵਿਦੇਸਾਂ ਤੋਂ ਮੰਗਵਾਉਣ ਲਈ ਹੁਕਮ ਦਿੰਦੀ ਹੈ। ਜਦ ਫੌਜੀਆਂ ਦੇ ਬੂਟਾਂ ਤੋਂ ਵਰਦੀਆਂ ਤੱਕ ਵਿਦੇਸਾਂ ਤਂ ਮੰਗਵਾਏ ਜਾਣ ਤਦ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਹਨ ਕਿ ਕੀ ਰਾਕਟ ਤਕਨੀਕ ਤੱਕ ਪਹੁੰਚਣ ਵਾਲਾ ਭਾਰਤੀ ਉਦਯੋਗ ਏਨੀਆਂ ਛੋਟੀਆਂ ਆਮ ਵਰਤੋਂ ਦੀਆਂ ਵਸਤਾਂ ਵੀ ਕਿਉਂ ਨਹੀ ਪੈਦਾ ਕਰ ਰਿਹਾ । ਕੀ ਸਾਡੇ ਆਗੂ ਲੋਕ ਅਤੇ ਸੈਨਾਵਾਂ ਦੇ ਖਰੀਦ ਵਿਭਾਗ ਕਮਿਸਨ ਖਾਣ ਲਈ ਹੀ ਤਾਂ ਇਹੋ ਕੁੱਝ ਨਹੀਂ ਕਰਨ ਲੱਗ ਪਏ । ਸਾਡੇ ਉਦਯੋਗਾਂ ਨੂੰ ਬੂਟਾਂ , ਕੱਫਣਾਂ ਅਤੇ ਚੀਨੀ ਰਫਲਾਂ ਦੀ ਥਾਂ ਭਾਰਤੀ ਏਕੇ ਸੰਤਾਲੀਆਂ ਬਣਾਉਣ ਦੀ ਪੂਰੀ ਖੁੱਲ ਕਿਉਂ ਨਹੀਂ ਹੈ। ਵਿਦੇਸਾਂ ਦੀ ਰਹਿੰਦ ਖੂੰਹਦ ਅਤੇ ਪੁਰਾਣਾਂ ਸਮਾਨ ਖਰੀਦਣ ਦੀ ਬਜਾਇ ਭਾਰਤ ਦੇਸ ਵਿੱਚ ਹੀ ਉਦਯੋਗਾਂ ਨੂੰ ਇਹ ਸਮਾਨ ਪੈਦਾ ਕਰਨ ਦੀ ਖੁੱਲ ਦਿੱਤੀ ਜਾਣੀ ਚਾਹੀਦੀ ਹੈ। ਇਸ ਤਰਾਂ ਦੇ ਉਦਯੋਗ ਜਿੱਥੇ ਦੇਸ ਦੀਆਂ ਲੋੜਾਂ ਪੂਰੀਆਂ ਕਰ ਸਕਣਗੇ ਅਤੇ ਲੋਕਾਂ ਨੂੰ ਰੁਜਗਾਰ ਵੀ ਦੇਣਗੇ । ਮਹਿੰਗੇ ਮੁੱਲ ਵਿਕਣ ਵਾਲੇ ਇਸ ਤਰਾਂ ਦੇ ਸਮਾਨ ਨੂੰ ਵਿਦੇਸਾਂ ਨੂੰ ਭੇਜਕੇ ਦੇਸ ਦੇ ਖਜਾਨੇ ਭਰਨ ਦਾ ਕੰਮ ਵੀ ਕਰਨਗੇ । ਸੁਰੱਖਿਆ ਸੈਨਾਵਾਂ ਲਈ ਵਿਦੇਸਾਂ ਤੋਂ ਮਹਿੰਗੇ ਮੁੱਲ ਖਰੀਦਣ ਦੀ ਥਾਂ ਦੇਸ ਦੇ ਵਿੱਚ ਹੀ ਉਦਯੋਗ ਸਥਾਪਤ ਕਰਨ ਦੀ ਖੁੱਲ ਦੇਣੀ ਚਾਹੀਦੀ ਹੈ ।
ਸਭ ਤੋਂ ਵੱਧ ਭਾਰਤੀਆਂ ਨੂੰ ਰੋਜਗਾਰ ਦੇਣ ਵਾਲੀ ਖੇਤੀਬਾੜੀ ਨੂੰ ਉਤਸਾਹ ਦਿੱਤਾ ਜਾਣਾਂ ਚਾਹੀਦਾ ਹੈ । ਦੇਸ ਦੇ 40% ਲੋਕਾਂ ਦੇ ਰੋਜਗਾਰ ਦਾ ਸਾਧਨ ਖੇਤੀਬਾੜੀ ਦੀਆਂ ਫਸਲਾਂ ਦੀਆਂ ਕੀਮਤਾਂ ਵਧਾਉਣ ਦੀ ਥਾਂ ਇਸ ਤੇ ਹੋਣ ਵਾਲੇ ਖਰਚਿਆਂ ਤੇ ਸਬਸਿਡੀ ਦਿੱਤੀ ਜਾਣ ਦੀ ਨੀਤੀ ਤੇ ਕੰਮ ਕਰਨਾਂ ਚਾਹੀਦਾ ਹੈ। ਖੇਤੀਬਾੜੀ ਲਈ ਵਰਤੀਆਂ ਜਾਂਦੀਆਂ ਰਸਾਇਣਕ ਖਾਦਾਂ ਅਤੇ ਹੋਰ ਲੋੜੀਦੀਆਂ ਵਸਤਾਂ ਤੇ ਟੈਕਸ ਵਗੈਰਾ ਘਟਾਕੇ ਖੇਤੀ ਖਰਚਾ ਘਟਾਉਣਾਂ ਚਾਹੀਦਾ ਹੈ । ਖੇਤੀਬਾੜੀ ਨਾਲ ਸਬੰਧਤ ਰਸਾਇਣਕ ਅਤੇ ਤਕਨੀਕੀ ਸੰਦ ਦੇਸ ਵਿੱਚ ਹੀ ਤਿਆਰ ਕਰਨ ਦੀ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਜਿਸ ਨਾਲ ਖੇਤੀ ਲਾਗਤ ਖਰਚਾ ਘੱਟ ਕੀਤਾ ਜਾ ਸਕਦਾ ਹੈ । ਜਿਉਂ ਜਿਉਂ ਖੇਤੀ ਦਾ ਖਰਚਾ ਘੱਟਦਾ ਹੈ ਤਦ ਹੀ ਇਹ ਆਮ ਲੋਕਾਂ ਦੀ ਖਰੀਦ ਸਕਤੀ ਵਿੱਚ ਹੁੰਦੀ ਹੈ । ਸਸਤੇ ਖੇਤੀ ਉਤਪਾਦ ਹੀ ਵਿਦੇਸਾਂ ਦੀ ਮੰਡੀਂ ਵਿੱਚ ਮੁਕਾਬਲਾ ਕਰ ਪਾਉਂਦੇ ਹਨ । ਅਨਾਜ ਭੰਡਾਰਾਂ ਵਿੱਚ ਸਾੜਨ ਦੀ ਬਜਾਇ ਖੁੱਲੀ ਮੰਡੀ ਵਿੱਚ ਵਿਕਦਾ ਅਨਾਜ ਹੀ ਦੇਸ ਦੇ ਲਈ ਅਤੇ ਕਿਸਾਨਾਂ ਦੇ ਲਈ ਸਹਾਇਕ ਹੁੰਦਾਂ ਹੈ । ਜਿਹੜੀ ਸਰਕਾਰ ਦੇਸ ਦੇ ਆਮ ਲੋਕਾਂ ਨੂੰ ਰੋਜਗਾਰ ਦੇਣ ਵਾਲੇ ਦੇਸ ਦੇ ਆਮ ਧੰਦਿਆਂ ਦਾ ਵਿਕਾਸ ਕਰੇਗੀ ਉਹ ਜਰੂਰ ਹੀ ਦੇਸ ਦੇ ਆਮ ਲੋਕਾਂ ਵਿੱਚ ਹਰਮਨ ਪਿਆਰੀ ਹੋਵੇਗੀ ਅਤੇ ਲੰਬਾਂ ਸਮਾਂ ਵੀ ਚੱਲ ਸਕਦੀ ਹੈ। ਬਹੁਤ ਸਾਰੇ ਹਵਾ ਵਿੱਚ ਨਾਅਰੇ ਮਾਰਨ ਵਰਗੇ ਐਲਾਨ ਦੇਸ ਦਾ ਕੁੱਝ ਨਹੀਂ ਸੰਵਾਰ ਸਕਦੇ । ਦੇਸ ਦੇ ਆਮ ਲੋਕ ਹਕੀਕਤ ਵਿੱਚ ਕੁੱਝ ਹੁੰਦਾਂ ਹੋਣਾਂ ਲੋੜਦੇ ਹਨ । ਕਾਸ 2014 ਵਿੱਚ ਚੁਣੇ ਜਾਣ ਵਾਲੇ ਆਗੂ ਲੋਕ ਪੱਖੀ ਹੋਣ ………..ਦੀ ਕਾਮਨਾਂ ਹੀ ਕੀਤੀ ਜਾ ਸਕਦੀ ਹੈ ਪਰ ਹੋਣਾਂ ਤਾਂ ਉਹੀ ਹੈ ਜੋ ਵੱਡੇ ਉਦਯੋਗਿਕ ਲੁਟੇਰੇ ਮਾਲਕ ਚਾਹੁੰਣਗੇ । ਆਮ ਲੋਕ ਆਪਣੀ ਵੋਟ ਦਾ ਕਿ੍ਸਮਾ ਕਿੰਨਾਂ ਕੁ ਦਿਖਾਉਣਗੇ ਵੀ ਸਮੇਂ ਦੇ ਨਾਲ ਸਾਹਮਣੇ ਆ ਜਾਵੇਗਾ ।