ਵਾਰਾਣਸੀ – ਬੀਜੇਪੀ ਦੇ ਪ੍ਰਧਾਨਮੰਤਰੀ ਉਮੀਦਵਾਰ ਨਰੇਂਦਰ ਮੋਦੀ ਦੇ ਖਿਲਾਫ ਵਾਰਾਣਸੀ ਤੋਂ ਲੋਕਸਭਾ ਸੀਟ ਲਈ ਚੋਣ ਲੜਨ ਵਾਲੇ ਆਮ ਆਦਮੀ ਪਾਰਟੀ ਦੇ ਮੁੱਖ ਨੇਤਾ ਅਰਵਿੰਦ ਕੇਜਰੀਵਾਲ ਨੇ ਸੰਪਰਦਾਇਕਤਾ ਨੂੰ ਭ੍ਰਿਸ਼ਟਾਚਾਰ ਤੋਂ ਵੀ ਵੱਧ ਖਤਰਨਾਕ ਦੱਸਿਆ। ਇਹ ਸ਼ਬਦ ਉਨ੍ਹਾਂ ਨੇ ਸ਼ਹਿਰ ਦੇ ਪੀਲੀਕੋਠੀ ਇਲਾਕੇ ਵਿੱਚ 2,000 ਬੁਣਕਰਾਂ ਦੇ ਗਰੁੱਪ ਨਾਲ ਇੱਕ ਬੈਠਕ ਦੌਰਾਨ ਕਹੇ।
ਅਰਵਿੰਦ ਕੇਜਰੀਵਾਲ ਨੇ ਮੋਦੀ ਦੇ ਵਿਰੁੱਧ ਵਾਰਾਣਸੀ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ।ਕੇਜਰੀਵਾਲ ਨੇ ਬੇਨਿਆਬਾਗ ਵਿੱਚ ਆਪ ਵੱਲੋਂ ਆਯੋਜਿਤ ਇੱਕ ਰੈਲੀ ਦੌਰਾਨ ਨਾਟਕੀ ਢੰਗ ਨਾਲ ਇਸ ਦਾ ਐਲਾਨ ਕਰਦੇ ਹੋਏ ਮੋਦੀ ਨੂੰ ਖੁਲ੍ਹੀ ਬਹਿਸ ਦੀ ਚੁਣੌਤੀ ਵੀ ਦੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਗਰ ਮੋਦੀ ਬਹਿਸ ਲਈ ਨਹੀਂ ਆਉਂਦੇ ਤਾਂ ਇਸ ਦਾ ਮਤਲਬ ਹੈ ਕਿ ਦਾਲ ਵਿੱਚ ਕੁਝ ਕਾਲਾ ਹੈ।
ਕੇਜਰੀਵਾਲ ਨੇ ਕਿਹਾ ਕਿ ਜੇ ਮੋਦੀ ਜਿੱਤ ਜਾਂਦੇ ਹਨ ਤਾਂ ਗੁਜਰਾਤ ਦੀ ਤਰ੍ਹਾਂ ਕਿਸਾਨਾਂ ਦੀਆਂ ਜਮੀਨਾਂ ਖੋਹ ਲਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ, ‘ਮੋਦੀ ਨੇ ਗੁਜਰਾਤ ਦੇ ਕਿਸਾਨਾਂ ਦੀਆਂ ਜਮੀਨਾਂ ਖੋਹ-ਖੋਹ ਕੇ ਇੱਕ ਰੁਪੈ ਗਜ਼ ਦੇ ਹਿਸਾਬ ਨਾਲ ਅਡਾਨੀ ਨੂੰ ਦੇ ਦਿੱਤੀਆਂ ਹਨ, ਅਡਾਨੀ ਮੋਦੀ ਦੇ ਚਾਚਾ ਤਾਂ ਹੈ ਨਹੀਂ। ਅਗਰ ਵਾਰਾਣਸੀ ਦੇ ਕਿਸਾਨਾਂ ਨੇ ਮੋਦੀ ਨੂੰ ਵੋਟ ਦਿੱਤਾ ਤਾਂ ਉਨ੍ਹਾਂ ਦੀਆਂ ਜਮੀਨਾਂ ਵੀ ਨਹੀਂ ਬੱਚਣਗੀਆਂ। ਪਿੱਛਲੇ 10 ਸਾਲਾਂ ਵਿੱਚ ਗੁਜਰਾਤ ਵਿੱਚ 5 ਹਜ਼ਾਰ ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਮੈਂ ਵਾਰਣਸੀ ਦੇ ਕਿਸਾਨਾਂ ਨੂੰ ਇਹ ਦੱਸਣ ਆਇਆ ਹਾਂ ਕਿ ਮੋਦੀ ਨੂੰ ਵੋਟ ਦਿੱਤਾ ਤਾਂ ਜਮੀਨ ਵੀ ਜਾਵੇਗੀ ਅਤੇ ਜਾਨ ਵੀ।’
ਵਾਰਾਣਸੀ ਰੈਲੀ ਦੌਰਾਨ ਅਰਵਿੰਦ ਨੇ ਕਾਂਗਰਸ ਅਤੇ ਬੀਜੇਪੀ ਨੂੰ ਉਖਾੜ ਕੇ ਸੁੱਟਣ ਦੀ ਅਪੀਲ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਯੂਪੀਏ ਅਤੇ ਐਨਡੀਏ ਨੂੰ ਹਰਾਉਣ ਨਾਲ ਦੇਸ਼ ਵਿੱਚ ਨਵੀਂ ਕਰਾਂਤੀ ਆਵੇਗੀ। ਉਨ੍ਹਾਂ ਅਨੁਸਾਰ ਜੇ ਮੋਦੀ ਅਤੇ ਰਾਹੁਲ ਨੂੰ ਚੋਣਾਂ ਵਿੱਚ ਹਰਾ ਦਿੱਤਾ ਜਾਵੇ ਤਾਂ ਯੂਪੀਏ ਅਤੇ ਐਨਡੀਏ ਆਪਣੇ ਆਪ ਹੀ ਹਾਰ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਕੇਂਦਰ ਵਿੱਚ ਸਥਾਈ ਸਰਕਾਰ ਨਹੀਂ ਬਣੇਗੀ।