ਨਵੀਂ ਦਿੱਲੀ – ਕਾਂਗਰਸ ਨੇ ਲੋਕਸਭਾ ਚੋਣਾਂ ਲਈ ਆਪਣਾ ਘੋਸ਼ਣਾ ਪੱਤਰ ਜਾਰੀ ਕਰ ਦਿੱਤਾ ਹੈ। ਇਸ ਵਿੱਚ ਪਾਰਟੀ ਨੇ ਆਪਣਾ 100 ਦਿਨ ਦਾ ਏਜੰਡਾ ਪੇਸ਼ ਕੀਤਾ ਹੈ। ਇਸ ਘੋਸ਼ਣਾ ਪੱਤਰ ਵਿੱਚ ਕਾਂਗਰਸ ਨੇ ਦੇਸ਼ ਦੀ ਜਨਤਾ ਨਾਲ ਕਈ ਵਾਅਦੇ ਕੀਤੇ ਹਨ, ਜਿਸ ਵਿੱਚ ਸਮਾਜ ਦੇ ਹਰ ਵਰਗ ਦੇ ਵਿਕਾਸ,ਸਿਹਤ ਸੇਵਾਵਾਂ ਅਤੇ ਰੁਜ਼ਗਾਰ ਨੂੰ ਕਾਨੂੰਨੀ ਅਧਿਕਾਰ ਦੇ ਦਾਇਰੇ ਵਿੱਚ ਲਿਆਉਣਾ ਮੁੱਖ ਬਿੰਦੂ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਪਾਰਟੀ ਆਪਣੇ ਸਾਰੇ ਵਾਅਦੇ ਪੂਰੇ ਕਰੇਗੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਕਿਹਾ ਕਿ ਘੋਸ਼ਣਾ ਪੱਤਰ ਹੋਰ ਦਲਾਂ ਲਈ ਇਹ ਇੱਕ ਰਸਮ ਦੀ ਤਰ੍ਹਾਂ ਹੋਵੇਗਾ ਪਰ ਕਾਂਗਰਸ ਲਈ ਅਜਿਹਾ ਨਹੀਂ ਹੈ। ਇਸ ਵਾਰ ਚੋਣ ਏਕਤਾ ਲਈ ਸਮਾਜਿਕ ਸਮਾਨਤਾ ,ਵਿਕਾਸ ਅਤੇ ਸਮਾਜ ਨੂੰ ਤੋੜਨ ਵਾਲੀਆਂ ਤਾਕਤਾਂ ਦੇ ਖਿਲਾਫ ਲੜਿਆ ਜਾਵੇਗਾ।
ਕਾਂਗਰਸ ਦੇ ਵਾਅਦੇ :
• ਰਾਈਟ ਟੂ ਹੋਮ – ਸੱਭ ਨੂੰ ਘਰ ਦੇਣ ਦਾ ਵਾਅਦਾ।
• ਰਾਈਟ ਟੂ ਹੈਲਥ – ਸੱਭ ਨੂੰ ਮਿਲੇਗੀ ਦਵਾਈ।
• ਲੋੜਵੰਦਾਂ ਨੂੰ ਹੀ ਸਬਸਿੱਡੀ ਦਾ ਲਾਭ ਮਿਲੇਗਾ।
• ਰਾਈਟ ਟੂ ਪੈਨਸ਼ਨ – ਸੱਭ ਨੂੰ ਪੈਨਸ਼ਨ ਦੇਣ ਦੀ ਯੋਜਨਾ।
• 2017 ਤੱਕ ਸ਼ਹਿਰਾਂ ਵਿੱਚ ਝੁੱਗੀਆਂ ਦੀ ਜਗ੍ਹਾ ਪੱਕੇ ਮਕਾਨ।
ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅਨੁਸਾਰ ਇਸ ਘੋਸ਼ਣਾ ਪੱਤਰ ਲਈ ਕੁਲੀਆਂ, ਮਹਿਲਾਵਾਂ,ਪੁਲਿਸ ਦੇ ਜਵਾਨਾਂ ਅਤੇ ਸਮਾਜ ਦੇ ਹਰ ਤਬਕੇ ਦੇ ਲੋਕਾਂ ਨੇ ਸੁਝਾਅ ਦਿੱਤੇ ਹਨ। ਇਸ ਵਿੱਚ ਮਛੂਆਰਿਆਂ ਦੇ ਸੁਝਾਅ ਵੀ ਸ਼ਾਮਿਲ ਕੀਤੇ ਗਏ ਹਨ। ਇਸ ਘੋਸ਼ਣਾ ਪੱਤਰ ਨੂੰ ਤਿਆਰ ਕਰਨ ਲਈ ਪਿੱਛਲੇ 5 ਮਹੀਨਿਆਂ ਵਿੱਚ 27 ਜਗ੍ਹਾ ਤੇ ਲੋਕਾਂ ਨਾਲ ਗੱਲ ਕੀਤੀ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਯੂਪੀਏ ਸਰਕਾਰ ਦਾ ਕਾਰਜਕਾਲ ਐਨਡੀਏ ਦੇ ਸ਼ਾਸਨ ਨਾਲੋਂ ਕਿਤੇ ਬੇਹਤਰ ਰਿਹਾ ਹੈ। ਯੂਪੀਏ ਸਰਕਾਰ ਨੇ ਹਰ ਖੇਤਰ ਵਿੱਚ ਸੱਭ ਤੋਂ ਵੱਧ ਵਿਕਾਸ ਕੀਤਾ ਹੈ।