ਅੰਮ੍ਰਿਤਸਰ : ਪੰਜਾਬ ਦੇ ਮਾਲ ਮੰਤਰੀ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਹੈ ਕਿ ਆਪਣੀ ਉਮੀਦਵਾਰੀ ਦਾ ਐਲਾਨ ਹੋਣ ਤੋਂ ਇਕ ਹਫਤਾ ਬਾਅਦ ਵੀ ਅੰਮ੍ਰਿਤਸਰ ਨਾ ਆ ਕੇ ਅਮਰਿੰਦਰ ਸਿੰਘ ਨੇ ਮਾਝਾ ਦੇ ਲੋਕਾਂ ਖਾਸ ਤੌਰ ’ਤੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਲੋਕਾਂ ਦਾ ਅਪਮਾਨ ਕੀਤਾ ਹੈ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਗੈਰ ਹਾਜ਼ਰ ਰਹਿਣ ਅਤੇ ਸ਼ਾਹੀ ਆਦਤਾਂ ਅਨੁਸਾਰ ਕਿਸੇ ਨੂੰ ਨਾ ਮਿਲਣ ਦੀ ਆਦਤ ਤੋਂ ਸਾਰੇ ਜਾਣੂੰ ਹਨ। ਉਹਨਾਂ ਕਿਹਾ ਕਿ ਰੱਬ ਹੀ ਜਾਣਦਾ ਹੈਕਿ ਉਹ ਕਿਸ ਥਾਂ ਤੋਂ ਬੈਠੇ ਆਪਣੇ ਬਿਆਨ ਦਾਗ ਰਹੇ ਹਨ ਪਰ ਚੰਗਾ ਹੋਵੇਗਾ ਜੇਕਰ ਉਹ ਬਿਆਨ ਦਾਗਣੇ ਬੰਦ ਕਰ ਕੇ ਗੁਰੂ ਕੀ ਨਗਰੀ ਆਉਣ ਦੀ ਖੇਚਲ ਕਰਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਮਜੀਠੀਆ ਨੇ ਆਖਿਆ ਕਿ ਅਮਰਿੰਦਰ ਸਿੰਘ ਨੂੰ ਹਿਚਕਿਚਾਹਟ ਨਾਲ ਕਾਂਗਰਸ ਦਾ ਅੰਮ੍ਰਿਤਸਰ ਤੋਂ ਉਮੀਦਵਾਰ ਨਾਮਜ਼ਦ ਹੋਏ ਨੂੰ ਇਕ ਹਫਤੇ ਤੋਂ ਵੱਧ ਸਮਾਂ ਲੰਘ ਗਿਆ ਹੈ । ਕੋਈ ਹੋਰ ਵਿਅਕਤੀ ਹੁੰਦਾ ਤਾਂ ਉਹ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋਣ ਲਈ ਸਿੱਧਾ ਆਉਂਦਾ ਪਰ ਇਹ ਅਮਰਿੰਦਰ ਸਿੰਘ ਹੀ ਹਨ ਜਿਹਨਾਂ ਨੇ ਗੁਰੂ ਕੀ ਨਗਰੀ ਪ੍ਰਤੀ ਵੀ ਆਪਣੇ ਹੰਕਾਰ ਦਾ ਮੁਜ਼ਾਹਰਾ ਕੀਤਾ ਹੈ।
ਅਮਰਿੰਦਰ ਸਿੰਘ ਵੱਲੋਂ ਮਜੀਠੀਆ ਨੂੰ ਰਾਜਨੀਤੀ ਵਿਚ ਅਸਲ ਬੌਸ ਵਿਖਾਉਣ ਦੀ ਧਮਕੀ ’ਤੇ ਅਕਾਲੀ ਆਗੂ ਨੇ ਕਿਹਾ ਕਿ ਉਹ ਇਹ ਵੇਖ ਕੇ ਹੈਰਾਨ ਕਿ ਅਮਰਿੰਦਰ ਸਿੰਘ ਹਾਲੇ ਵੀ ‘ਮਹਾਰਾਜੇ ਵਾਲੀ ਮਾਨਸਿਕਤਾ’ ਵਿਚੋਂ ਉਭਰ ਨਹੀਂ ਸਕੇ। ਇਹ ਹਾਸੋਹੀਣੀ ਗੱਲ ਹੈ ਕਿ ਕੋਈ ਵਿਅਕਤੀ ਸੋਚੇ ਕਿ ਲੋਕਤੰਤਰ ਵਿਚ ਲੋਕ ਨਹੀਂ ਉਹ ਖੁਦ ਅਸਲ ਬੌਸ ਹੈ। ਉਹਨਾਂ ਕਿਹਾ ਕਿ ਇਹ ਤੁਸੀਂ ਜਾਂ ਮੈਂ ਨਹੀਂ ਬਲਕਿ ਲੋਕ ਅਸਲ ਬੌਸ ਹਨ। ਉਹਨਾਂ ਕਿਹਾ ਕਿ ਤੁਸੀਂ ਇਸ ਕੌੜੇ ਸੱਚ ਤੋਂ ਫਰਵਰੀ 2007 ਅਤੇ ਜਨਵਰੀ 2012 ਦੀਆਂ ਚੋਣਾਂ ਵਿਚਂ ਜਾਣੂ ਹੋ ਗਏ ਸੀ ਪਰ ਜਿਹੜੀ ਕਸਰ ਰਹਿ ਗਈ ਹੈ ਉਹ 16 ਮਈ ਨੂੰ ਪੂਰੀ ਹੋ ਜਾਵੇਗੀ। ਉਹਨਾਂ ਕਿਹਾ ਕਿ ਮੈਂ ਰਾਜਨੀਤੀ ਵਿਚ ਲੋਕਾਂ ਦੇ ਸੇਵਕ ਵਜੋਂ ਵਿਚਰ ਰਿਹਾ ਹਾਂ। ਲੋਕਤੰਤਰ ਵਿਚ ਕੋਈ ਮੂਰਖ ਜਾਂ ਤਾਨਾਸ਼ਾਹੀ ਇਹ ਮੰਨੇਗਾ ਕਿ ਉਹ ਬੌਸ ਹੈ।
ਉਹਨਾਂ ਕਿਹਾ ਕਿ ਮੈਨੂੰ ਦੱਸਣ ਦੀ ਥਾਂ ਕਿ ਕੌਣ ਬੌਸ ਹੈ ਅਮਰਿੰਦਰ ਸਿੰਘ ਨੂੰ ਇਹ ਯਾਦ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਹੀ ਪਾਰਟੀ ਦੇ ਬੌਸ ਨਹੀਂ ਰਹੇ। ਉਹ ਰਾਜਨੀਤਕ ਤੌਰ ’ਤੇ ਇੰਨਾ ਡਿੱਗ ਚੁੱਕੇ ਹਨ ਕਿ ਉਹ ਹੁਣ ਲਾਲ ਸਿੰਘ ਦੇ ਹੇਠਾਂ ਕੰਮ ਕਰਨ ਨੂੰ ਤਿਆਰ ਹੋ ਗਏ ਹਨ। ਉਹਨਾਂ ਦਾ ਇਸ਼ਾਰਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਲ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਬਣਾਉਣ ਦੇ ਦਿੱਤੇ ਸੁਝਾਅ ਵੱਲ ਸੀ।
ਅਮਰਿੰਦਰ ਸਿੰਘ ਦੀ ਧਮਕੀ ਨੂੰ ਗਿੱਦੜ ਧਮਕੀ ਕਰਾਰ ਦਿੰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਅਮਰਿੰਦਰ ਸਿੰਘ ਸਵੈ ਤਬਾਹੀ ਵਾਲੇ ਤਾਨਾਸ਼ਾਹੀ ਰਵੱਈਏ ਦੇ ਆਦੀ ਹਨ। ਆਪਣੇ ਹੰਕਾਰੀ ਤੇ ਤਾਨਾਸ਼ਾਹੀ ਰਵੱਈਏ ਕਾਰਨ ਉਹਨਾਂ ਦਾ ਇਹ ਹਸ਼ਰ ਹੈ। ਉਹਨਾਂ ਕਿਹਾ ਕਿਹ ਰ ਕੋਈ ਜਾਣਦਾ ਹੈ ਕਿ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਬਣਾ ਸਜ਼ਾ ਵਜੋਂ ਬਣਾਇਆ ਗਿਆ ਹੈ ਕਿਉਂਕਿ ਉਹ ਵਾਰ ਵਾਰ ਇਹ ਕਹਿ ਰਹੇ ਸਨ ਕਿ ਉਹ ਸਟਾਰ ਪ੍ਰਚਾਰਕ ਹਨ ਤੇ ਚੋਣ ਨਹੀਂ ਲੜਨਗੇ। ਉਹਨਾਂ ਦੀ ਹਾਈ ਕਮਾਂਡ ਨੇ ਉਹਨਾਂ ਨੂੰ ਅਸਲ ਸਥਿਤੀ ਦਾ ਅਹਿਸਾਸ ਕਰਵਾ ਦਿੱਤਾ ਹੈ ਤੇ ਉਹਨਾਂ ਦੀ ਇੱਛਾ ਦੇ ਵਿਰੁੱਧ ਉਹਨਾਂ ਨੂੰ ਚੋਣ ਲੜਨ ਲਈ ਮਜਬੂਰ ਕੀਤਾ ਹੈ।
ਸ੍ਰੀ ਮਜੀਠੀਆ ਨੇ ਕਿਹਾ ਕਿ ਉਹ ਰਾਜਨੀਤੀ ਜਾਂ ਹੋਰ ਖੇਤਰਾਂ ਵਿਚ ਅਮਰਿੰਦਰ ਸਿੰਘ ਵਰਗੇ ਆਪਣੇ ਸੀਨੀਅਰ ਵਿਰੋਧੀਆਂ ਦੀ ਇੱਜ਼ਤ ਕਰਦੇ ਹਨ ਪਰ ਕੋਈ ਤਾਂ ਗੱਲ ਹੋਣੀ ਕਿ ਮੇਰੇ ਪਿਆਰੇ ਚਾਚਾ ਜੀ ਮੇਰੀਆਂ ਹੀ ਗੱਲਾਂ ਕਰਦੇ ਨਹੀਂ ਥੱਕਦੇ।
ਸ੍ਰੀ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ 2002-07 ਦੌਰਾਨ ਨਾ ਸਿਰਫ ਆਮ ਜਨਤਾ ਬਲਕਿ ਆਪਣੀ ਪਾਰਟੀ ਤੇ ਸਰਕਾਰ ਦੇ ਸੀਨੀਅਰ ਮੰਤਰੀਆਂ ਪ੍ਰਤੀ ਵੀ ਹੰਕਾਰੀ ਵਤੀਰਾ ਅਪਣਾਈ ਰੱਖਿਆ। ਉਹ ਉਹਨਾਂ ਨੂੰ ਮਿਲਦੇ ਹੀ ਨਹੀਂ ਸਨ। ਇਸੇ ਲਈ ਲੋਕਾਂ ਨੇ ਉਹਨਾਂ ਨੂੰ ਸਬਕ ਸਿਖਾਇਆ ਕਿ ਉਹ ਵੀ ਉਹਨਾਂ ਨੂੰ ਭੁੱਲ ਗਏ ਹਨ ਅਤੇ ਰਹਿੰਦੀ ਕਸਰ ਹੁਣ 16 ਮਈ ਨੂੰ ਨਿਕਲ ਜਾਵੇਗੀ।