ਨਵੀਂ ਦਿੱਲੀ- ਬੀਜੇਪੀ ਦੇ ਰਾਸ਼ਟਰੀ ਉਪ ਪ੍ਰਧਾਨ ਮੁਖਤਾਰ ਅਬਾਸ ਨਕਵੀ ਨੇ ਬਿਹਾਰ ਤੋਂ ਜੇਡੀਯੂ ਦੇ ਪਾਰਟੀ ਵਿੱਚੋਂ ਕੱਢੇ ਗਏ ਨੇਤਾ ਸਾਬਿਰ ਅਲੀ ਨੂੰ ਭਾਜਪਾ ਵਿੱਚ ਲਏ ਜਾਣ ਦਾ ਵਿਰੋਧ ਕਰਦੇ ਹੋਏ ਬਗਾਵਤ ਕਰ ਦਿੱਤੀ ਹੈ। ਪਾਰਟੀ ਦੇ ਇਸ ਫੈਸਲੇ ਤੇ ਤਿਲਮਿਲਾਏ ਨਕਵੀ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਤੇ ਕਿਹਾ ਹੈ, ‘ਅੱਤਵਾਦੀ ਭਟਕਲ ਦਾ ਦੋਸਤ ਬੀਜੇਪੀ ਵਿੱਚ ਆ ਗਿਆ ਹੈ….ਹੁਣ ਜਲਦੀ ਹੀ ਦਾਊਦ ਵੀ ਆਵੇਗਾ।’ ਸਾਬਿਰ ਅਲੀ ਦੇ ਬੀਜੇਪੀ ਵਿੱਚ ਸ਼ਾਮਿਲ ਹੋਣ ਤੇ ਸੰਘ ਵੀ ਖਫ਼ਾ ਹੈ।
ਨਕਵੀ ਦੇ ਅਕਾਊਂਟ ਦੇ ਹੈਕ ਹੋਣ ਸਬੰਧੀ ਅਫਵਾਹਾਂ ਨੂੰ ਨਕਾਰਦੇ ਹੋਏ ਊਨ੍ਹਾਂ ਨੇ ਪਾਰਟੀ ਵੱਲੋਂ ਲਏ ਗਏ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਅਨੁਸਾਰ ਅਲੀ ਦੇ ਅੱਤਵਾਦੀ ਭਟਕਲ ਨਾਲ ਸਬੰਧ ਦੱਸੇ ਜਾ ਰਹੇ ਹਨ। ਨਕਵੀ ਦਾ ਕਹਿਣਾ ਹੈ ਕਿ ਅਲੀ ਦਾ ਭਾਜਪਾ ਵਿੱਚ ਸ਼ਾਮਿਲ ਹੋਣਾ ਪਾਰਟੀ ਦੇ ਅੱਤਵਾਦੀਆਂ ਦਾ ਵਿਰੋਧ ਕਰਨ ਵਾਲੀ ਗੱਲ ਨੂੰ ਕਮਜੋਰ ਕਰਦਾ ਹੈ।
‘ਜਦਯੂ’ ਨੇ ਵੀ ਇਸ ਬਾਰੇ ਆਪਣਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਸਾਨੂੰ ਅਫਸੋਸ ਹੈ ਕਿ ਸਾਬਿਰ ਸਾਡੀ ਪਾਰਟੀ ਵਿੱਚ ਸੀ। ਬੀਜੇਪੀ ਤੇ ਟਿਪਣੀ ਕਰਦੇ ਹੋਏ ਜਦਯੂ ਨੇ ਕਿਹਾ ਕਿ ਭਾਜਪਾ ਤਾਂ ਦਾਊਦ ਨੂੰ ਵੀ ਪਾਰਟੀ ਵਿੱਚ ਸ਼ਾਮਿਲ ਕਰ ਸਕਦੀ ਹੈ। ਸੁਸ਼ਮਾ ਨੇ ਵੀ ਅਲੀ ਨੂੰ ਪਾਰਟੀ ਵਿੱਚ ਲਏ ਜਾਣ ਤੇ ਵਿਰੋਧ ਜਾਹਿਰ ਕੀਤਾ ਸੀ।