ਜੈਪੁਰ- ਬੀਜੇਪੀ ਨੇ ਆਪਣੀ ਹੀ ਪਾਰਟੀ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੂੰ ਬਾਗੀ ਹੋ ਕੇ ਲੋਕਸਭਾ ਚੋਣ ਲੜਨ ਕਰਕੇ ਪਾਰਟੀ ਤੋਂ 6 ਸਾਲ ਲਈ ਬਰਖਾਸਤ ਕਰ ਦਿੱਤਾ ਹੈ।ਬਾੜਮੇਰ ਸੀਟ ਤੇ ਕਾਂਗਰਸ ਤੋਂ ਆਏ ਸੋਨਾਰਾਮ ਚੌਧਰੀ ਨੂੰ ਟਿਕਟ ਦਿੱਤੇ ਜਾਣ ਕਰਕੇ ਪਾਰਟੀ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਹਨ। ਜਿਸ ਕਰਕੇ ਬੀਜੇਪੀ ਨੇ ਜਸਵੰਤ ਸਿੰਘ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ।
ਬੀਜੇਪੀ ਨੇ ਕਿਹਾ ਸੀ ਕਿ ਉਹ ਨਾਂ ਵਾਪਿਸ ਲੈਣ ਦੀ ਤਾਰੀਖ ਤੱਕ ਉਸ ਦਾ ਇੰਤਜਾਰ ਕਰਨਗੇ, ਜੇ ਉਨ੍ਹਾਂ ਨੇ ਆਪਣਾ ਨਾਮ ਵਾਪਿਸ ਨਾਂ ਲਿਆ ਤਾਂ ਉਨ੍ਹਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜਸਵੰਤ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦੇ ਆਪਣੇ ਫੈਸਲੇ ਤੇ ਕਾਇਮ ਹਨ। ਇਸ ਲਈ ਪਾਰਟੀ ਨੇ ਸ਼ਨਿਚਰਵਾਰ ਸ਼ਾਮ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦਾ ਆਪਣਾ ਫੈਂਸਲਾ ਸੁਣਾ ਦਿੱਤਾ ਹੈ। ਜਸਵੰਤ ਸਿੰਘ ਦੇ ਨਾਲ ਹੀ ਇੱਕ ਹੋਰ ਨੇਤਾ ਸੁਭਾਸ਼ ਮਹੇਰੀਆ ਨੂੰ ਵੀ ਪਾਰਟੀ ਨੇ 6 ਸਾਲ ਲਈ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ। ਮਹੇਰੀਆ ਨੇ ਵੀ ਰਾਜਸਥਾਨ ਦੀ ਸੀਕਰ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਲਈ ਪੇਪਰ ਭਰੇ ਹਨ।