ਪਟਿਆਲਾ -‘‘ਸਾਹਿਤਕਾਰ ਅਤੇ ਵਿਦਵਾਨ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਨ ਬਣਦੇ ਹਨ। ਉਹਨਾਂ ਦਾ ਅਨੁਭਵ ਅਤੇ ਅਗਵਾਈ ਭਾਸ਼ਾ, ਸਾਹਿਤ, ਵਿਰਸੇ ਅਤੇ ਸਭਿਆਚਾਰ ਲਈ ਬੇਹੱਦ ਕਾਰਗਾਰ ਸਿੱਧ ਹੁੰਦੀ ਹੈ। ਇਸ ਲਈ ਉਹਨਾਂ ਦਾ ਹਰ ਪੱਖੋਂ ਖ਼ਿਆਲ ਰੱਖਿਆ ਜਾਣਾ ਸਾਡਾ ਬੁਨਿਆਦੀ ਫਰਜ਼ ਹੈ।’’ ਇਹ ਭਾਵਨਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਆਈ.ਏ.ਐਸ.ਨੇ ਅਮਰ ਹਸਪਤਾਲ ਪਟਿਆਲਾ ਵਿਖੇ ਉਘੇ ਪੰਜਾਬੀ ਚਿੰਤਕ ਡਾ. ਗੁਰਭਗਤ ਸਿੰਘ ਦੀ ਮਿਜਾਜ਼ਪੁਰਸ਼ੀ ਸਮੇਂ ਸਾਂਝੀ ਕੀਤੀ। ਸ. ਜੀ.ਕੇ.ਸਿੰਘ ਨੇ ਉਹਨਾਂ ਦੀ ਸਿਹਤਯਾਬੀ ਲਈ ਸ਼ੁਭਕਾਮਨਾ ਵਜੋਂ ਉਹਨਾਂ ਨੂੰ ਫੁੱਲਾਂ ਦਾ ਬੁੱਕਾ ਭੇਂਟ ਕੀਤਾ ਅਤੇ ਉਹਨਾਂ ਲਈ ਹਰ ਪੱਖੋਂ ਸਹਿਯੋਗ ਦੇਣ ਦੀ ਗੱਲ ਕਹੀ। ਜ਼ਿਕਰਯੋਗ ਹੈ ਕਿ ਕਾਵਿ ਸ਼ਾਸਤਰ ਦੇਹ ਤੇ ਕ੍ਰਾਂਤੀ, ਉਤਰ ਆਧੁਨਿਕਤਾਵਾਦ, ਕੌਮੀ ਆਜ਼ਾਦੀ ਅਤੇ ਜਪੁਜੀ ਸਾਹਿਬ ਦੇ ਅੰਗਰੇਜ਼ੀ ਅਨੁਵਾਦ ਸਹਿਤ ਅੰਗਰੇਜ਼ੀ ਵਿਚ ਪੱਛਮੀ ਕਾਵਿ ਸ਼ਾਸਤਰ ਅਤੇ ਸਿੱਖ ਚਿੰਤਨ ਬਾਰੇ ਮਹੱਤਵਪੂਰਨ ਪੁਸਤਕਾਂ ਲਿਖਣ ਵਾਲੇ ਕੌਮਾਂਤਰੀ ਪੱਧਰ ਦੇ ਵਿਦਵਾਨ ਡਾ. ਗੁਰਭਗਤ ਸਿੰਘ ਪਿਛਲੇ ਦਿਨੀਂ ਅਰਬਨ ਅਸਟੇਟ, ਪਟਿਆਲਾ ਸਥਿਤ ਆਪਣੇ ਮਕਾਨ ਵਿਚ ਬੇਹੋਸ਼ੀ ਦੀ ਹਾਲਤ ਵਿਚ ਡਿੱਗ ਪਏ ਸਨ ਅਤੇ ਉਹਨਾਂ ਨੂੰ ਅਮਰ ਹਸਪਤਾਲ ਪਟਿਆਲਾ ਦੇ ਆਈ.ਸੀ.ਯੂ. ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਡਿਪਟੀ ਕਮਿਸ਼ਨਰ ਨੇ ਯੂਨਿਟ ਵਿਚ ਦਾਖ਼ਲ ਇਕੱਲੇ ਇਕੱਲੇ ਮਰੀਜ਼ ਕੋਲ ਜਾ ਕੇ ਉਹਨਾਂ ਦੀ ਚੰਗੀ ਸਿਹਤਯਾਬੀ ਲਈ ਵੀ ਆਪਣੀਆਂ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਉਹਨਾਂ ਨਾਲ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’, ਪੰਜਾਬੀ ਲੋਕ ਸ਼ਾਇਰ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ, ਰੈਡ ਕਰਾਸ ਪਟਿਆਲਾ ਦੇ ਜੁਆਇੰਟ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਅਤੇ ਕਈ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਪਟਿਆਲਾ ਜੀ.ਕੇ. ਸਿੰਘ ਉਘੇ ਚਿੰਤਕ ਡਾ. ਗੁਰਭਗਤ ਸਿੰਘ ਦੀ ਮਿਜਾਜ਼ ਪੁਰਸ਼ੀ ਲਈ ਹਸਪਤਾਲ ਪੁੱਜੇ
This entry was posted in ਪੰਜਾਬ.