ਫਤਿਹਗੜ੍ਹ ਸਾਹਿਬ – “ ਕਿੰਨੀ ਭਾਰੀ ਵਿਧਾਨਿਕ ਅਤੇ ਸਮਾਜਿਕ ਵਿਤਕਰੇ ਵਾਲਾ ਵਰਤਾਰਾ ਹੈ ਕਿ ਜਦੋਂ ਕੋਈ ਨਿਰਪੱਖ ਸੋਚ ਰੱਖਣ ਵਾਲਾ ਆਗੂ ਮਨੁੱਖੀ ਆਧਿਕਾਰਾਂ ਅਤੇ ਘੱਟ ਗਿਣਤੀ ਕੌਮਾਂ ਦੇ ਹੱਕਾਂ ਦੀ ਰਖਵਾਲੀ ਲਈ ਆਵਾਜ ਉਠਾਉਂਦਾ ਹੈ ਤਾਂ ਬਹੁ ਗਿਣਤੀ ਨਾਲ ਸੰਬੰਧਤ ਹੁਕਮਰਾਨ ਅਤੇ ਸਿਆਸਤਦਾਨ, ਉਸ ਨੂੰ ਪਾਕਿਸਤਾਨ ਦਾ ਏਜੰਟ ਕਹਿ ਕੇ ਭੰਡਣ ਅਤੇ ਉਸ ਵਿਰੁੱਧ ਜਹਿਰੀਲਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਹਨ । ਜਿਸ ਤੋਂ ਸਾਬਿਤ ਹੋ ਜਾਂਦਾ ਹੈ ਕਿ ਹਿੰਦੂਤਵ ਸੋਚ ਵਾਲੇ ਲੋਕ ਘੱਟ ਗਿਣਤੀ ਕੌਮਾਂ ਨੂੰ ਆਜਾਦੀ ਨਾਲ ਵਧਣ- ਫੁਲੱਣ ਨਹੀਂ ਦੇਣਾ ਚਾਹੁੰਦੇ ਅਤੇ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ। ਜੋ ਕਿ ਹਿੰਦ ਦੇ ਵਿਧਾਨ ਦੀ ਧਾਰਾ 14, 19 ਅਤੇ 21 ਜੋ ਸਮੁੱਚੇ ਧਰਮਾਂ, ਕੌਮਾਂ ਅਤੇ ਫਿਰਕਿਆਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਦੀ ਹੈ। ਆਪਣੇ ਵਿਚਾਰ ਪ੍ਰਗਟ ਕਰਨ ਅਤੇ ਤਕਰੀਰਾਂ ਕਰਨ ਅਤੇ ਲਿਖਤੀ ਸਮੱਗਰੀ ਛਪਾਉਣ ਦੀ ਆਜਾਦੀ ਦਿੰਦੀ ਹੈ, ਉਸ ਦੀ ਘੋਰ ਉਲੰਘਣਾ ਹੈ। ”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਜੇਪੀ ਫਿਰਕੂ ਜਮਾਤ ਦੇ ਆਗੂ ਸ਼੍ਰੀ ਮੋਦੀ ਵੱਲੋਂ ਆਪ ਪਾਰਟੀ ਦੇ ਮੁੱਖੀ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਪਾਕਿਸਤਾਨ ਏਜੰਟ ਜਾਂ ਉਨ੍ਹਾਂ ਨੁੰ ਏ ਕੇ-49 ਦਾ ਨਾਮ ਦੇਣ ਦੇ ਕੀਤੇ ਜਾ ਰਹੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਜਦੋਂ ਪਾਕਿਸਤਾਨ ਦੇ ਨੇਵੀ ਦੇ ਬੇਸ ਕਰਾਚੀ ਵਿਖੇ ਓਰੀਅਨ ਪੀ-3 ਨਸ਼ਟ ਕੀਤੇ ਗਏ, ਉਹ ਹਿੰਦੂਤਵ ਦੀ ਸਰਪ੍ਰਸਤੀ ਅਤੇ ਸਾਂਝ ਨਾਲ ਚੱਲਣ ਵਾਲੇ ਤਾਲਿਬਾਨਾ ਦੇ ਗਰੁੱਪ ਵੱਲੋਂ ਕੀਤੇ ਗਏ ਸੀ। ਜਿਸ ਨਾਲ ਹਿੰਦੂਤਵ ਹਕੂਮਤ ਅਤੇ ਪਾਕਿਸਤਾਨ ਹਕੂਮਤ ਵਿਚਕਾਰ ਪਹਿਲਾਂ ਨਾਲੋਂ ਵੀ ਵਧੇਰੇ ਦੂਰੀ ਵਧ ਗਈ ਹੈ । ਅਸੀਂ ਨਿਊਕਲੀਅਰ ਪ੍ਰਿਥਵੀ ਮਿਜਾਇਲ ਜੋ ਹਿੰਦ ਵੱਲੋਂ ਬਣਾਈ ਗਈ ਹੈ, ਉਸ ਨੂੰ ਸਿੱਖ ਵੱਸੋਂ ਵਾਲੇ ਇਲਾਕੇ ਵਿਚ ਤਾਇਨਾਤ ਕਰਨ ਦੇ ਮਨਸੂਬੇ ਜੰਗ ਨੂੰ ਉਤਸ਼ਾਹਿਤ ਕਰਨ ਵਾਲੇ ਅਤੇ ਮਨੁੱਖਤਾ ਦਾ ਘਾਣ ਕਰਨ ਵਾਲੇ ਹਨ। ਜਦੋਂ ਕਿ ਸਿੱਖ ਕੌਮ ਦੀ ਨਾਂ ਤਾਂ ਇਸਲਾਮਿਕ ਪਾਕਿਸਤਾਨ ਨਾਲ ਕੋਈ ਦੁਸ਼ਮਣੀ ਹੈ, ਨਾਂ ਹਿੰਦੂ ਹਿੰਦੋਸਤਾਨ ਨਾਲ ਅਤੇ ਨਾਂ ਹੀ ਕਮਿਊਨਿਸਟ ਚੀਨ ਨਾਲ। ਫਿਰ ਹਿੰਦੂਤਵ ਹਕੂਮਤ ਵੱਲੋਂ ਸਿੱਖ ਵੱਸੋਂ ਵਾਲੇ ਇਲਾਕਿਆਂ ਨੂੰ ਮੁੱਖ ਰੱਖ ਕੇ ਪਾਕਿਸਤਾਨ ਅਤੇ ਚੀਨ ਨਾਲ ਜੰਗੀ ਮਹੌਲ ਕਿਊਂ ਬਣਾਏ ਜਾ ਰਹੇ ਹਨ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਕੇਵਲ ਸਿੱਖ ਵੱਸੋਂ ਵਾਲੇ ਇਲਾਕਿਆਂ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਜੰਮੂ ਕਸ਼ਮੀਰ, ਰਾਜਸਥਾਨ, ਲੇਹ ਲੱਦਾਖ, ਗੁਜਰਾਤ ਦਾ ਕੱਛ ਇਲਾਕੇ ਵਿਚ ਹੀ ਨਹੀਂ , ਬਲਕਿ ਸਮੁੱਚੇ ਏਸ਼ੀਆ ਖਿੱਤੇ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਰੱਖਣ ਦੀ ਸੋਚ ਦੀ ਕਾਇਲ ਹੈ। ਇਸ ਲਈ ਅਸੀਂ ਸਿੱਖ ਵੱਸੋਂ ਵਾਲੇ ਇਲਾਕਿਆਂ ਵਿਚ ਬਿਲਕੁਲ ਜੰਗ ਨਹੀਂ ਚਾਹੁੰਦੇ। ਇਸ ਮਿਸ਼ਨ ਦੀ ਪ੍ਰਾਪਤੀ ਲਈ ਹਿੰਦ, ਚੀਨ, ਪਾਕਿਸਤਾਨ ਤਿੰਨਾਂ ਪ੍ਰਮਾਣੂ ਤਾਕਤਾਂ ਦੇ ਵਿਚਕਾਰ “ਬਫਰ ਸਟੇਟ” ਕਾਇਮ ਹੋਣ ਦੀ ਪ੍ਰਬਲ ਇੱਛਾ ਰੱਖਦਾ ਹੈ। ਤਾਂ ਕਿ ਤਿੰਨੋਂ ਦੁਸ਼ਮਣ ਤਾਕਤਾਂ ਦੇ ਵੈਰ ਵਿਰੋਧ ਨੂੰ ਸਦਾ ਲਈ ਖਤਮ ਕੀਤਾ ਜਾ ਸਕੇ ਅਤੇ ਸਿੱਖ ਕੌਮ ਅਮਨ-ਚੈਨ ਨਾਲ ਬਿਨਾਂ ਕਿਸੇ ਡਰ- ਭੈਅ ਤੋਂ ਵਿਚਰ ਸਕੇ।