ਬ੍ਰਿਮਿੰਘਮ (ਪੱਤਰਪ੍ਰੇਰਕ) – ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਕਲ੍ਹ 28 ਮਾਰਚ ਦੇ ਦਿਨ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਸਾਹਿਬ (ਅੰਮ੍ਰਿਤਸਰ) ਮੱਥਾ ਟੇਕਣ ਗਿਆਂ ‘ਤੇ, ਕੁਝ ਮੁੰਡਿਆਂ ਵਲੋਂ ਕੈਪਟਨ ਦੇ ਖ਼ਿਲਾਫ਼ ‘ਗੋ ਬੈਕ’ ਦੇ ਨਾਅਰੇ ਲਾਉਣ ਦੀ ਭਰਪੂਰ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਗਿਣਤੀ ਵਿਚ ਇਹ 15-20 ਮੁੰਡੇ ਹੀ ਸਨ ਪਰ ਇਹ ਹਰਕਤ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਦੇ ਬਰਾਬਰ ਹੈ। ਦਰਬਾਰ ਸਾਹਿਬ ਤਾਂ ਗੁਰੁ ਦਾ ਦੁਆਰਾ ਹੈ ਅਤੇ ਇੱਥੇ ਹਰ ਇਕ ਸਿੱਖ ਜਾਂ ਗ਼ੈਰ ਸਿੱਖ ਅਪਣੀ ਅਕੀਦਤ ਭੇਟ ਕਰਨ ਆ ਸਕਦਾ ਹੈ। ਕਿਸੇ ਦੇ ਖ਼ਿਲਾਫ਼ ਪ੍ਰੋਟੈਸਟ ਕਰਨ ਦਾ ਹਰ ਇਕ ਨੂੰ ਇਹ ਹੱਕ ਹੈ ਪਰ ਇਹ ਹਰਕਤ ਦਰਬਾਰ ਸਾਹਿਬ ਦੀ ਹਦੂਦ ਵਿਚ ਜਾਂ ਕਿਸੇ ਵੀ ਗੁਰਦੁਆਰੇ ਦੀ ਹਦੂਦ ਵਿਚ ਜਾਂ ਉਸ ਦੇ ਦਰਵਾਜ਼ੇ ‘ਤੇ ਨਹੀਂ ਕੀਤੀ ਜਾ ਸਕਦੀ। ਕੈਪਟਨ ਅਮਰਿੰਦਰ ਸਿੰਘ ਦਰਬਾਰ ਸਾਹਿਬ ਆਪਣੀ ਅਕੀਦਤ ਪੇਸ਼ ਕਰਨ ਆ ਰਹੇ ਸਨ। ਇਸ ਮੌਕੇ ‘ਤੇ ਹਰਕਤ ਹੋਰ ਵੀ ਸ਼ਰਮਨਾਕ ਹੈ। ਇਸ ਹਰਕਤ ਨਾਲ ਸਾਰੇ ਸਿੱਖ ਪੰਥ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਉਨ੍ਹਾਂ ਹੋਰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ‘ਗੋ ਬੈਕ’ ਕਹਿਣਾ ਜਾਂ ਕਾਲੀਆਂ ਝੰਡੀਆਂ ਦਿਖਾਉਣਾ ਇਸ ਕਰ ਕੇ ਹੋਰ ਵੀ ਨੀਚ ਹਰਕਤ ਹੈ ਕਿਉਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੂਨ 1984 ਵਿਚ ਦਰਬਾਰ ਸਾਹਿਬ ‘ਤੇ ਹਮਲੇ ਦੇ ਖ਼ਿਲਾਫ਼ ਪ੍ਰੋਟੈਸਟ ਕਰਦਿਆਂ ਲੋਕ ਸਭਾ ਦੀ ਮੈਂਬਰੀ ਛੱਡੀ ਸੀ। ਜਦ ਕਿ ਦੂਜੇ ਪਾਸੇ ਉਸ ਦੀ ਮੁਖ਼ਾਲਫ਼ਤ ਕਰਨ ਵਾਲੇ ਅਜਿਹੇ ਸ਼ਖ਼ਸ ਦੀ ਹਿਮਾਇਤ ਕਰ ਰਹੇ ਹਨ ਜਿਸ ਦੀ ਪਾਰਟੀ ਨੇ ਦਰਬਾਰ ਸਾਹਿਬ ਦੇ ਹਮਲੇ ਵਾਸਤੇ ਇੰਦਰਾ ਗਾਂਧੀ ਨੂੰ ਪਹਿਲਾਂ ਤਾਂ ਉਕਸਾਇਆ ਅਤੇ ਹਮਲੇ ਮਗਰੋਂ ਇਸ ਹਰਕਤ ‘ਤੇ ਮੁਬਾਰਕਾਂ ਦਿੱਤੀਆਂ ਸਨ ਤੇ ਮਿਠਾਈਆਂ ਵੰਡੀਆਂ ਸਨ। ਡਾ: ਦਿਲਗੀਰ ਨੇ ਕਿਹਾ ਕਿ ਇਹ ਕਾਲੀਆਂ ਝੰਡੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਦਿਖਾਈਆਂ ਗਈਆਂ ਬਲਕਿ ਦਰਬਾਰ ਸਾਹਿਬ ਨੂੰ ਦਿਖਾਈਆਂ ਗਈਆਂ ਹਨ। ਇਨ੍ਹਾਂ ਪਾਪੀਆਂ ਦੀ ਇਹ ਹਰਕਤ ਸਿੱਖ ਤਵਾਰੀਖ਼ ਵਿਚ ਕਾਲੇ ਅੱਖਰਾਂ ਨਾਲ ਲਿਖੀ ਜਾਵੇਗੀ। ਸਾਰੇ ਸਿੱਖ ਪੰਥ ਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ।
ਦਰਬਾਰ ਸਾਹਿਬ ਵਿਚ ਆਉਣ ਵਾਲੇ ਕਿਸੇ ਵੀ ਸ਼ਖਸ ਨੂੰ ‘ਗੋ ਬੈਕ’ ਕਹਿਣਾ ਜਾਂ ਕਾਲੀਆਂ ਝੰਡੀਆਂ ਦਿਖਾਉਣਾ ਦਰਬਾਰ ਸਾਹਿਬ ਦੀ ਤੌਹੀਨ ਹੈ: ਡਾ ਦਿਲਗੀਰ
This entry was posted in ਅੰਤਰਰਾਸ਼ਟਰੀ.