ਅੰਮ੍ਰਿਤਸਰ – ਮਜੀਠਾ ਵਿੱਚ ਐਤਵਾਰ ਨੂੰ ਆਯੋਜਿਤ ਰੈਲੀ ਦੌਰਾਨ ਮੂੰਹਫੱਟ ਵਿਕਰਮ ਮਜੀਠੀਏ ਨੇ ਮਹਾਰਾਜਾ ਅਮਰਿੰਦਰ ਸਿੰਘ ਨੂੰ ਗਰਦਨ ਤੋੜਨ ਦੀ ਧਮਕੀ ਦਿੱਤੀ ਸੀ। ਇਸ ਤੇ ਕੈਪਟਨ ਨੇ ਮਜੀਠੀਏ ਤੇ ਵਾਰ ਕਰਦੇ ਹੋਏ ਉਸ ਨੂੰ ਗੁੰਡਿਆਂ ਦਾ ਸਰਗਨਾ ਦੱਸਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਕਾਲੀ ਦਲ ਦਾ ਯੂਥਵਿੰਗ ਗੁੰਡਿਆਂ ਦੀ ਸੈਨਾ ਹੈ ਅਤੇ ਮਜੀਠੀਆ ਉਨ੍ਹਾਂ ਦਾ ਮੁੱਖੀ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਅਜਿਹੀ ਕਾਰਵਾਈ ਨਾਲ ਨਾਂ ਕੇਵਲ ਕਾਨੂੰਨੀ ਅਵਸਥਾ ਹੀ ਪ੍ਰਭਾਵਿਤ ਹੋਈ ਹੈ, ਸਗੋਂ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਉਨ੍ਹਾਂ ਅਨੁਸਾਰ ਹੁਣ ਪੰਜਾਬ ਦੇ ਲੋਕਾਂ ਨੂੰ ਚੋਣਾਂ ਵਿੱਚ ਬਾਦਲਾਂ ਦੇ ਗੁੰਡਾਰਾਜ ਨੂੰ ਖਤਮ ਕਰਨ ਲਈ ਵੋਟ ਦਾ ਇਸਤੇਮਾਲ ਕਰਨਾ ਹੋਵੇਗਾ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਭੂਮੀ, ਰੇਤ, ਸ਼ਰਾਬ ਅਤੇ ਨਸ਼ਾ ਮਾਫੀਆ ਖੁਲ੍ਹੇਆਮ ਕੰਮ ਕਰ ਰਿਹਾ ਹੈ। ਪੰਜਾਬ ਪੁਲਿਸ ਮੂਕ-ਦਰਸ਼ਕ ਬਣੀ ਸੱਭ ਕੁਝ ਵੇਖ ਰਹੀ ਹੈ। ਹੁਣ ਪੰਜਾਬ ਦੇ ਲੋਕਾਂ ਲਈ ਇਹ ਬਹੁਤ ਜਰੂਰੀ ਹੈ ਕਿ ਉਹ ਅਕਾਲੀ-ਭਾਜਪਾ ਦੇ ਖਿਲਾਫ਼ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਇਨ੍ਹਾਂ ਗੁੰਡਿਆਂ ਨੂੰ ਸਬਕ ਸਿਖਾਉਣ। ਪੰਜਾਬ ਨੂੰ ਦਹਿਸ਼ਤ-ਮੁਕਤ ਕਰਨ ਲਈ ਅਕਾਲੀ-ਭਾਜਪਾ ਗਠਜੋੜ ਨੂੰ ਹਰਾਉਣਾ ਜਰੂਰੀ ਹੈ।