ਨਵੀਂ ਦਿੱਲੀ :- ਪਾਕਿਸਤਾਨ ਦੇ ਕਬਾਇਲੀ ਇਲਾਕੇ ਵਿਚ ਤਾਲਿਬਾਨਾਂ ਵਲੋਂ ਸਿੱਖਾਂ ’ਤੇ ਜਜੀਆ ਠੋਸਣ ਅਤੇ ਸਿੱਖਾਂ ਵਲੋਂ ਜਜੀਆ ਨਾ ਦਿੱਤੇ ਜਾਣ ਦੀ ਸੂਰਤ ਵਿਚ ਉਨ੍ਹਾਂ ਨੂੰ ਘਰੋਂ ਬੇ-ਘਰ ਕਰ ਦਿੱਤੇ ਜਾਣ ’ਤੇ ਉਨ੍ਹਾਂ ਸਿੱਖ ਪ੍ਰੀਵਾਰ ਦੀ ਸਾਰ ਲੈਣ ਜਾਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਦੀ ਅਗਵਾਈ ਵਿਚ ਇਕ ਵਫਦ ਨੇ ਦਿੱਲੀ ਵਿਖੇ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਕਾਰੀਆਂ ਨਾਲ ਮੁਲਾਕਾਤ ਕਰਕੇ ਇਕ ਉਚ ਪੱਧਰੀ ਵਫਦ ਪਾਕਿਸਤਾਨ ਭੇਜੇ ਜਾਣ ਲਈ ਵੀਜ਼ਿਆਂ ਦੀ ਮੰਗ ਕੀਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਵਲੋਂ ਪਾਕਿਸਤਾਨ ਹਾਈ ਕਮਿਸ਼ਨ ਦੇ ਕੋਂਸਲਰ ਜਨਾਬ ਮੁਖਤਿਆਰ ਹੁਸੈਨ ਤ੍ਰਿਜਮੀ ਨੂੰ ਇਕ ਪੱਤਰ ਸੌਂਪਣ ਵੇਲੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿੰ੍ਰਗ ਮੈਂਬਰ ਸ. ਕਰਨੈਲ ਸਿੰਘ ਪੰਜੌਲੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਕੁਲਦੀਪ ਸਿੰਘ ਭੋਗਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ, ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਜਨਰਲ ਸਕੱਤਰ ਜਥੇ. ਅਵਤਾਰ ਸਿੰਘ ਹਿੱਤ ਅਤੇ ਦਿੱਲੀ ਤੋਂ ਧਰਮ ਪ੍ਰਚਾਰ ਕਮੇਟੀ ਮੈਂਬਰ ਸ. ਪ੍ਰਮਜੀਤ ਸਿੰਘ ਚੰਡੋਕ ਵੀ ਸਨ। ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਸੌਂਪੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਅੱਜ ਦੇ ਟੈਕਨਾਲੋਜੀ ਦੇ ਯੁਗ ਵਿਚ ਦੁਨੀਆਂ ਇਕ ਪਿੰਡ ਦਾ ਰੂਪ ਧਾਰਨ ਕਰ ਚੁਕੀ ਹੈ ਅਤੇ ਆਪਸੀ ਪਿਆਰ ਮੁਹੱਬਤ, ਇੱਕਸੁਰਤਾ, ਇਕਸਾਰਤਾ, ਭਰਾਤਰੀ ਭਾਵ ਨੂੰ ਮਹਿਸੂਸ ਕਰਨ ਲਗੀ ਹੈ ਪਰ ਪਾਕਿਸਤਾਨ ਦੇ ਇਕ ਹਿੱਸੇ ਵਿਚ ਤਾਲਿਬਾਨ ਵਲੋਂ ਮੁੜ ਚੌਦਵੀਂ ਸਦੀਆਂ ਦੀਆਂ ਰਸਮਾਂ ਨੂੰ ਸੁਰਜੀਤ ਕੀਤੇ ਜਾਣ ਦੇ ਕੋਝੇ ਯਤਨ ਕੀਤੇ ਜਾ ਰਹੇ ਜੋ ਬਹੁਤ ਚਿੰਤਾਜਨਕ ਹਨ। ਪੱਤਰ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਤਾਲਿਬਾਨਾਂ ਵਲੋਂ ਸਿੱਖ ਪ੍ਰੀਵਾਰਾਂ ’ਤੇ ਠੋਸਿਆ ਜਾ ਰਿਹਾ ਜਜੀਆ ਅੱਜ ਦੇ ਯੁੱਗ ਵਿਚ ਬਿਲਕੁਲ ਹੀ ਆਪ੍ਰਸੰਗਕ ਅਤੇ ਪਾਕਿਸਤਾਨ ਵਰਗੀ ਜੰਮਹੂਰੀਅਤ ਦੇ ਮੱਥੇ ਤੇ ਬੱਧਨੁਮਾ ਧੱਬਾ ਹੈ ਅਤੇ ਅੱਜ ਕਿਸੇ ਦੂਜੇ ਉਪਰ ਆਪਣੀ ਵਿਚਾਰਧਾਰਾ, ਅਕੀਦਾ, ਵਿਸ਼ਵਾਸ, ਆਵਿਸ਼ਵਾਸ ਆਦਿ ਠੋਸਣੇ ਬਿਲਕੁਲ ਹੀ ਗੈਰਵਾਜ਼ਿਬ ਹਨ। ਪੱਤਰ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਸਮੁੱਚੀ ਸਿੱਖ ਕੌਮ ਇਸ ਗੱਲ ਤੋਂ ਨਿਰਾਸ਼ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਜਿਥੇ ਉਨ੍ਹਾਂ ਆਪਸੀ ਭਾਈਚਾਰਾ, ਮਿਲਵਰਤਨ ਅਤੇ ਪਿਆਰ ਦਾ ਸੰਦੇਸ਼ ਦਿੱਤਾ ਸੀ ਤੇ ਅੱਜ ਉਸ ਧਰਤੀ ’ਤੇ ਸਿੱਖਾਂ ਦਾ ਸਫਾਇਆ ਕਰਨ ਦੀ ਨਿਯਤ ਨਾਲ ਉਨ੍ਹਾਂ ਨੂੰ ਘਰੋਂ ਬੇ-ਘਰ ਕਰਕੇ ਸੜਕਾਂ ਤੇ ਜੀਵਨ ਬਸਰ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਜਿਸ ਨੂੰ ਮਾਨਵੀ ਅਧਿਕਾਰਾਂ ਵਿਚ ਵਿਸ਼ਵਾਸ ਰੱਖਣ ਵਾਲਾ ਸੰਸਾਰ ਭਰ ਦਾ ਕੋਈ ਵੀ ਨਾਗਰਿਕ ਪ੍ਰਵਾਨ ਨਹੀਂ ਕਰੇਗਾ। ਵਫਦ ਨੇ ਪਾਕਿਸਤਾਨ ਤੋਂ ਮਿਲ ਰਹੀਆਂ ਤਸਵੀਸ਼ਨਾਕ ਰੀਪੋਟਾਂ ਦੀ ਅਸਲੀਅਤ ਜਾਨਣ ਅਤੇ ਪ੍ਰੀਭਾਵਤ ਸਿੱਖ ਪ੍ਰੀਵਾਰਾਂ ਨੂੰ ਰਾਹਤ ਪਹੁੰਚਾਉਣ ਲਈ ਇਕ ਵਖਰੇ ਪੱਤਰ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਜਾਣ ਵਾਲੇ ਉਚ-ਪੱਧਰੀ ਵਫਦ ਨੂੰ ਤੁਰੰਤ ਪਾਕਿਸਤਾਨ ਜਾਣ ਲਈ ਲੋੜੀਂਦੇ ਵੀਜ਼ੇ ਜਾਰੀ ਕੀਤੇ ਜਾਣ ਦੀ ਵੀ ਮੰਗ ਕੀਤੀ।
ਇਸ ਮੌਕੇ ਹਾਈ ਕਮਿਸ਼ਨਰ ਜਨਾਬ ਸ਼ਾਹਿਦ ਮਲਿਕ ਦੇ ਪੋਲੀਟੀਕਲ ਸੈਕਟਰੀ (ੀਸਟ.) ਜਨਾਬ ਸ਼ਾਹਬਾਜ ਖਾਨ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਪਾਕਿਸਤਾਨ ਵਿਚ ਵਸਦੇ ਸਿੱਖ ਪਾਕਿਸਤਾਨ ਦੇ ਨਾਗਰਿਕ ਹਨ ਅਤੇ ਪਾਕਿਸਤਾਨ ਸਰਕਾਰ ਉਨ੍ਹਾਂ ਦੀ ਜਾਨ-ਮਾਲ ਦੀ ਸੁਰਖਿਆ ਲਈ ਪੂਰੀ ਤਰ੍ਹਾਂ ਸੁਚੇਤ ਤੇ ਸੁਹਿਰਦ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੁਜਾ ਇਹ ਪੱਤਰ ਪਾਕਿਸਤਾਨ ਸਰਕਾਰ ਪਾਸ ਪਹੁੰਚਾ ਦਿੱਤਾ ਜਾਵੇਗਾ ਅਤੇ ਪਾਕਿਸਤਾਨ ਸਰਕਾਰ ਵਲੋਂ ਕਲੀਅਰੈਂਸ ਮਿਲ ਜਾਣ ’ਤੇ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਪਾਕਿਸਤਾਨ ਜਾਣ ਵਾਲੇ ਵਫਦ ਨੂੰ ਤੁਰੰਤ ਵੀਜ਼ੇ ਜਾਰੀ ਕਰ ਦਿੱਤੇ ਜਾਣਗੇ। ਇਸ ਮੌਕੇ ਜਥੇ. ਅਵਤਾਰ ਸਿੰਘ ਦੇ ਨਿੱਜੀ ਸਹਾਇਕ ਸ. ਪ੍ਰਮਜੀਤ ਸਿੰਘ ਸਰੋਆ, ਯਾਤਰਾ ਵਿਭਾਗ ਦੇ ਇੰਚਾਰਜ ਸ. ਜਸਪਾਲ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ ਆਦਿ ਵੀ ਮੌਜੂਦ ਸਨ।