ਗੁਵਾਹਾਟੀ- ਆਸਾਮ ਦੇ ਜੋਰਹਾਟ ਵਿੱਚ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ ਦੀ ਚੈਕਿੰਗ ਦੌਰਾਨ ਟੈਸਟ ਕਰਦੇ ਸਮੇਂ ਇੱਕ ‘ਈਵੀਐਮ’ ਨੇ ਚੋਣ ਕਰਮਚਾਰੀਆਂ ਦੇ ਹੋਸ਼ ਉਡਾ ਦਿੱਤੇ। ਬਟਨ ਭਾਂਵੇ ਕੋਈ ਵੀ ਦੱਬਿਆ ਜਾ ਰਿਹਾ ਸੀ ਪਰ ਵੋਟ ਭਾਜਪਾ ਦੇ ਖਾਤੇ ਵਿੱਚ ਹੀ ਜਾ ਰਿਹਾ ਸੀ।
ਇਲੈਕਟਰਾਨਿਕ ਕਾਰਪੋਰੇਸ਼ਨ ਆਫ਼ ਇੰਡੀਆ ਦੇ ਇੰਜੀਨੀਅਰ ਜੋਰਹਾਟ ਸੰਸਦੀ ਖੇਤਰ ਵਿੱਚ ਸਾਰੀਆਂ ਮਸ਼ੀਨਾਂ ਨੂੰ ਟੈਸਟ ਕਰ ਰਹੇ ਸਨ। ਇੱਥੇ 7 ਅਪਰੈਲ ਨੂੰ ਵੋਟਾਂ ਪੈਣੀਆਂ ਹਨ।ਇਲੈਕਟਰਾਨਿਕ ਕਾਰਪੋਰੇਸ਼ਨ ਉਨ੍ਹਾਂ ਦੋ ਕੰਪਨੀਆਂ ਵਿੱਚ ਸ਼ਾਮਿਲ ਹੈ, ਜੋ ਈਵੀਐਮ ਬਣਾਉਂਦੀ ਹੈ। ਜਦੋਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧੀਆਂ ਦੇ ਸਾਹਮਣੇ ਈਵੀਐਮ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਮਸ਼ੀਨ ਵਿੱਚ ਗੜਬੜ ਸਾਹਮਣੇ ਆਈ।
ਕਾਂਗਰਸ ਨੇ ਇਹ ਮਾਮਲਾ ਸਾਹਮਣੇ ਆਉਣ ਤੇ ਚੋਣ ਕਮਿਸ਼ਨ ਤੋਂ ਨਾਂ ਸਿਰਫ਼ ਜੋਰਹਾਟ ਵਿੱਚ, ਸਗੋਂ ਪੂਰੇ ਰਾਜ ਵਿੱਚ ਈਵੀਐਮ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰੰਜਨ ਬੋਰਾ ਨੇ ਕਿਹਾ, ‘ਜਾਂਚ ਦੌਰਾਨ ਅਸਾਂ ਵੇਖਿਆ ਕਿ ਈਵੀਐਮ ਵਿੱਚ ਕਾਂਗਰਸ ਦੇ ਸਾਹਮਣੇ ਦਾ ਬਟਨ ਦਬਾਉਣ ਦੇ ਬਾਅਦ ਵੀ ਵੋਟ ਬੀਜੇਪੀ ਦੇ ਪੱਖ ਵਿੱਚ ਹੀ ਦਰਜ਼ ਹੋ ਰਹੀ ਸੀ।’ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਤੋਂ ਇਹ ਸ਼ੱਕ ਹੋ ਰਿਹਾ ਹੈ ਕਿ ਇੱਕ ਖਾਸ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਮਸ਼ੀਨਾਂ ਨਾਲ ਛੇੜਛਾੜ ਕੀਤੀ ਗਈ ਹੈ।