ਅੰਮ੍ਰਿਤਸਰ – ਲੋਕ ਸਭਾ ਅੰਮ੍ਰਿਤਸਰ ਸੀਟ ਤੋਂ ਅਕਾਲੀ-ਭਾਜਪਾ ਦੇ ਸਾਂਝੇ ਨੌਜਵਾਨ ਉਮੀਦਵਾਰ ਸ੍ਰ ਨਵਜੋਤ ਸਿੰਘ ਸਿੱਧੂ ਦੇ ਚੋਣ ਇੰਚਾਰਜ ਮਾਝੇ ਦੇ ਜਰਨੈਲ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਕਿ ਸਿੱਧੂ ਦੀ ਚੋਣ ਮੁਿਹੰਮ ਕਾਗਰਸ ਦੇ ਸੋਨੀ ਨਾਲੋਂ ਕਈ ਕਦਮ ਅੱਗੇ ਨਿਕਲ ਚੁੱਕੀ ਹੈ। ਉਹਨਾਂ ਕਿਹਾ ਕਿ ਸਿੱਧੂ ਨੇ ਸੋਨੀ ਖੇਮੇ ਨੂੰ ਪੜ੍ਹਨੇ ਪਾਇਆ ਹੋਇਆ ਹੈ। ਸਿੱਧੂ ਦਾ ਆਪ ਇਕ ਨੌਜਵਾਨ ਹੋਣ ਕਾਰਨ ਹਲਕੇ ਦਾ ਨੌਜਵਾਨ ਤਬਕਾ ਸਿੱਧੂ ਨਾਲ ਆਣ ਖੜਾ ਹੋਇਆ ਹੈ।ਪ੍ਰੈਸ ਸਕਤਰ ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ਵਿਚ ਸ: ਮਜੀਠੀਆ ਨੇ ਕਿਹਾ ਕਿ ਸੋਨੀ ਦਾ ਦਸਵੀ ਪਾਸ ਹੋਣਾ ਅਤੇ ਸਿੱਧੂ ਦਾ ਵਧੇਰੇ ਪੜਿਆ ਲਿਖਿਆ ਹੋਣਾ ਉਹਨਾਂ ਦੇ ਪੱਖ ਵਿੱਚ ਭੁਗਤ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਇਹ ਜਾਣਦੇ ਹਨ ਕਿ ਸਿੱਧੂ ਪੜਿਆ ਲਿਖਿਆ ਹੋਣ ਕਾਰਨ ਵਿਸ਼ਵ ਪੱਧਰ ਤੇ ਕੀ ਹੋ ਰਿਹਾ ਹੈ ਉਸ ਬਾਰੇ ਉਸ ਨੂੰ ਜਾਣਕਾਰੀ ਹੈ ਜੋ ਕਿ ਇਕ ਸਿਆਸੀ ਆਗੂ ਅਤੇ ਹਲਕੇ ਦੇ ਵਿਕਾਸ ਲਈ ਜਰੂਰੀ ਸਮਝਿਆ ਜਾ ਰਿਹਾ ਹੈ। ਇਹੀ ਕਾਰਨ ਕਿ ਉਨ੍ਹਾਂ ਅੰਮ੍ਰਿਤਸਰ ਨੂੰ ਸਹੀ ਅਰਥਾ ਵਿੰਚ ਮੁੜ ਸਿਫਤੀ ਦਾ ਘਰ ਬਣਾਉਣ ਲਈ ਸ਼ਹਿਰ ਵਿੱਚੋਂ ਗੰਦਗੀ ਦੇ ਢੇਰ ਨੂੰ ਕੱਢਣ ਲਈ ਸੋਲੇਡ ਵੇਸਟ ਮੈਨੇਜਮੈਂਟ ਪ੍ਰਾਜਕੈਟ ਸ਼ੁਰੂ ਕਰਵਾਇਆ, ਜਿਸ ਨਾਲ ਹੁਣ ਅੰਮ੍ਰਿਤਸਰ ਵਾਸੀਆਂ ਦੇ ਨਾਲ ਇਸ ਪਵਿੱਤਰ ਸ਼ਹਿਰ ਦੀ ਸੈਰ ਕਰਨ ਅਤੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਨਾ ਮੰਦਰ ਦੇ ਦਰਸ਼ਨਾ ਨੂੰ ਆਉਣ ਵਾਲੇ ਇਕ ਲੱਖ ਤੋਂ ਵੱਧ ਸ਼ਰਧਾਲੂਆਂ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਰਿਹਾ ਹੈ। ਆਵਾਜਾਈ ਲਈ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ, ਜਿਸ ਨੂੰ ਵੇਖ ਕੇ ਸ਼ਹਿਰ ਵਾਸੀ ਬਾਗੋ ਬਾਗ ਹਨ।
ਮਜੀਠੀਆ ਨੇ ਕਿਹਾ ਕਿ ਉਹ ਤੇ ਸਿੱਧੂ ਸ਼ਹਿਰ ਵਾਸੀਆਂ ਦੇ ਜੀਵਨ ਨੂੰ ਸੁਧਾਰਨ ਲਈ ਲੋੜੀਂਦੀ ਕਦਮ ਚੁੱਕਦਿਆਂ ਬੁਨਿਆਦੀ ਢਾਂਚੇ ਦੀ ਉਸਾਰੀ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ। ਨੌਜਵਾਨ ਅਤੇ ਪਾਰਟੀ ਵਰਕਰ ਸਿੱਧੂ ਲਈ ਖੁਸ਼ ਹੋ ਕੇ ਜੋਸ਼ੋ ਖਰੋਸ਼ ਨਾਲ ਇਸ ਲਈ ਵੀ ਚੋਣ ਪ੍ਰਚਾਰ ਕਰ ਰਹੇ ਹਨ ਕਿਉਂਕਿ ਸਿੱਧੂ ਨੇ ਜੋ ਕੁਝ ਕਿਹਾ ਸੋਹੀ ਕਰ ਵਿਖਾਇਆ। ਉਹ ਸੋਨੀ ਵਾਂਗ ਦਿਮਾਗ ਨਾਲ ਸੋਚ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਜਾਂ ਝੂਠੇ ਵਾਅਦੇ ਨਹੀਂ ਕਰਦਾ, ਜੋ ਦਿਲ ਦੀ ਗੱਲ ਹੈ ਉਹ ਕਹਿ ਦਿੰਦਾ ਹੈ। ਉਹਨਾਂ ਕਿਹਾ ਕਿ ਸੋਨੀ ਅਤੇ ਕਾਂਗਰਸ ਪਾਰਟੀ ਨੇ ਦੇਸ਼ ਦੇ ਭਵਿੱਖ ਨੌਜਵਾਨਾਂ ਦੇ ਰੁਜਗਾਰ ਅਤੇ ਪੜ੍ਹਾਈ ਲਈ ਕੁਝ ਨਹੀਂ ਕੀਤਾ। ਕਾਂਗਰਸ ਸਰਕਾਰਾਂ ਵੇਲੇ ਬੇਰੁਜਗਾਰੀ ਅਨਪੜ੍ਹਤਾ ਮਹਿੰਗਾਈ ਅਤੇ ਅਤਵਾਦ ਵਿੰਚ ਵਾਧਾ ਹੋਇਆ। ਸੋਨੀ ਨੂੰ ਇਹ ਨਹੀਂ ਪਤਾ ਕਿ ਸਮਾਜ ਲਈ ਉਸ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਹੋਣਾ ਚਾਹੀਦਾ ਹੈ। ਉਹ ਸਿਰਫ ਇਕ ਸਿੱਖ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੇ ਮੁੱਦੇ ਤੇ ਹੀ ਲੋਕਾਂ ਤੋਂ ਵੋਟਾਂ ਮੰਗ ਰਿਹਾ ਹੈ, ਸੋਨੀ ਇਹ ਭੁਲ ਗਿਆ ਹੈ ਕਿ ਇਸੇ ਸਿੱਖ ਪ੍ਰਧਾਨ ਮੰਤਰੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਅੰਮ੍ਰਿਤਸਰ ਨੂੰ ਕਈ ਅਹਿਮ ਸਹੂਲਤਾਂ ਦੇਣ ਦਾ ਐਲਾਨ ਕੀਤਾ ਸੀ ਜਿਸ ਵਿੱਚੋ ਕਿਸੇ ਇਕ ਵਾਅਦੇ ਉਤੇ ਹੀ ਪੂਰਾ ਨਹੀਂ ਉਤਰ ਸਕਿਆ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਅੰਮ੍ਰਿਤਸਰ ਆਉਣ ਸਬੰਧੀ ਐਲਾਨ ਦੇ ਬਾਵਜੂਦ ਇਥੇ ਨਾ ਆਉਣ ਕਾਰਨ ਕਾਂਗਰਸੀ ਵਰਕਰਾਂ ਵਿੱਚ ਨਮੋਸ਼ੀ ਪਾਈ ਜਾ ਰਹੀ ਹੈ। ਉਹਨਾਂ ਦਸਿਆ ਕਿ ਸਿੱਧੂ ਅਤੇ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿਕਾਸ ਲਈ 165 ਕਰੋੜ, ਅਰਬਨ ਡਿਵੈਲਪਮੈਂਟ ਲਈ 3150 ਕਰੋੜ ਰੁਪਏ, ਅੰਮ੍ਰਿਤਸਰ ਮੈਡੀਕਲ ਕਾਲਜ ਨੂੰ ਏਸ਼ੀਆ ਦਾਸਭ ਤੋਂ ਵਧੀਆ ਮੈਡੀਕਲ ਕਾਲਜ ਬਣਾਉਣ ਲਈ 160 ਕਰੋੜ, ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ 26 ਕਰੋੜ ਰੁਪਏ ਸਰਕਾਰ ਤੋਂ ਲੈ ਕੇ ਆਉਣਾ ਲੋਕਾਂ ਨੂੰ ਆਪਣੇ ਪ੍ਰਤੀ ਆਕਰਸ਼ਿਤ ਕਰ ਰਿਹਾ ਹੈ। ਇਸ ਤੋਂ ਇਲਾਵਾ ਰਾਜਾ ਸਾਂਸੀ ਏਅਰ ਪੋਰਟ ਨੂੰ ਬਚਾਉਣ ਲਈ ਕੀਤੇ ਗਏ ਯਤਨ ਅਤੇ ਅਟਾਰੀ ਸਰਹੱਦ ਰਾਂਹੀ ਪਾਕਿਸਤਾਨ ਭਾਰਤ ਵਪਾਰ ਨੂੰ ਉਤਸਾਹਤ ਕਰਨ ਲਈ ਪਾਇਆ ਗਿਆ ਯੋਗਦਾਨ ਅੰਮ੍ਰਿਤਸਰ ਦੇ ਵਿਕਾਸ ਲਈ ਮੀਲ ਪੱਥਰ ਸਾਬਤ ਹੋ ਰਿਹਾ ਹੈ। ਜਿਸ ਕਾਰਨ ਲੋਕਾਂ ਨੇ ਇਸ ਵਾਰ ਵੀ ਆਪਣੇ ਹਿੱਤਾਂ ਦੀ ਰਾਖੀ ਅਤੇ ਖੁਸ਼ਹਾਲੀ ਨੂੰ ਸਮਰਪਿਤ ਹੋਏ ਅਕਾਲੀ ਭਾਜਪਾ ਉਮੀਦਵਾਰ ਸ੍ਰ ਸਿੱਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਮਨ ਬਣਾ ਲਿਆ ਹੈ।