ਨਵੀਂ ਦਿੱਲੀ :ਵਿਸ਼ਨੂੰ ਗਾਰਡਨ ਦੀਆਂ 17 ਸਿੰਘ ਸਭਾਵਾਂ ਦੀ ਪ੍ਰਤੀਨਿਧੀ ਸੰਸਥਾਂ ਸ਼੍ਰੋਮਣੀ ਸਿੱਖ ਸੰਗਤ ਦੇ ਪ੍ਰਧਾਨ ਨਰਿੰਦਰ ਸਿੰਘ ਮਠਾਰੂ ਅਤੇ ਵਿਸ਼ਨੂੰ ਗਾਰਡਨ ਮੱਦੀ ਵਾਲੀ ਗਲੀ ਆਰ.ਡਬਲੂ.ਏ. ਦੇ ਪ੍ਰਧਾਨ ਹਰਮਿੰਦਰ ਸਿੰਘ ਨੇ ਇਕ ਸਾਂਝੇ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਤੇ ਦਿਨੀ ਤਿਲਕ ਵਿਹਾਰ ‘ਚ ਸ੍ਰੀ ਅਖੰਡ ਪਾਠ ਸਾਹਿਬ ਰਖਵਾਉਣ ਨੂੰ ਜਾਇਜ਼ ਕਰਾਰ ਦਿੰਦੇ ਹੋਏ ਇਸ ਸੰਬੰਧ ਵਿਚ ਦਿੱਲੀ ਕਮੇਟੀ ਦੇ ਪੱਖ ਦਾ ਪੁਰਜ਼ੋਰ ਸਮਰਥਨ ਵੀ ਕੀਤਾ ਹੈ। ਉਕਤ ਆਗੂਆਂ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧਕਾ ਵਲੋਂ ਪੰਥਕ ਹਿੱਤਾਂ ਅਤੇ 1984 ਦੇ ਪਿੜਤਾਂ ਦੀ ਭਲਾਈ ਦੇ ਟੀਚੇ ਨੂੰ ਮੁੱਖ ਰੱਖਦੇ ਹੋਏ ਜਿਸ ਦਲੇਰੀ ਅਤੇ ਦੁਰਦਰਸ਼ਿਤਾ ਨਾਲ ਪਲਾਟ ਨੂੰ ਦਿੱਲੀ ਕਮੇਟੀ ਦੀ ਅਚਲ ਸੰਪਤੀ ਬਨਾਉਣ ਵਾਸਤੇ ਜੋ ਕਾਰਜ ਕੀਤੇ ਜਾ ਰਹੇ ਹਨ ਓਹ ਕਿਸੇ ਪੱਖੋ ਵੀ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਨਹੀਂ ਕਰਵਾਉਂਦੇ ਹਨ।
ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਪਾਲਨਾ ਨਾ ਹੋਣ ਦੇ ਕੁਝ ਲੋਕਾਂ ਵਲੋਂ ਕੀਤੇ ਜਾ ਰਹੇ ਹੋ-ਹੱਲੇ ਨੂੰ ਵੀ ਬੇਲੋੜਾ ਕਰਾਰ ਦੇਣ ਦੇ ਨਾਲ ਹੀ ਉਕਤ ਆਗੂਆਂ ਨੇ ਉਨ੍ਹਾਂ ਸਿਆਸੀ ਆਗੂਆਂ ਨੂੰ ਆਪਣੀ ਪੀੜੀ ਹੇਠ ਸੋਟਾਂ ਫੇਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਬੀਤੇ ਕੁਝ ਵਰ੍ਹੇ ਪਹਿਲਾਂ ਇਨ੍ਹਾਂ ਦੇ ਪ੍ਰਬੰਧ ਕਾਲ ਵਿਚ ਪੂਸਾ ਰੋੜ ਦੇ ਇਕ ਪੂਜਾ ਸਥਾਨ ਤੋਂ ਜਦੋ ਕੁਝ ਜਾਗਰੂਕ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੁਰਦੁਆਰਾ ਬੰਗਲਾ ਸਾਹਿਬ ਰਹਿਤ ਮਰਯਾਦਾ ਦੇ ਵਿਚ ਹੋ ਰਹੇ ਖਲਲ ਕਰਕੇ ਲੈ ਆਏ ਸਨ ਤੱਦ ਵਾਪਿਸ ਉਸ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਸ ਨਿਜੀ ਮੁਫਾਦ ਵਾਸਤੇ ਇਨ੍ਹਾਂ ਆਗੂਆਂ ਨੇ ਕਰਵਾਇਆ ਸੀ, ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਦੀ ਉਸ ਵੇਲੇ ਦੁਰਵਰਤੋਂ ਨਹੀਂ ਹੋਈ ਸੀ? ਪੰਥਕ ਮਸਲਿਆਂ ਤੇ ਸਾਰੀਆਂ ਧਿਰਾਂ ਨੂੰ ਇਕਜੁੱਟ ਹੋ ਕੇ ਕੌਮ ਦੇ ਹੱਕ ਲਈ ਫੈਸਲੇ ਲੈਣ ਦੀ ਵੀ ਉਕਤ ਆਗੂਆਂ ਨੇ ਅਪੀਲ ਕੀਤੀ।