ਅੰਮ੍ਰਿਤਸਰ – ਕੈਫ਼ੇ ਪ੍ਰੈਸ ਨਾਮ ਦੀ ਕੰਪਨੀ ‘ਤੇ ਡਿਜ਼ਾਈਨਰ ਵੱਲੋਂ ਆਪਣੇ ਵੱਖ-ਵੱਖ ਪ੍ਰੋਡਕਟਾਂ ਉੱਪਰ ਸਿੱਖ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਵਜੋਂ ਚੱਪਲਾਂ, ਟੀ-ਸ਼ਰਟਾਂ ਅਤੇ ਅੰਡਰ ਗਾਰਮੈਂਟ ਉਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਧਾਰਮਿਕ ਚਿੰਨ੍ਹ ਖੰਡਾ, ਸਿੱਖ ਗੁਰੂ ਸਾਹਿਬਾਨ ਤੇ ਹੋਰ ਸਿੱਖਾਂ ਦੀਆਂ ਤਸਵੀਰਾਂ ਛਾਪੇ ਜਾਣ ਦੀ ਕਰੜੇ ਸ਼ਬਦਾਂ ,ਚ ਨਿਖੇਧੀ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਕੰਪਨੀ ਤੇ ਤੁਰੰਤ ਪਾਬੰਧੀ ਲਗਾਈ ਜਾਵੇ ਅਤੇ ਇਸ ਦੇ ਅਧਿਕਾਰੀਆਂ ਮਾਲਕ ਤੇ ਡਿਜ਼ਾਈਨਰ ਖਿਲਾਫ਼ ਸਿੱਖਾਂ ਦੀਆਂ ਧਾਰਮਿਕ ਭਾਵਨਾ ਭੜਕਾਉਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਜਾਵੇ।
ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਪ੍ਰੈਸ ਦੇ ਨਾਮ ਜਾਰੀ ਬਿਆਨ ‘ਚ ਉਨ੍ਹਾਂ ਕਿਹਾ ਹੈ ਕਿ ਕੰਪਨੀ ਤੇ ਇਸ ਦੇ ਡਿਜ਼ਾਈਨਰ ਦੀ ਇਸ ਘਟੀਆ ਕਰਤੂਤ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ। ਇਹ ਸਭ ਕੁਝ ਕੰਪਨੀ ਵੱਲੋਂ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਤੇ ਦੂਸਰੇ ਦੇਸ਼ਾਂ ਦੀ ਤਰੱਕੀ ‘ ਚ ਅਹਿਮ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਦੇ ਧਾਰਮਿਕ ਅਸਥਾਨ, ਸਿੱਖ ਗੁਰੂ ਸਾਹਿਬਾਨ, ਧਾਰਮਿਕ ਚਿੰਨ੍ਹ ਤੇ ਸਿੱਖਾਂ ਦੀਆਂ ਇਸ ਤਰ੍ਹਾਂ ਤਸਵੀਰਾਂ ਛਾਪ ਕੇ ਇਸ ਕੰਪਨੀ ਤੇ ਇਸ ਦੇ ਡਿਜ਼ਾਈਨਰ ਨੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ, ਕੰਪਨੀ ਤੇ ਡਿਜ਼ਾਈਨਰ ਵੱਲੋਂ ਕੀਤਾ ਇਹ ਗੁਨਾਹ ਬਖ਼ਸ਼ਣ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਹਰੇਕ ਧਰਮ ਦਾ ਦਿਲੋਂ ਸਤਿਕਾਰ ਕਰਦੇ ਹਨ ਪਰ ਆਪਣੇ ਧਰਮ ਦੀ ਬੇਅਦਬੀ ਕਦਾਚਿਤ ਵੀ ਬਰਦਾਸ਼ਤ ਨਹੀਂ ਕਰਦੇ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟੀਆ ਹਰਕਤਾਂ ਕਰਕੇ ਸੁਖ ਸ਼ਾਂਤੀ ਨਾਲ ਵਸਦੇ ਧਰਮਾਂ ‘ਚ ਦੂਰੀਆਂ ਪਾਉਣ ਦੀ ਕੋਝੀ ਕੋਸ਼ਿਸ਼ ਕਰਨ ਵਾਲੀ ਕੰਪਨੀ ਤੇ ਇਸ ਦੇ ਪ੍ਰਬੰਧਕ ਤੇ ਡਿਜ਼ਾਈਨਰ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਫ਼ੇ ਪ੍ਰੈਸ ਨਾਮ ਦੀ ਇਸ ਕੰਪਨੀ ਤੇ ਡਿਜ਼ਾਈਨਰ ਵਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਹਰਕਤਾਂ ਨਾਲ ਵਿਸ਼ਵ ਭਰ ‘ਚ ਵਸਦੇ ਸਿੱਖ ਭਾਈਚਾਰੇ ‘ਚ ਭਾਰੀ ਰੋਸ ਤੇ ਰੋਹ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਪੰਥ ਦੀ ਧਾਰਮਿਕ ਸੰਸਥਾ ਹੈ ਤੇ ਕਿਸੇ ਵੱਲੋਂ ਵੀ ਕੀਤੀ ਅਜਿਹੀ ਕੋਝੀ ਹਰਕਤ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕੰਪਨੀ ਤੇ ਡਿਜ਼ਾਈਨਰ ਖਿਲਾਫ਼ ਜਲਦੀ ਹੀ ਸਾਈਬਰ ਕਰਾਈਮ ਪਾਸ ਇਸ ਦੀ ਸ਼ਿਕਾਇਤ ਕੀਤੀ ਜਾਵੇਗੀ। ਉਨ੍ਹਾਂ ਵਿਸ਼ਵ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਕੰਪਨੀ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਤੇ ਇਸ ਕੰਪਨੀ ਵੱਲੋਂ ਇਤਰਾਜ ਯੋਗ ਡਿਜ਼ਾਈਨ ਕੀਤੇ ਪ੍ਰੋਡਕਟ ਨਾ ਖਰੀਦੇ ਜਾਣ ਤਾਂ ਜੋ ਹਰੇਕ ਧਰਮ ਦਾ ਦਿਲੋਂ ਸਤਿਕਾਰ ਬਹਾਲ ਰਹਿ ਸਕੇ।