ਡਾ: ਹਰਸ਼ਿੰਦਰ ਕੌਰ, ਐਮ ਡੀ,
21 ਫਰਵਰੀ 2005 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ ਦੁਖੀ ਹਿਰਦੇ ਨਾਲ ਸਭ ਨੂੰ ਇਹ ਜਾਣਕਾਰੀ ਦਿੱਤੀ ਕਿ ਪਹਿਲੀ ਜਮਾਤ ਵਿਚ ਪੜ੍ਹਨੇ ਪਾਏ ਹਰ 100 ਬੱਚਿਆਂ ਵਿੱਚੋਂ ਸਿਰਫ 47 ਬੱਚੇ ਅੱਠਵੀਂ ਜਮਾਤ ਤਕ ਦੀ ਪੜ੍ਹਾਈ ਪੂਰੀ ਕਰਦੇ ਹਨ। ਇਸਦਾ ਮਤਲਬ ਹੋਇਆ ਕਿ 52.78 ਪ੍ਰਤੀਸ਼ਤ ਬੱਚੇ ਪੜ੍ਹਾਈ ਵਿੱਚੇ ਹੀ ਛਡ ਰਹੇ ਹਨ।
ਇਸ ਵੇਲੇ ਲਗਭਗ 60 ਮਿਲੀਅਨ 6 ਤੋਂ 14 ਸਾਲ ਦੇ ਬੱਚੇ ਸਕੂਲ ਨਹੀਂ ਜਾ ਰਹੇ ਕਿਉਂਕਿ ਹਰ 100 ਵਿੱਚੋਂ 22 ਜਣੇ ਅਜਿਹੇ ਹਨ ਜਿਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਨਸੀਬ ਨਹੀਂ ਹੋ ਰਹੀ ਤੇ ਉਹ ਪੜ੍ਹਾਈ ਬਾਰੇ ਸੋਚਦੇ ਵੀ ਨਹੀਂ। ਇਨ੍ਹਾਂ ਵਿੱਚੋਂ ਵੀ ਕੁੜੀਆਂ ਦੀ ਪੜ੍ਹਾਈ ਉੱਤੇ ਵਧ ਮਾਰ ਪੈ ਰਹੀ ਹੈ ਕਿਉਂਕਿ ਉਨ੍ਹਾਂ ਨੇ ਘਰ ਦੇ ਕੰਮ ਦੇ ਨਾਲ ਨਾਲ ਹੁਣ ਖੇਤੀ ਬਾੜੀ ਵਿਚ ਵੀ ਮਦਦ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਏਸੇ ਲਈ ਜੇ ਮੌਕਾ ਮਿਲ ਰਿਹਾ ਹੋਵੇ ਤਾਂ ਗ਼ਰੀਬ ਘਰਾਂ ਦੀਆਂ 65.46 ਪ੍ਰਤੀਸ਼ਤ ਕੁੜੀਆਂ ਤੇ 82.14 ਪ੍ਰਤੀਸ਼ਤ ਮੁੰਡੇ ਸਕੂਲ ਭੇਜੇ ਜਾਂਦੇ ਹਨ। ਸਿਰਫ਼ ਦੋ ਪ੍ਰਤੀਸ਼ਤ ਤੋਂ ਵੀ ਘੱਟ ਕੁੜੀਆਂ ਜੋ ਖੇਤਾਂ ਵਿਚ ਕੰਮ ਕਰ ਰਹੀਆਂ ਹਨ, ਨਾਲੋ ਨਾਲ ਸਕੂਲ ਪੜ੍ਹਨ ਜਾ ਰਹੀਆਂ ਹਨ।
ਨਤੀਜਾ ਇਹ ਹੋਇਆ ਕਿ ਯੂਨਾਈਟਿਡ ਨੇਸ਼ਨਜ਼ ਨੇ ਅੰਕੜਿਆਂ ਰਾਹੀਂ ਸਾਬਤ ਕਰ ਦਿੱਤਾ ਕਿ ਪੂਰੀ ਦੁਨੀਆ ਵਿੱਚੋਂ ਭਾਰਤ ਵਿਚ ਅਨਪੜ੍ਹ ਲੋਕ ਸਭ ਤੋਂ ਵੱਧ ਹਨ ਜਿਨ੍ਹਾਂ ਵਿਚ ਕਈ ਤਾਂ ਮੰਤਰੀ ਪਦ ਤਕ ਬਿਨਾਂ ਪੜ੍ਹੇ ਪਹੁੰਚੇ ਹੋਏ ਹਨ। ਇਹ ਗਿਣਤੀ 287 ਮਿਲੀਅਨ ਪਹੁੰਚ ਚੁੱਕੀ ਹੋਈ ਹੈ ਜੋ ਕਿ ਪੂਰੀ ਦੁਨੀਆ ਵਿਚਲੇ ਅਨਪੜ੍ਹਾਂ ਦਾ 37 ਪ੍ਰਤੀਸ਼ਤ ਹਿੱਸਾ ਹੈ।
ਸੰਨ 2013-14 ਦੀ ਐਜੂਕੇਸ਼ਨ ਫੌਰ ਆਲ ਗਲੋਬਲ ਮੌਨੀਟਰਿੰਗ ਰਿਪੋਰਟ ਵਿਚ ਛਪਿਆ ਕਿ ਭਾਰਤ ਵਿਚ 1991 ਵਿਚ ਪ੍ਰਾਇਮਰੀ ਪੜ੍ਹੇ ਲਿਖਿਆਂ ਦੀ ਗਿਣਤੀ 48 ਪ੍ਰਤੀਸ਼ਤ ਸੀ ਜੋ ਸੰਨ 2006 ਵਿਚ 63 ਪ੍ਰਤੀਸ਼ਤ ਹੋ ਗਈ। ਇਹ ਵੀ ਕਿਆਸ ਲਾਇਆ ਗਿਆ ਕਿ ਸੰਨ 2080 ਤਕ ਗਰੀਬ ਬ¤ਚੇ ਵੀ ਯੂਨੀਵਰਸਿਟੀ ਪੱਧਰ ਤਕ ਪੜ੍ਹ ਸਕਣਗੇ। ਇਹ ਤੱਥ ਕਿੰਨੇ ਕੁ ਸਹੀ ਹਨ ਜਾਂ ਸਹੀ ਬੈਠਣਗੇ, ਹਾਲੇ ਕੁੱਝ ਪਤਾ ਨਹੀਂ।
ਇਹ ਜ਼ਰੂਰ ਪੱਕਾ ਹੈ ਕਿ ਕਿਸੇ ਮੁਲਕ ਦੀ ਤਰੱਕੀ ਸਿਰਫ ਕੁੱਝ ਪ੍ਰਤੀਸ਼ਤ ਗਿਣੇ ਚੁਣੇ ਚੋਟੀ ਉੱਤੇ ਬੈਠੇ ਲੋਕਾਂ ਦੀ ਪੜ੍ਹਾਈ ਦੇ ਉੱਤੇ ਆਧਾਰਿਤ ਨਹੀਂ ਹੁੰਦੀ ਬਲਕਿ ਪਿਛਾਂਹ ਖਿੱਚੂ ਅਨਪੜ੍ਹਾਂ ਦੀ ਕਾਰਗੁਜ਼ਾਰੀ ਵੀ ਉਸ ਉੱਤੇ ਅਸਰ ਪਾਉਂਦੀ ਹੈ।
ਇਸ ਵੇਲੇ ਦੁਨੀਆ ਭਰ ਦੇ ਗ਼ਰੀਬ ਮੁਲਕਾਂ ਵਿਚਲੇ ਹਰ ਚਾਰਾਂ ਵਿੱਚੋ ਇਕ ਨੌਜਵਾਨ ਅਨਪੜ੍ਹ ਹੈ ਤੇ ਉਹ ਇਕ ਲਾਈਨ ਵੀ ਪੂਰੀ ਤਰ੍ਹਾਂ ਨਹੀਂ ਪੜ੍ਹ ਸਕਦਾ। ਭਾਰਤ ਦੇ ਪਿੰਡਾਂ ਵਿਚ ਵੀ ਗਰੀਬ ਘਰਾਂ ਦੀਆਂ ਕੁੜੀਆਂ ਉੱਤੇ ਅਨਪੜ੍ਹਤਾ ਦੀ ਮਾਰ ਸਭ ਤੋਂ ਵੱਧ ਪੈ ਰਹੀ ਹੈ ਕਿਉਂਕਿ ਉਹ ਘਰੇਲੂ ਕੰਮਾਂ ਦੇ ਨਾਲ ਬਾਹਰੀ ਕੰਮ ਵਿਚ ਵੀ ਹੱਥ ਵਟਾਉਂਦੀਆਂ ਅਤੇ ਛੋਟੀ ਉਮਰੇ ਵਿਆਹੀਆਂ ਜਾਣ ਕਰਕੇ ਵੀ ਪੜ੍ਹ ਹੀ ਨਹੀਂ ਸਕਦੀਆਂ। ਇਹੋ ਹਾਲ ਅੱਗੋਂ ਉਨ੍ਹਾਂ ਦੇ ਘਰ ਵਿਚਲੇ ਬੱਚਿਆਂ ਦਾ ਹੁੰਦਾ ਹੈ।
ਮਹਾਰਾਸ਼ਟਰ ਤੇ ਤਾਮਿਲਨਾਡੂ ਵਰਗੇ ਅਮੀਰ ਸੂਬਿਆਂ ਵਿਚ ਵੀ ਪੇਂਡੂ ਬੱਚਿਆਂ ਵਿੱਚੋਂ ਜਿਹੜੇ ਸੰਨ 2012 ਵਿਚ ਪੰਜਵੀਂ ਜਮਾਤ ਪਾਸ ਕਰ ਚੁੱਕੇ ਸਨ, ਉਨ੍ਹਾਂ ਵਿੱਚੋਂ 44 ਪ੍ਰਤੀਸ਼ਤ ਮਹਾਰਾਸ਼ਟਰ ਦੇ ਅਤੇ 53 ਪ੍ਰਤੀਸ਼ਤ ਤਾਮਿਲਨਾਡੂ ਦੇ ਬੱਚੇ ਹਿਸਾਬ ਦਾ ਸੌਖੇ ਤੋਂ ਸੌਖਾ ਮਨਫੀ ਦਾ ਸਵਾਲ ਹਲ ਕਰ ਸਕਣ ਵਿਚ ਵੀ ਅਸਮਰਥ ਸਨ। ਇਨ੍ਹਾਂ ਵਿੱਚੋਂ ਵੀ ਹਰ ਤਿੰਨਾਂ ਵਿੱਚੋਂ ਦੋ ਕੁੜੀਆਂ ਮੁੰਡਿਆਂ ਨਾਲੋਂ ਵਧੀਆ ਤਰੀਕੇ ਸਵਾਲ ਹੱਲ ਕਰ ਰਹੀਆਂ ਸਨ। ਇਹ ਤਾਂ ਸਪਸ਼ਟ ਹੋ ਹੀ ਗਿਆ ਕਿ ਕਿਸ ਪੱਧਰ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ ਤੇ ਸਿਰਫ਼ ਪੜ੍ਹੇ ਲਿਖੇ ਅਨਪੜ੍ਹ ਤਿਆਰ ਕੀਤੇ ਜਾ ਰਹੇ ਹਨ।
ਦੂਜੀ ਗ¤ਲ ਇਹ ਗੱਲ ਪੱਕੀ ਹੋ ਗਈ ਕਿ ਜੇ ਮੌਕਾ ਦਿੱਤਾ ਜਾਵੇ ਤਾਂ ਕੁੜੀਆਂ ਵੱਧ ਮਿਹਨਤ ਕਰਦੀਆਂ ਹਨ ਤੇ ਪੜ੍ਹਨ ਬਾਅਦ ਯਾਦ ਰੱਖਣ ਦੀ ਸਮਰਥਾ ਵੀ ਕੁੜੀਆਂ ਵਿਚ ਮੁੰਡਿਆਂ ਨਾਲੋਂ ਵਧ ਹੁੰਦੀ ਹੈ। ਸੰਨ 2001 ਤੋਂ ਸੰਨ 2011 ਤੱਕ ਦੇ ਇੱਕਠੇ ਕੀਤੇ ਅੰਕੜੇ ਵੀ ਇਹੀ ਸਪਸ਼ਟ ਕਰ ਰਹੇ ਹਨ ਕਿ ਕੁੜੀਆਂ (11.8 ਪ੍ਰਤੀਸ਼ਤ) ਮੁੰਡਿਆਂ (6.9 ਪ੍ਰਤੀਸ਼ਤ) ਨਾਲੋਂ ਵਧ ਨੰਬਰ ਲੈ ਕੇ ਅਗਾਂਹ ਪੜ੍ਹਾਈ ਕਰਨ ਦੀਆਂ ਚਾਹਵਾਨ ਹਨ।
ਇਹ ਚਾਅ ਇਸਲਈ ਪੂਰੀ ਨਹੀਂ ਹੁੰਦੀ ਕਿਉਂਕਿ ਇਨ੍ਹਾਂ ਬੱਚੀਆਂ ਨੂੰ ਅੱਗੋਂ ਪੜਾਉਣ ਵਾਲਾ ਕੋਈ ਅਧਿਆਪਕ ਮਿਲਦਾ ਹੀ ਨਹੀਂ। ਭਾਰਤ ਦੇ ਛੇ ਲੱਖ ਪਿੰਡਾਂ ਅਤੇ ਸ਼ਹਿਰੀ ਪਛੜੇ ਇਲਾਕਿਆਂ ਵਿਚ ਪੜ੍ਹਾਉਣ ਲਈ ‘ਕੁਆਲੀਫਾਈਡ’ ਅਧਿਆਪਕ ਨਹੀਂ ਹਨ ਤੇ ਗੁਜ਼ਾਰਾ ਚਲਾਉਣ ਲਈ ‘ਅਧਪੜ੍ਹ’ ਲਾਏ ਗਏ ਹਨ।
ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜ਼ੇਸ਼ਨ ਨੇ ਇਹ ਤੱਥ ਮੰਨਿਆ ਹੈ ਕਿ ਇਸੇ ਘਾਟ ਕਾਰਣ 36.8 ਪ੍ਰਤੀਸ਼ਤ ਬੱਚੇ ਹੀ ਪ੍ਰਾਇਮਰੀ ਸਿੱਖਿਆ ਪੂਰੀ ਕਰ ਰਹੇ ਹਨ ਅਤੇ ਪੂਰੇ ਭਾਰਤ ਵਿਚ ਹਰ 43 ਬੱਚਿਆਂ ਪਿੱਛੇ ਇਸ ਸਮੇਂ ਇਕ ਅਧਿਆਪਕ ਹੈ।
ਜਾਤ ਪਾਤ ਦੇ ਪਾੜ ਕਾਰਣ ਵੀ ਬਥੇਰੇ ਬੱਚੇ ਖ਼ਾਸ ਕਰ ਕੁੜੀਆਂ ਸਕੂਲ ਦਾ ਮੂੰਹ ਨਹੀਂ ਵੇਖਦੀਆਂ।
ਯੂ.ਐਨ.ਓ. ਨੇ ਇਹ ਗੱਲ ਤੱਥਾਂ ਦੇ ਆਧਾਰ ਉੱਤੇ ਕਹੀ ਹੈ ਕਿ ਜਿੱਥੇ ਅਨਪੜ੍ਹ ਔਰਤਾਂ ਹੋਣ, ਉੱਥੇ ਮੁਲਕਾਂ ਦੀ ਤਰੱਕੀ ਤਾਂ ਰੁਕਦੀ ਹੀ ਹੈ ਪਰ ਜਨਸੰਖਿਆ ਵੀ ਵਧਦੀ ਜਾਂਦੀ ਹੈ ਕਿਉਂਕਿ ਔਰਤਾਂ ਨੂੰ ਨਾ ਆਪਣੇ ਹੱਕਾਂ ਬਾਰੇ ਪਤਾ ਹੁੰਦਾ ਹੈ ਤਾਂ ਨਾ ਹੀ ਗਰਭ ਨਿਰੋਧਕ ਤਰੀਕਿਆਂ ਬਾਰੇ। ਇਹ ਔਰਤਾਂ ਜ਼ੁਲਮ ਦੀਆਂ ਸ਼ਿਕਾਰ ਵੀ ਵੱਧ ਹੁੰਦੀਆਂ ਹਨ।
ਅਨਪੜ੍ਹਤਾ ਦਾ ਇਕ ਹੋਰ ਕਾਰਣ ਜੋ ਭਾਰਤ ਵਿਚ ਉਭਰ ਕੇ ਸਾਹਮਣੇ ਆ ਰਿਹਾ ਹੈ ਤੇ ਚਿੰਤਾ ਦਾ ਵਿਸ਼ਾ ਹੈ, ਉਹ ਹੈ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਗੁਸਲਖ਼ਾਨਿਆਂ ਤੇ ਪੀਣ ਦੇ ਪਾਣੀ ਦੀ ਘਾਟ।
ਪੰਜਾਬ, ਹਰਿਆਣਾ, ਹਿਮਾਚਲ ਦੇ 188 ਸਰਕਾਰੀ ਸਕੂਲਾਂ ਦੇ ਸਰਵੇਖਣ ਬਾਅਦ ਪਤਾ ਲੱਗਿਆ ਕਿ 59 ਪ੍ਰਤੀਸ਼ਤ ਵਿਚ ਪੀਣ ਦਾ ਪਾਣੀ ਨਹੀਂ ਸੀ ਤੇ 89 ਪ੍ਰਤੀਸ਼ਤ ਵਿਚ ਕੋਈ ਗੁਸਲਖ਼ਾਨਾ ਨਹੀਂ ਸੀ। ਇਸ ਘਾਟ ਕਾਰਣ ਵੀ ਮਜਬੂਰੀ ਤਹਿਤ ਕਈ ਬ¤ਚੀਆਂ ਸਕੂਲ ਜਾਣ ਤੋਂ ਕਤਰਾਉਣ ਲੱਗ ਪਈਆਂ ਹਨ। ਲਗਭਗ 42 ਪ੍ਰਤੀਸ਼ਤ ਸਕੂਲਾਂ ਵਿਚ ਕਲਾਸਰੂਮ ਪੂਰੇ ਨਹੀਂ ਸਨ ਤੇ ਬਾਕੀਆਂ ਵਿਚ ਪੂਰੇ ਅਧਿਆਪਕ ਨਹੀਂ ਸਨ।
ਅੰਤਰਰਾਸ਼ਟਰੀ ਲਿਟਰੇਸੀ ਵਾਲੇ ਦਿਨ (8 ਸਤੰਬਰ) ਸੰਨ 2013 ਵਿਚ ਇਹ ਅੰਕੜੇ ਜਾਰੀ ਹੋਏ ਕਿ ਚੀਨ ਦੇ 15 ਤੋਂ 24 ਸਾਲ ਦੇ 99.4 ਪ੍ਰਤੀਸ਼ਤ, ਸ੍ਰੀ¦ਕਾ ਦੇ 98 ਪ੍ਰਤੀਸ਼ਤ, ਬਰਮਾ ਦੇ 94.4 ਪ੍ਰਤੀਸ਼ਤ, ਇਰਾਨ ਦੇ 95 ਪ੍ਰਤੀਸ਼ਤ ਅਤੇ ਬੰਗਾਲਦੇਸ਼ ਦੇ 69 ਪ੍ਰਤੀਸ਼ਤ ਲੋਕ ਪੜ੍ਹੇ ਲਿਖੇ ਹਨ।
ਇਹ ਸਭ ਜਾਣ ਲੈਣ ਬਾਅਦ ਕੀ ਹਾਲੇ ਵੀ ਅੱਗੇ ਦੱਸੇ ਮੁੱਦੇ ਭਾਰਤ ਵਾਸੀਆਂ ਨੂੰ ਸ਼ਰਮਿੰਦਾ ਕਰਨ ਲਈ ਬਥੇਰੇ ਨਹੀਂ?
- ਸਕੂਲਾਂ ਦੀ ਘਾਟ
- ਅਧਿਆਪਿਕਾਂ ਦੀ ਘਾਟ
- ਸਕੂਲਾਂ ਵਿਚ ਕਮਰਿਆਂ ਦੀ ਘਾਟ
- ਸਕੂਲਾਂ ਵਿਚ ਪੀਣ ਵਾਲੇ ਪਾਣੀ ਦੀ ਘਾਟ
- ਸਕੂਲਾਂ ਵਿਚ ਗੁਸਲਖ਼ਾਨਿਆਂ ਦਾ ਨਾ ਹੋਣਾ
- ਦੁਨੀਆ ਭਰ ਵਿੱਚੋਂ ਅਨਪੜ੍ਹਾਂ ਦੀ ਵੱਧ ਗਿਣਤੀ ਸਦਕਾ ਪਹਿਲੇ ਨੰਬਰ ਉੱਤੇ ਪਹੁੰਚਣਾ
- ਅਤਿ ਦੀ ਗਰੀਬੀ ਜਿਸ ਵਿਚ 22 ਪ੍ਰਤੀਸ਼ਤ ਨੂੰ ਦੋ ਵੇਲੇ ਵੀ ਰੋਟੀ ਵੀ ਨਾ ਨਸੀਬ ਹੋਣੀ
- ਅਧਿਆਪਿਕਾਂ ਦੀ ਬੇਕਦਰੀ, ਘਟ ਤਨਖ਼ਾਹਾਂ ਤੇ ਸਹੂਲਤਾਂ ਤੋਂ ਸੱਖਣੇ ਰੱਖਣਾ
- ਸਕੂਲਾਂ ਵਿਚ ਲਾਇਬਰੇਰੀਆਂ ਦੀ ਘਾਟ
- ਖੇਡਣ ਦੇ ਗਰਾਊਂਡ ਨਾ ਹੋਣੇ
ਕੀ ਬਿਜਲੀ ਪਾਣੀ ਸੜਕਾਂ ਤੋਂ ਅਗਾਂਹ ਲੰਘ ਕੇ ਵਿਦਿਆ, ਸਕੂਲ, ਅਨਪੜ੍ਹਤਾ ਵਰਗੇ ਮੁੱਦੇ ਵੀ ਕਦੇ ਚੁਣਾਵੀ ਮੁੱਦੇ ਬਣਨਗੇ?
ਗ¤ਲ 14 ਮਾਰਚ 2014 ਦੀ ਹੈ। ਸ਼ਾਮ ਵੇਲੇ ਆਇਆ ਇਕ ਫ਼ੋਨ ਮੈਨੂੰ ਅੰਦਰ ਤੱਕ ਹਲੂਣਾ ਦੇ ਗਿਆ। ਇਕ ਪਿੰ੍ਰਸੀਪਲ ਨੇ ਆਪਣੀ ਗ਼ਰੀਬ ਵਿਦਿਆਰਥਣ ਦੀ ਮਜਬੂਰੀ ਬਾਰੇ ਮੈਨੂੰ ਦੱਸਿਆ। ਉਸ ਬੱਚੀ ਦਾ ਮਤਰੇਆ ਪਿਓ ਸਕੂਲ ਦੀ ਫੀਸ ਦੇਣ ਦੇ ਬਦਲੇ ਰਾਤ ਨੂੰ ਉਸਨੂੰ ਆਪਣੇ ਬਿਸਤਰੇ ਵਿਚ ਸੱਦ ਰਿਹਾ ਸੀ ਤੇ ਮਾਂ ਦੂਜੀ ਧੀ ਸਦਕਾ ਚੁੱਪੀ ਸਾਧ ਕੇ ਬੈਠੀ ਸੀ।
ਅਜਿਹੀਆਂ ਬੱਚੀਆਂ ਦੇ ਹੱਕ ਵਿਚ ਵੀ ਕੋਈ ਆਵਾਜ਼ ਚੁੱਕੇਗਾ? ਕੀ ਹੁਣ ਪੰਜਾਬ ਵਿਚ ਬੱਚੀ ਦੀ ਪੜ੍ਹਨ ਦੀ ਸੱਧਰ ਪਿਓ ਹੱਥੋ ਪੱਤ ਲੁਟਾ ਕੇ ਪੂਰੀ ਹੋਵੇਗੀ? ਲਾਅਨਤ ਹੈ, ਲੱਖ ਲਾਅਨਤ!!