ਅੰਮ੍ਰਿਤਸਰ – ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਚਰਚਿਤ ਹੋ ਚੁੱਕੇ ਚੋਣ ਮੁਕਾਬਲੇ ਦੌਰਾਨ ਸ਼ਹਿਰੀ ਵੋਟ ‘ਤੇ ਨਜ਼ਰਾਂ ਟਿਕਾਈ ਬੈਠੇ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਅੰਮ੍ਰਿਤਸਰ ਦਖਣੀ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜ ਚੁੱਕੇ ਪੰਜਾਬ ਕਾਂਗਰਸ ਦੇ ਮੌਜੂਦਾ ਸਕੱਤਰ ਅਤੇ ਜ਼ਿਲ੍ਹਾ ਯੂਥ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਨਵਦੀਪ ਸਿੰਘ ਗੋਲਡੀ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਕਾਹਲੀ ਨਾਲ ਸੱਦੀ ਗਈ ਪ੍ਰੈਸ ਮਿਲਨੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਰੁਣ ਜੇਤਲੀ, ਮੰਤਰੀ ਬਿਕਰਮ ਸਿੰਘ ਮਜੀਠੀਆ, ਅਨਿਲ ਜੋਸ਼ੀ, ਕਮਲ ਸ਼ਰਮਾ, ਇੰਦਰਬੀਰ ਸਿੰਘ ਬੁਲਾਰੀਆ ਅਤੇ ਮੇਅਰ ਸ੍ਰੀ ਬਖਸ਼ੀਰਾਮ ਅਰੋੜਾ ਦੀ ਮੌਜੂਦਗੀ ਵਿੱਚ ਸ੍ਰੀ ਗੋਲਡੀ ਦਾ ਸਿਰੋਪਾ ਪਾ ਕੇ ਅਕਾਲੀ ਦਲ ਵਿੱਚ ਆਉਣ ‘ਤੇ ਸਵਾਗਤ ਕੀਤਾ ਤਾਂ ਸ੍ਰੀ ਗੋਲਡੀ ਨੇ ਸ੍ਰੀ ਅਰੁਣ ਜੇਤਲੀ ਦੀ ਜਿੱਤ ਲਈ ਡੱਟਣ ਦਾ ਐਲਾਨ ਕਰ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਬਾਦਲ ਨੇ ਇਸ ਮੌਕੇ ਕਿਹਾ ਕਿ ਨਵਦੀਪ ਗੋਲਡੀ ਵਰਗੇ ਮਿਹਨਤੀ ਅਤੇ ਜ਼ਮੀਨ ਨਾਲ ਜੁੜੇ ਆਗੂਆਂ ਅਤੇ ਵਰਕਰਾਂ ਦਾ ਅਕਾਲੀ ਦਲ ਵਿੱਚ ਸ਼ਾਮਿਲ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਕਾਂਗਰਸ ਪਾਰਟੀ ਵਿੱਚ ਮਿਹਨਤੀ ਵਰਕਰਾਂ ਦੀ ਕੋਈ ਕਦਰ ਨਹੀਂ ਰਹੀ ਅਤੇ ਇਸੇ ਕਰਕੇ ਹੀ ਕਾਂਗਰਸ ਆਮ ਲੋਕਾਂ ਦੇ ਮਸਲਿਆਂ ਅਤੇ ਜ਼ਮੀਨੀ ਹਕੀਕਤਾਂ ਨਾਲੋਂ ਪੂਰੀ ਤਰ੍ਹਾਂ ਟੁੱਟ ਕੇ ਸਮੁੱਚੇ ਦੇਸ਼ ਵਿੱਚ ਇਤਿਹਾਸਕ ਹਾਰ ਵੱਲ ਵੱਧ ਰਹੀ ਹੈ। ਸ: ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਹਨ ਅਤੇ ਕੈਪਟਨ ਦੇ ਸਾਹਮਣੇ ਨੰਬਰ ਬਣਾਉਣ ਦੀ ਦੌੜ ਵਿੱਚ ਲੱਗੇ ਹੋਏ ਹਨ । ਸਮੁੱਚੀ ਪੰਜਾਬ ਕਾਂਗਰਸ ਇਸ ਵਕਤ ਬੇਵਿਸ਼ਵਾਸ਼ੀ ਦੇ ਆਲਮ ਦਾ ਸ਼ਿਕਾਰ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਵਿੱਤੀ ਐਮਰਜੰਸੀ ਲਾਉਣ ਦੀ ਮੰਗ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਵਿੱਤੀ ਐਮਰਜੰਸੀ ਦੇ ਹਾਲਾਤ ਪੰਜਾਬ ਦੇ ਨਹੀਂ ਸਗੋਂ ਖੁਦ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਕਾਂਗਰਸ ਵਿੱਚ ਸਿਆਸੀ ਐਮਰਜੰਸੀ ਵਾਲੀ ਸਥਿਤੀ ਬਣਨ ਜਾ ਰਹੀ ਹੈ।
ਇਸ ਮੌਕੇ ਲੋਕ ਸਭਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਅੱਜ ਹਵਾ ਭਾਜਪਾ ਦੇ ਪੱਖ ਵਿੱਚ ਚੱਲ ਰਹੀ ਹੈ ਅਤੇ ਤੀਜੇ ਗੇੜ ਦੀਆਂ ਵੋਟਾਂ ਪੈਣ ਦੇ ਰੁਝਾਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਸਮੁੱਚੇ ਦੇਸ਼ ਵਿੱਚ ਤੀਸਰੇ ਸਥਾਨ ‘ਤੇ ਚਲੀ ਗਈ ਹੈ। ਇਸ ਮੌਕੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਵਿੱਚ ਸ਼ਾਮਿਲ ਹੋਏ ਮਨਦੀਪ ਸਿੰਘ ਮੰਨਾ ਵੱਲੋਂ ਆਪਣੇ ਆਪ ਨੂੰ ਯੂਥ ਅਕਾਲੀ ਨਾਲ ਸਬੰਧਿਤ ਦੱਸੇ ਜਾਣ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਮੰਨੇ ਵਰਗੇ ਗਲਤ ਅਨਸਰਾਂ ਦਾ ਅਕਾਲੀ ਦਲ ਜਾਂ ਯੂਥ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਹੈ ਅਤੇ ਅਜਿਹੇ ਲੋਕਾਂ ਦਾ ਕਾਂਗਰਸ ਵਿੱਚ ਜਾਣਾ ਹੀ ਸਹੀ ਹੈ। ਉਨ੍ਹਾਂ ਕੈਪਟਨ ਦੇ ਪੀ ਏ ਵੱਲੋਂ ਪੱਤਰਕਾਰਾਂ ਨਾਲ ਕੀਤੀ ਜਾ ਰਹੀ ਬਦਸਲੂਕੀ ਦੀ ਵੀ ਨਿਖੇਧੀ ਕੀਤੀ ਅਤੇ ਇਸ ਨੂੰ ਹਾਰ ਦੀ ਨਿਸ਼ਾਨੀ ਕਰਾਰ ਦਿੱਤਾ। ਞ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਦੀਪ ਸਿੰਘ ਗੋਲਡੀ ਨੇ ਕਿਹਾ ਕਿ ਉਹ ਬਿਕਰਮ ਸਿੰਘ ਮਜੀਠੀਆ ਦੀ ਪ੍ਰੇਰਨਾ ਸਦਕਾ ਬਿਨ੍ਹਾਂ ਸ਼ਰਤਾਂ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਕਾਂਗਰਸ ਦੇ ਅੰਦਰੂਨੀ ਹਾਲਾਤਾਂ ਦੇ ਅਹਿਮ ਖੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਸੋਚ ਸਮਝ ਕੇ ਲਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਜੋ ਰਜਵਾੜਾਸ਼ਾਹੀ ਬਿਰਤੀ ਵਾਲੇ ਹਨ ਅਤੇ ਦੂਜੇ ਪਾਸੇ ਅੰਮ੍ਰਿਤਸਰ ਲਈ ਅਰੁਣ ਜੇਤਲੀ ਤੋਂ ਵਧੀਆ ਉਮੀਦਵਾਰ ਹੋ ਹੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿਸ ਕੈਪਟਨ ਨੂੰ ਲੋਕਾਂ ਤੋਂ ਬਦਬੂ ਆਉਂਦੀ ਹੈ ਉਹ ਲੋਕਾਂ ਵਿੱਚ ਕਿਵੇਂ ਵਿਚਰਿਆ ਹੈ। ਉਨ੍ਹਾਂ ਕਿਹਾ ਕਿ ਜੋ ਕੈਪਟਨ ਐਮ ਐਲ ਏ ਮੀਨੀਸਟਰਾਂ ਨੂੰ ਨਹੀਂ ਮਿਲਦਾ ਰਿਹਾ ਅਤੇ ਪਿੱਛਲੇ 15 ਸਾਲਾਂ ਤੋਂ ਆਪਣੀ ਜੋ ਆਦਤ ਬਣੀ ਸੀ ਉਸ ‘ਚ ਅੱਜ ਵੀ ਕੋਈ ਫਰਕ ਨਹੀਂ ਪਿਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੈਪਟਨ ਨੇ ਜ਼ਿਮਨੀ ਚੋਣ ਦੌਰਾਨ ਉਸਨੂੰ ਹਰਾਉਣ ਲਈ ਉਚੇਚੇ ਤੌਰ ‘ਤੇ ਫੁਰਮਾਨ ਜਾਰੀ ਕੀਤਾ ਸੀ। ਉਨ੍ਹਾਂ ਕੈਪਟਨ ਨੂੰ ਸਵਾਲ ਕੀਤਾ ਕਿ ਉਹ ਉਸ ਵੇਲੇ ਕਿੱਥੇ ਸੀ ਜਦੋਂ ਸ਼ਹਿਰ ਦੇ ਕਾਂਗਰਸੀ ਆਗੂ ਅਤੇ ਵਰਕਰ ਸੰਘਰਸ਼ ਦੇ ਰਾਹ ਪਏ ਸੀ। ਉਨ੍ਹਾਂ ਕਾਂਗਰਸ ਵਿੱਚ ਆਪਸੀ ਬੇਵਿਸ਼ਵਾਸ਼ੀ ਦੀ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਵਿੱਚ ਉਮੀਦਵਾਰ ਪ੍ਰਤੀ ਵਫਾਦਾਰੀ ਲਈ ਸੋਹਾਂ ਖਵਾਉਣ ਦੀ ਨੌਬਤ ਆ ਗਈ ਹੈ ਜਿਸ ਲਈ ਰਾਣਾ ਗੁਰਜੀਤ ਸਿੰਘ ਦੀ ਵਿਸ਼ੇਸ਼ ਡਿਉਟੀ ਲਗਾਈ ਗਈ ਹੈ