ਫ਼ਤਹਿਗੜ੍ਹ ਸਾਹਿਬ – “ਕਿਸੇ ਮੁਲਕ, ਸੂਬੇ ਵਿਚ ਹੋਣ ਵਾਲੀ ਕਿਸੇ ਤਰ੍ਹਾਂ ਦੀ ਘਰੇਲੂ ਜੰਗ ਵਿਚ ਸਰਕਾਰੀ ਦਹਿਸਤਗਰਦੀ ਅਧੀਨ ਬੇਗੁਨਾਹਾਂ ਨੂੰ ਮਾਰਨਾਂ “ਜ਼ੁਰਮ” ਹੈ । ਸਿੱਖ ਮਜ੍ਹਬ ਵਿਚ ਵੀ ਮਨੁੱਖਤਾ ਦਾ ਘਾਣ ਕਰਨਾ ਭੈੜਾ ਮੰਨਿਆ ਜਾਂਦਾ ਹੈ । ਜੋ ਕੈਪਟਨ ਅਮਰਿੰਦਰ ਸਿੰਘ ਵੱਲੋਂ 35 ਹਜ਼ਾਰ ਹਿੰਦੂਆਂ ਦੇ ਮਰਨ ਦੀ ਗੱਲ ਕੀਤੀ ਜਾ ਰਹੀ ਹੈ, ਉਹ ਵੀ ਜਨੇਵਾ ਕੰਨਵੈਨਸ਼ਨਜ਼ ਆਫ਼ ਵਾਰ ਦੇ ਕਾਨੂੰਨ ਦੀ ਘੋਰ ਉਲੰਘਣਾ ਹੈ । ਉਸ ਸੰਬੰਧੀ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣਾ ਚਾਹਵਾਂਗੇ ਕਿ ਉਹਨਾਂ ਦੀ ਪੰਜਾਬ ਵਿਚ ਸਰਕਾਰ ਰਹੀ ਹੈ, ਬਾਦਲ-ਬੀਜੇਪੀ ਦੀ ਸਰਕਾਰ ਵੀ ਰਹੀ ਹੈ, ਸੈਟਰ ਵਿਚ ਕਾਂਗਰਸ ਤੇ ਬੀਜੇਪੀ ਦੀਆਂ ਯੂਪੀਏ ਅਤੇ ਐਨ.ਡੀ.ਏ. ਦੀਆਂ ਸਰਕਾਰਾਂ ਰਹੀਆਂ ਹਨ । ਇਹਨਾਂ ਸਰਕਾਰਾਂ ਨੇ ਇਸ ਹੋਏ ਮਨੁੱਖਤਾ ਦੇ ਘਾਣ ਦੀ ਛਾਣਬੀਨ ਕਰਵਾਉਣ ਦੀ ਜਿੰਮੇਵਾਰੀ ਕਿਉਂ ਨਹੀਂ ਨਿਭਾਈ ? ਜਦੋਂਕਿ ਅਜਿਹੀਆਂ ਜਿੰਮੇਵਾਰੀਆਂ ਪੂਰੀਆਂ ਕਰਨਾ ਸਰਕਾਰਾਂ ਦਾ ਕੰਮ ਹੁੰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਸਮੇਂ ਵਿਚ ਮਾਰੇ ਗਏ 35 ਹਜ਼ਾਰ ਹਿੰਦੂਆਂ ਦੀ ਕੀਤੀ ਜਾ ਰਹੀ ਮਨੁੱਖਤਾ ਪੱਖੀ ਗੱਲ ਦਾ ਸਹੀ ਨਤੀਜਾ ਨਾ ਕੱਢਣ ਲਈ ਕਾਂਗਰਸ, ਬੀਜੇਪੀ ਅਤੇ ਬਾਦਲ ਦਲੀਆਂ ਦੀਆਂ ਅਣਗਹਿਲੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਸ. ਬਾਦਲ ਵਰਗਿਆ ਨੂੰ ਹੀ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਉਹਨਾਂ ਇਕ ਹੋਰ ਇਂਕਸਾਫ਼ ਕਰਦੇ ਹੋਏ ਕਿਹਾ ਕਿ ਭਾਰਤ ਦੇ ਹੁਕਮਰਾਨਾਂ ਦੀ ਇਹ ਸੋਚ ਰਹੀ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਸਾਜ਼ਸੀ ਢੰਗਾਂ ਰਾਹੀ ਸਿੱਖ ਕੌਮ ਨੂੰ “ਦਹਿਸਤਗਰਦ” ਐਲਾਨਕੇ ਕੌਮਾਂਤਰੀ ਪੱਧਰ ਤੇ ਬਦਨਾਮ ਕਰਦੇ ਰਹਿਣ । ਕਿਉਕਿ ਜਿਸ ਕੌਮ ਉਤੇ ਦਹਿਸਤਗਰਦ ਦਾ ਦੋਸ਼ ਲੱਗ ਜਾਵੇ, ਉਹ ਸਿਆਸੀ ਤੌਰ ਤੇ ਅਤੇ ਸਮਾਜਿਕ ਤੌਰ ਤੇ ਅਗਾਹ ਨਹੀਂ ਵੱਧ ਸਕਦੀ । ਖ਼ਾਲਿਸਤਾਨ ਦੀ ਸਿੱਖ ਕੌਮ ਵੱਲੋਂ ਉੱਠ ਰਹੀ ਜੋਰਦਾਰ ਮੰਗ ਦੇ ਅਸਰ ਨੂੰ ਘੱਟ ਕਰਨ ਹਿੱਤ ਹੀ ਸਿੱਖ ਕੌਮ ਨੂੰ ਭਾਰਤ ਵਿਚ ਅਤੇ ਕੌਮਾਂਤਰੀ ਪੱਧਰ ਉਤੇ ਬਦਨਾਮ ਕਰਨ ਦੇ ਨਿਰੰਤਰ ਅਮਲ ਹੁੰਦੇ ਆ ਰਹੇ ਹਨ । ਇਸ ਕੰਮ ਲਈ ਹਕੂਮਤਾਂ ਨੇ ਰੀਬੇਰੋ, ਕੇ.ਪੀ.ਐਸ. ਗਿੱਲ, ਐਸ.ਐਸ. ਵਿਰਕ, ਸੁਮੇਧ ਸੈਣੀ, ਐਨ.ਪੀ.ਐਸ. ਔਲਖ ਵਰਗੇ ਪੁਲਿਸ ਅਫ਼ਸਰਾਂ ਨੂੰ ਪੰਜਾਬ ਦੇ ਡੀ.ਜੀ.ਪੀ. ਬਣਾਕੇ ਭੇਜਿਆ ਅਤੇ ਉਹਨਾਂ ਦੇ ਪੁਲਿਸ ਪ੍ਰਬੰਧ ਹੇਠ “ਵਿਰਕ ਸੈਨਾ” “ਆਲਮ ਸੈਨਾ” ਦੇ ਨਾਮ ਹੇਠ ਵੱਡੀ ਗਿਣਤੀ ਵਿਚ ਸਰਕਾਰੀ ਸਰਪ੍ਰਸਤੀ ਹੇਠ ਕੈਟ ਪਾਲੇ ਹੋਏ ਸਨ। ਜੋ ਇਹਨਾਂ ਦੇ ਇਸ਼ਾਰਿਆ ਉਤੇ ਪੰਜਾਬ ਵਿਚ ਕਤਲੋਗਾਰਤ, ਲੁੱਟਾ-ਖੋਹਾਂ, ਧੀਆਂ-ਭੈਣਾ ਨਾਲ ਜ਼ਬਰ-ਜ਼ਨਾਹ ਦੇ ਅਮਲ ਕਰਦੇ ਰਹੇ ਹਨ । ਤਾਂ ਕਿ ਸਿੱਖ ਕੌਮ ਨੂੰ ਬਦਨਾਮ ਕਰਨਾ ਜਾਰੀ ਰੱਖਿਆ ਜਾ ਸਕੇ । ਉਹਨਾਂ ਕਿਹਾ ਕਿ ਜੋ ਕੈਟ ਇਹਨਾਂ ਦੀ ਨਜ਼ਰ ਵਿਚ ਇਹਨਾਂ ਦੇ ਕੰਮ ਕਰਨ ਦੇ ਯੋਗ ਨਹੀਂ ਸਨ, ਇਹਨਾਂ ਨੇ ਉਹਨਾਂ ਨੂੰ ਝੂਠੇ ਪੁਲਿਸ ਮੁਕਬਾਲਿਆ ਵਿਚ ਖ਼ਤਮ ਕਰਵਾਇਆ । ਜੋ ਇਹਨਾਂ ਦੇ ਵਫਾਦਾਰ ਸਨ, ਉਹਨਾਂ ਕੈਟਾ ਨੂੰ ਕੈਨੇਡਾ, ਨਿਊਜੀਲੈਡ, ਆਸਟ੍ਰੇਲੀਆ ਅਤੇ ਯੂਕੇ ਵਰਗੇ ਮੁਲਕਾਂ ਵਿਚ ਸੁਰੱਖਿਅਤ ਕਰਕੇ ਚੰਗੀਆਂ ਥਾਵਾ ਤੇ ਭੇਜ ਦਿੱਤਾ । ਜਿਵੇ ਕਿ ਸਾਬਕਾ ਐਸ.ਐਸ.ਪੀ. ਤਰਨਤਾਰਨ ਅਜੀਤ ਸਿੰਘ ਸੰਧੂ ਦੇ ਸਥਾਨ ਤੇ ਇਕ ਭਈਏ ਨੂੰ ਮਾਰਕੇ ਇਹ ਸਾਬਤ ਕਰ ਦਿੱਤਾ ਕਿ ਸ. ਸੰਧੂ ਨੇ ਆਤਮ ਹੱਤਿਆ ਕਰ ਲਈ ਹੈ ਅਤੇ ਉਹ ਅੱਜ ਕੈਨੇਡਾ ਵਿਚ ਸੁਰੱਖਿਅਤ ਬੈਠਾ ਹੈ ਅਤੇ ਜਿਸ ਉਤੇ ਅਨੇਕਾ ਹੀ ਸਿੱਖ ਨੌਜ਼ਵਾਨਾਂ ਦੇ ਕਤਲੇਆਮ ਦਾ ਦੋਸ਼ ਹੈ। ਅਜਿਹੇ ਕੈਟ ਅੱਜ ਵੀ ਕਾਂਗਰਸ ਜਮਾਤ ਅਤੇ ਬੀਜੇਪੀ ਵਿਚ ਹਨ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਿਸੇ ਵੀ ਬੇਗੁਨਾਹ ਹਿੰਦੂ, ਮੁਸਲਿਮ, ਸਿੱਖ ਜਾਂ ਇਸਾਈ ਦਾ ਕਤਲੇਆਮ ਕਰਨ ਦੇ ਸਖ਼ਤ ਵਿਰੁੱਧ ਹੈ ਕਿਉਂਕਿ ਅਸੀਂ ਜਨੇਵਾ ਕੰਨਵੈਨਸ਼ਨਜ਼ ਆਫ਼ ਵਾਰ ਦੇ ਕੌਮਾਂਤਰੀ ਕਾਨੂੰਨਾਂ ਅਤੇ ਨਿਯਮਾਂ ਦੇ ਕਾਇਲ ਹਾਂ ਅਤੇ ਨਿਰੰਤਰ ਇਹਨਾਂ ਮਨੁੱਖਤਾ ਪੱਖੀ ਅਮਲਾਂ ਉਤੇ ਪਹਿਰਾ ਦਿੰਦੇ ਆ ਰਹੇ ਹਾਂ । ਅੱਜ ਤੱਕ ਜਿੰਨੇ ਵੀ ਬੇਗੁਨਾਹ ਭਾਵੇ ਉਹ ਗੁਜਰਾਤ ਵਿਚ ਮੁਸਲਿਮ ਕੌਮ ਹੋਵੇ, ਭਾਵੇ ਕਰਨਾਟਕਾ, ਉੜੀਸਾ, ਕੇਰਲ ਸੂਬਿਆਂ ਵਿਚ ਇਸਾਈ ਕੌਮ ਹੋਵੇ, ਭਾਵੇ ਦਿੱਲੀ, ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਵਿਖੇ ਸਿੱਖ ਹੋਣ, ਅਜਿਹੇ ਮਨੁੱਖਤਾ ਦੇ ਘਾਣ ਜੋ ਸਰਕਾਰੀ ਦਹਿਸਤਗਰਦੀ ਅਧੀਨ ਕੀਤੇ ਗਏ ਹਨ, ਦੇ ਸਖ਼ਤ ਵਿਰੁੱਧ ਹਾਂ । ਅਜਿਹੀਆਂ ਦੁੱਖਦਾਇਕ ਘਟਨਾਵਾਂ ਦੀ ਸੰਬੰਧਤ ਸਰਕਾਰਾਂ ਨੂੰ ਨਿਰਪੱਖਤਾ ਤੇ ਆਜ਼ਾਦਆਨਾ ਢੰਗ ਨਾਲ ਛਾਣਬੀਨ ਕਰਵਾਕੇ ਕਾਤਲਾਂ ਨੂੰ ਅਤੇ ਸਾਜਿ਼ਸ ਨੂੰ ਸਾਹਮਣੇ ਲਿਆਉਣਾ ਬਣਦਾ ਹੈ । ਕਿਉਂਕਿ ਅਸੀਂ ਤਾਂ ਅਮਰੀਕਾ ਵੱਲੋਂ ਪਾਕਿਸਤਾਨ ਵਿਚ “ਡਰੋਨ ਹਮਲੇ” ਰਾਹੀ ਮਾਰੇ ਜਾ ਰਹੇ ਬੇਗੁਨਾਹਾਂ ਦੇ ਵੀ ਸਖ਼ਤ ਵਿਰੁੱਧ ਰਹੇ ਹਾਂ ਅਤੇ ਅਮਰੀਕਾ ਦੀ ਇਸ ਕਾਰਵਾਈ ਨੂੰ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦੇ ਆ ਰਹੇ ਹਾਂ । ਉਹਨਾਂ ਕਿਹਾ ਕਿ ਜਿਹੜੇ ਹਿੰਦੂ, ਮੁਸਲਮਾਨਾਂ ਜਾਂ ਸਿੱਖਾਂ ਦੀਆਂ ਹਿਜ਼ਰਤਾਂ ਹੋਈਆਂ ਹਨ, ਤਰਨਤਾਰਨ ਦੇ ਪੱਟੀ ਦੇ ਇਲਾਕੇ ਵਿਚ 25 ਹਜ਼ਾਰ ਅਣਪਛਾਤੀਆਂ ਲਾਸ਼ਾਂ ਕਹਿਕੇ ਦਰਿਆਵਾਂ ਅਤੇ ਨਹਿਰਾਂ ਵਿਚ ਰੋੜ੍ਹ ਦਿੱਤੀਆਂ ਗਈਆਂ ਹਨ ਜਾਂ ਦੁਰਗਿਆਨਾ ਮੰਦਿਰ ਦੇ ਸ਼ਮਸਾਨਘਾਟ ਵਿਖੇ ਸਸਕਾਰ ਕੀਤੇ ਗਏ ਹਨ, ਅਜਿਹੇ ਦੁੱਖਦਾਇਕ ਅਮਲ ਤਾਂ ਵਾਰ ਕ੍ਰਾਇਮ (ੱਅਰ ਛਰਮਿੲ) ਹੈ । ਅਜਿਹੀਆਂ ਦੁੱਖਦਾਇਕ ਘਟਨਾਵਾਂ ਦੀ ਨਿਰਪੱਖਤਾ ਅਤੇ ਆਜ਼ਾਦਆਨਾ ਢੰਗ ਨਾਲ ਛਾਣਬੀਨ ਹੋਣੀ ਅਤਿ ਜ਼ਰੂਰੀ ਹੈ । ਸਾਨੂੰ ਦੁੱਖ ਅਤੇ ਅਫ਼ਸੋਸ ਹੈ ਕਿ ਮੁਤੱਸਵੀ ਹਕੂਮਤਾਂ ਵੱਲੋ ਤਾਂ ਘੱਟ ਗਿਣਤੀ ਕੌਮਾਂ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਹੁਕਮਰਾਨ ਸਾਹਮਣੇ ਨਹੀਂ ਲਿਆ ਰਹੇ ਲੇਕਿਨ ਹਿੰਦ ਦੀ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਨੇ ਇਸ ਜਿੰਮੇਵਾਰੀ ਨੂੰ ਅੱਜ ਤੱਕ ਕਿਉਂ ਨਹੀਂ ਨਿਭਾਇਆ ਅਤੇ ਕਤਲੇਆਮ ਤੇ ਹਿਜ਼ਰਤ ਤੋ ਪ੍ਰਭਾਵਿਤ ਪਰਿਵਾਰਾਂ ਦੇ ਮੁੜ-ਵਸੇਬੇ ਲਈ ਕਾਨੂੰਨੀ ਤੌਰ ਤੇ ਕਿਉਂ ਨਹੀਂ ਪ੍ਰਬੰਧ ਕੀਤੇ ਅਤੇ ਉਹਨਾਂ ਨੂੰ ਬਣਦਾ ਮੁਆਵਜ਼ਾਂ ਕਿਉਂ ਨਹੀਂ ਦਿਵਾਇਆ ਜਾ ਰਿਹਾ ?