ਸੁਖਵੀਰ ਅਤੇ ਉਸ ਦੇ ਪਤੀ ਕਮਲ ਦੀ ਸ਼ੁਰੂ ਤੋਂ ਹੀ ਇਹ ਕੋਸ਼ਿਸ਼ ਰਹੀ ਕਿ ਬਦੇਸ਼ ਵਿਚ ਰਹਿ ਕੇ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਅਤੇ ਬੋਲੀ ਨਾਲ ਜੋੜਿਆ ਜਾਵੇ।ਭਾਂਵੇ ਕਮਲ ਛੋਟੀ ਉਮਰ ਵਿਚ ਹੀ ਕੈਨੇਡਾ ਆ ਗਿਆ ਸੀ, ਪਰ ਵੇਖਣ ਵਾਲੇ ਨੂੰ ਇੰਜ ਲੱਗਦਾ ਸੀ, ਜਿਵੇ ਉਹ ਹੁਣੇ ਹੀ ਪੰਜਾਬ ਤੋਂ ਆਇਆ ਹੋਵੇ। ਉਹ ਆਪਣਾ ਜ਼ਿਆਦਾ ਸਮਾਂ ਬੱਚਿਆਂ ਨਾਲ ਹੀ ਬਿਤਾਂਦੇ। ਜਦੋ ਉਹਨਾਂ ਦੇ ਬੱਚੇ ਛੋਟੇ ਸਨ, ਉਸ ਸਮੇਂ ਸੁਖਵੀਰ ਨੌਕਰੀ ਨਹੀ ਸੀ ਕਰਦੀ।ਭਾਂਵੇ ਕਮਲ ਦੀ ਤਨਖਾਹ ਵਿਚ ਚੰਗਾ ਭਲਾ ਗੁਜ਼ਾਰਾ ਹੋ ਜਾਂਦਾ ਸੀ।ਫਿਰ ਵੀ ਕਈ ਰਿਸ਼ਤੇਦਾਰ ਛੇਤੀ ਹੀ ਇਹ ਸਵਾਲ ਕਰਨ ਲੱਗ ਪੈਂਦੇ, “ਤੁਹਾਡਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੈ, ਇਕ ਦੀ ਤਨਖਾਹ ਨਾਲ ਔਖਾ ਹੀ ਹੈ?” ਉਹ ਆਪਣੇ ਘਰ ਸਬਰ ਸੰਤੋਖ ਨਾਲ ਰਹਿ ਰੇਹੇ ਸਨ। ਪਰ ਲੋਕ ਆਪਣੀਆਂ ਗੱਲਾਂ ਨਾਲ ਉਹਨਾਂ ਦਾ ਚੈਨ ਗਵਾ ਦਿੰਦੇ। ਇਕ ਦਿਨ ਸੁਖਵੀਰ ਆਪਣੇ ਬੱਚਿਆਂ ਨੂੰ ਕੀਰਤਨ ਸਿਖਾਉਣ ਵਾਸਤੇ ਗੁਰਦੁਆਰੇ ਸਾਹਿਬ ਲੈ ਕੇ ਗਈ। ਉੱਥੇ ਉਸ ਦੀ ਰਿਸ਼ਤੇ ਵਿਚੋਂ ਲੱਗਦੀ ਮਾਮੀ ਮਿਲ ਪਈ। ਜਦੋ ਮਾਮੀ ਨੂੰ ਪਤਾ ਲੱਗਾ ਕਿ ਸੁਖਵੀਰ ਦੇ ਬੱਚੇ ਕੀਰਤਨ ਸਿੱਖਣ ਲਈ ਆਏ ਹਨ ਤਾਂ ਉਹ ਝੱਟ ਬੋਲ ਉੱਠੀ, “ਕੁੜੇ, ਤੂੰ ਨਿਆਣਿਆਂ ਨੂੰ ਢਾਡੀ ਬਣਾਉਣਾ ਹੈ।”
“ਮਾਂਮੀ ਜੀ, ਅਸੀ ਬੱਚਿਆਂ ਨੂੰ ਆਪਣੇ ਸਭਿਆਚਾਰ ਨਾਲ ਸਬੰਧਤ ਹਰ ਚੀਜ਼ ਸਿਖਾਲਣ ਦਾ ਜਤਨ ਕਰਦੇ ਹਾਂ।” ਸੁਖਵੀਰ ਨੇ ਕਾਰ ਵਿਚੋਂ ‘ ਹਰਮੋਨੀਅਮ’ ਕੱਢਦੀ ਨੇ ਆਖਿਆ।ਮਾਂਮੀ ਆਪਣੇ ਆਪ ਨੂੰ ਨਵੀਨ ਸਮਝਦੀ ਹੋਈ ਬੁੱਲ ਕੱਢਦੀ ਹੋਈ ਅਗਾਂਹ ਤੁਰ ਪਈ।ਗੁਰਦੁਆਰੇ ਦੇ ਦਰਵਾਜੇ ਵਿਚ ਹੀ ਸੁਖਵੀਰ ਨੂੰ ਉਸ ਦੀ ਭੂਆ ਦੀ ਧੀ ਜਿੰਦਰ ਮਿਲ ਗਈ। ਜਦੋ ਉਸ ਨੇ ਸੁਖਵੀਰ ਦੇ ਹੱਥਾਂ ਵਿਚ ‘ਹਰਮੋਨੀਅਮ’ ਦੇਖਿਆ, ਦੂਰੋ ਹੀ ਬੋਲ ਉੱਠੀ, “ਦੇਖ, ਭੈਣ ਅਸੀ ੳਦੋਂ ਦੀਆਂ ਕਿੰਨੀਆਂ ਮੌਜਾਂ ਕਰਦੇ ਹਾਂ ਜਦੋ ਦੇ ਨਿਆਣੇ ‘ਇੰਡੀਆਂ’ ਭੇਜ ਦਿੱਤੇ ਹਨ।ਸੁਖਵੀਰ ਉਸ ਦੀ ਗੱਲ ਸੁਣ ਕੇ ਕਾਫ਼ੀ ਹੈਰਾਨ ਹੋਈ ਕਿਉਕਿ ਉਸ ਦੇ ਅਨੁਸਾਰ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਤੋਂ ਅਲੱਗ ਕਰਕੇ ਕੋਈ ਕਿਵਂੇ ਮੌਜਾਂ ਕਰ ਸਕਦਾ ਹੈ।ਜਿੰਦਰ ਦੀ ਪਹਿਲੀ ਵੀ ਆਖੀ ਹੋਈ ਗੱਲ ਉਸ ਨੂੰ ਯਾਦ ਆ ਗਈ। ਜਦੋਂ ਉਸ ਨੇ ਕਿਹਾ ਸੀ , “ ਅਸੀ ਪੰਜਾਬ ਤੋਂ ਤੁਹਾਡੇ ਨਾਲੋ ਮਗਰੋ ਆ ਕੇ ਵੱਡਾ ਘਰ ਬਣਾ ਲਿਆ।” ਸੁਖਵੀਰ ਇਹਨਾਂ ਸਾਰੀਆਂ ਗੱਲਾਂ ਨੂੰ ਕੋਈ ਮੱਹਤਤਾ ਨਹੀ ਸੀ ਦਿੰਦੀ। ਕੈਨੇਡਾ ਵਿਚ ਬਹੁਤੇ ਲੋਕਾਂ ਨੇ ਜੋ ਦੌੜ ਲਾਈ ਹੋਈ ਹੈ, ਇਕ ਦੂਸਰੇ ਤੋਂ ਅੱਗੇ ਨਿਕਲਣ ਦੀ, ਕਮਲ ਅਤੇ ਸੁਖਵੀਰ ਇਸ ਵਿਚ ਸ਼ਾਮਲ ਨਹੀ ਸਨ ਹੁੰਦੇ। ਜਦੋਂ ਸੁਖਵੀਰ ਨੇ ਜਿੰਦਰ ਦੀ ਆਖੀ ਹੋਈ ਗੱਲ ਕਮਲ ਨੂੰ ਆ ਕੇ ਦੱਸੀ ਤਾਂ ਕਮਲ ਨੇ ਕਿਹਾ,“ਬੇਸ਼ਕ ਜਿੰਦਰ ਅਤੇ ਉਸ ਦੇ ਪਤੀ ਨੇ ਬੱਚੇ ਇੰਡੀਆਂ ਭੇਜ ਕੇ ਦੋ ਦੋ ‘ਸ਼ਿਫਟਸ’ ਕੰਮ ਕਰਕੇ ਵੱਡਾ ਘਰ ਬਣਾ ਲਿਆ ਹੈ। ਪਰ ਬੱਚਿਆਂ ਦੀਆਂ ਬਚਪਨ ਵਿਚ ਖੇਡੀਆਂ ਖੇਡਾਂ ਅਤੇ ਤੋਤਲੀਆਂ ਜ਼ਬਾਨਾਂ ਵੀ ਭਾਗਾਂ ਵਾਲਿਆਂ ਨੂੰ ਹੀ ਦੇਖਣ ਸੁਨਣ ਨੂੰ ਮਿਲਦੀਆਂ ਹਨ।ਬੱਚੇ ਨੂੰ ਵੀ ਜੁਦਾਈ ਦਾ ਸੰਤਾਪ ਹੰਡਾਉਣਾ ਪੈਂਦਾ ਹੈ।”
“ ਵੈਸੇ ਜੋ ਬੱਚੇ ਇੰਡੀਆਂ ਵਿਚ ਪਲ ਜਾਂਦੇ ਹਨ, ਉੱਥੋਂ ਦਾ ‘ਕਲਚਰ’ ਜ਼ਰੂਰ ਸਿਖ ਲੈਂਦੇ ਹੋਣਗੇ।” ਸੁਖਵੀਰ ਨੇ ‘ਕਲਚਰ’ ਸ਼ਬਦ ਜਰਾ ਉੱਚੀ ਅਵਾਜ਼ ਵਿਚ ਕਿਹਾ
“ਇਹ ਤਾਂ ਮੈ ਵੀ ਸੋਚਦਾ ਹਾਂ ਕਿ ਆਪਾਂ ਵੀ ਹਰ ਸਾਲ ਬੱਚਿਆਂ ਦੇ ਨਾਲ ਪੰਜਾਬ ਦਾ ਗੇੜਾ ਲਾ ਆਇਆ ਕਰੀਏ।”
ਅਕਤੂਬਰ ਦੇ ਮਹੀਨੇ ਸੁਖਵੀਰ ਅਤੇ ਕਮਲ ਨੇ ਭਾਰਤ ਜਾਣ ਦਾ ਪਰੋਗਰਾਮ ਬਣਾ ਲਿਆ। ਸੁਖਵੀਰ ਨੇ ਚਾਂਈ ਚਾਂਈ ਸਾਰੀ ਖ੍ਰੀਦਦਾਰੀ ਕੀਤੀ। ਕਮਲ ਨੇ ਤਾਂ ਰਿਸ਼ਤੇਦਾਰਾਂ ਦੀ ਲਿਸਟ ਤਿਆਰ ਕਰ ਲਈ ਤਾਂ ਜੋ ਸਭ ਲਈ ਕੁੱਝ ਨਾ ਕੁੱਝ ਖ੍ਰੀਦ ਲਿਆ ਜਾਵੇ। ਦੋਹਾਂ ਦੀਆਂ ਅੱਖਾਂ ਅੱਗੇ ਆਪਣੇ ਬੀਤੇ ਬਚਪਣ ਦੇ ਦਿਨ ਆਉਣ ਲੱਗੇ। ਉਹਨਾਂ ਦਾ ਲੜਕਾ ਅਤੇ ਲੜਕੀ ਵੀ ਖੁਸ਼ ਸਨ ਕਿ ਉਹ ਆਪਣੇ ਦਾਦਾ ਦਾਦੀ ਜੀ ਕੋਲ ਜਾ ਰਿਹੇ ਹਨ।
ਜਹਾਜ਼ ਵਿਚ ਵੀ ਉਹ ਬੱਚਿਆਂ ਨੂੰ ਆਪਣੇ ਪਿੰਡਾਂ ਦੀਆ ਗੱਲਾਂ ਸਣਾਉਂਦੇ ਗਏ। ਕਮਲ ਪਿਛਲੇ ਦਿਨਾਂ ਵਿਚ ਘਰ ਦੇ ਤੇ ਬਾਹਰਲੇ ਕੰਮ ਮੁਕਾਉਣ ਅਤੇ ਪੰਜਾਬ ਜਾਣ ਦੀ ਤਿਆਰੀ ਕਾਰਣ ਥੱਕ ਗਿਆ ਸੀ। ਪਰ ਆਪਣੇ ਦੇਸ਼ ਨੂੰ ਦੇਰ ਬਾਅਦ ਦੇਖਣ ਦੇ ਚਾਅ ਵਿਚ ਥੱਕਾਵਟ ਮਹਿਸੂਸ ਨਹੀ ਸੀ ਕਰਦਾ।
ਦਿੱਲੀ ਹਵਾਈ ਅੱਡੇ ਪਹੁੰਚਦੇ ਹੀ ਉਹਨਾਂ ਨੂੰ ਆਪਣੇਪਣ ਦਾ ਅਹਿਸਾਸ ਹੋਇਆ। ਥੋੜ੍ਹੀ ਦੇਰ ਬਾਅਦ ਹੀ ਇਹ ਅਹਿਸਾਸ ਦਵੈਤ ਵਿਚ ਬਦਲ ਗਿਆ, ਜਦੋਂ ਇਮੀਗਰੇਸ਼ਨ ਵਾਲੇ ਬਗ਼ੈਰ ਕਿਸੇ ਮਤਲਵ ਦੇ ਉਹਨਾਂ ਦੀ ਪੁੱਛ-ਗਿੱਛ ਕਰਨ ਲੱਗੇ।“ਕੀ ਲੈ ਕੇ ਆਏ ਹੋ, ਕਿਉ ਅਤੇ ਕਿੰਨਾਂ ਲਿਆਦਾਂ ਹੈ?” ਇਹੋ ਜਿਹੇ ਸਵਾਲਾਂ ਨੇ ਉਹਨਾਂ ਨੂੰ ਪਰੇਸ਼ਾਨ ਕਰ ਦਿੱਤਾ।ਪਰ ਕੁਲੀ ਤੋਂ ਲੈ ਕੇ ਉੱਪਰ ਤੱਕ ਪੈਸੇ ਵੰਡਣ ਨਾਲ ਉਹਨਾਂ ਦਾ ਕੰਮ ਸੁਖਾਲਾ ਹੋ ਗਿਆ। ‘ਏਅਰਪੋਰਟ’ ਦੇ ਬਾਹਰ ਕਮਲ ਆਪਣੇ ਭਰਾ ਭਰਜਾਈ ਨੂੰ ਦੇਖ ਕੇ ਖੁਸ਼ੀ ਵਿਚ ਪਿਛਲੀਆਂ ਸਭ ਪਰੇਸ਼ਾਨੀਆਂ ਭੁੱਲ ਗਿਆ ਅਤੇ ਪਿੰਡ ਦੀਆਂ ਪੁਰਾਣੀਆਂ ਗੱਲਾਂ ਉਹਨਾਂ ਨਾਲ ਤਾਜ਼ਾ ਕਰਨ ਵਿਚ ਰੁੱਝ ਗਿਆ।ਦਿੱਲੀ ਤੋਂ ਪੰਜਾਬ ਨੂੰ ਜਾਂਦਿਆਂ ਸੁਖਵੀਰ ਵੈਨ ਦੀ ਖਿੜਕੀ ਵਿਚੋਂ ਬਾਹਰ ਹੀ ਦੇਖਦੀ ਰਹੀ।ਪੰਜਾਬ ਪਹੁੰਚਣ ਉੱਪਰ ਉਸ ਨੂੰ ਸ਼ਹਿਰ, ਪਿੰਡ, ਸੜਕਾਂ ਅਤੇ ਦ੍ਰਖਤ ਸਭ ਬਹੁਤ ਚੰਗੇ ਲੱਗ ਰਹੇ ਸਨ।
ਪਿੰਡ ਪਹੁੰਚਣ ‘ਤੇ ਸਾਰਾ ਸ਼ਰੀਕਾ ਇਕੱਠਾ ਹੋ ਗਿਆ ਅਤੇ ਕਮਲ ਸਾਰਿਆਂ ਨੂੰ ਮਿਲ ਕੇ ਖੁਸ਼ ਹੋ ਰਿਹਾ ਸੀ ਅਤੇ ਹੈਰਾਨ ਵੀ ਸੀ ਕਿ ਉਸ ਦੇ ਚਾਚੇ ਤਾਇਆ ਦੇ ਲੜਕੇ ਕੋਈ ਵੀ ਸਿੱਖੀ ਸਰੂਪ ਵਿਚ ਨਹੀ ਸਨ। ਕਮਲ ਬਾਹਰਲੇ ਮੁਲਕ ਤੋਂ ਜਾ ਕੇ ਵੀ ਆਪਣੀ ਦਸਤਾਰ ਵਿਚ ਅੱਲਗ ਦਿੱਸਦਾ ਸੀ।ਰਾਤ ਨੂੰ ਰੋਟੀ ਤੋਂ ਬਾਅਦ ਸਾਰਾ ਪਰਿਵਾਰ ਕਮਲ ਦੇ ਆਲੇ-ਦੁਆਲੇ ਗੱਲਾਂ ਕਰਨ ਲਈ ਬੈਠ ਗਿਆ।ਕਮਲ ਦੇ ਭਾਪਾ ਜੀ ਜ਼ਿਆਦਾ ਹੀ ਖੁਸ਼ ਆ ਰਹੇ ਸਨ ਅਤੇ ਉਸ ਦੀ ਪਿੱਠ ਉੱਪਰ ਹੱਥ ਫੇਰ ਦੇ ਬੋਲੇ, “ਪੁੱਤਰ, ਤੈਨੂੰ ਅਤੇ ਤੇਰੇ ਬੱਚਿਆਂ ਨੂੰ ਦੇਖ ਕੇ ਰੂਹ ਖੁਸ਼ ਹੋ ਗਈ, ਜਿਸ ਤਰ੍ਹਾਂ ਤੂੰ ਇਥੋਂ ਗਿਆ ਸੀ, ਉਸ ਤਰ੍ਹਾਂ ਹੀ ਵਾਪਸ ਆਇਆ ਹੈ।”
“ਪਰ ਭਾਪਾ ਜੀ, ਆਪਣੇ ਇਥੇ ਦੇ ਪਰਿਵਾਰ ਨੂੰ ਦੇਖ ਕੇ ਤਾਂ ਮੈਂ ਹੈਰਾਨ ਰਹਿ ਗਿਆ। ਸਾਰੀ ਨਵੀ ਪੀੜ੍ਹੀ ਨੇ ਕੇਸ ਕਤਲ ਕਰਵਾ ਦਿੱਤੇ ਹਨ।” ਕਮਲ ਨੇ ਆਪਣੀ ਹੈਰਾਨੀ ਪ੍ਰਗਟ ਕੀਤੀ।
“ ਭਾਜੀ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਪ੍ਰਕਾਸ਼ ਉੱਪਰ ਨਗਰ ਕੀਰਤਨ ਲਈ ਪੰਜ ਪਿਆਰੇ ਨਹੀ ਸਨ ਮਿਲ ਰਹੇ।ਛੋਟੇ ਛੋਟੇ ਬੱਚਿਆਂ ਨੂੰ ਪੰਜ ਪਿਆਰੇ ਬਣਾਇਆ।” ਕਮਲ ਦੀ ਭਰਜਾਈ ਨੇ ਦੱਸਿਆ।
ਇਸ ਤਰ੍ਹਾਂ ਗੱਲਾਂ ਕਰਦਿਆਂ ਨੂੰ ਝੱਟ ਰਾਤ ਬੀਤ ਗਈ।
ਸਵੇਰੇ ਹੀ ਕਮਲ ਚਾਹ ਲੈ ਕੇ ਨਿੱਘੀ ਧੁੱਪ ਸੇਕਣ ਲਈ ਕੰਧ ਕੋਲ ਪਏ ਮੰਜੇ ਉੱਪਰ ਬੈਠ ਗਿਆ।
“ਕਾਕਾ, ਆੳੇੁਂਦੇ ਐਤਵਾਰ ਨੂੰ ਆਪਣੇ ਪਿੰਡ ਵਾਲੇ ਬੀਕਾਨੇਰੀ ਦੇ ਮੁੰਡੇ ਦਾ ਵਿਆਹ ਹੈ।ਆਪਾਂ ਸਾਰਿਆਂ ਨੂੰ ਵਿਆਹ ਉੱਪਰ ਜਾਣਾ ਪੈਣਾ ਹੈ, ਉਹ ਆਪਣੇ ਸਾਰੇ ਦਿਨਾਂ ਸੁਧਾਂ ਉੱਪਰ ਪਹੁੰਚਦੇ ਹਨ।” ਬੀਜੀ ਨੇ ਖੋਏ ਵਿਚ ਰਲੀ ਅਲਸੀ ਦੀਆਂ ਪਿੰਨੀਆਂ ਕਮਲ ਦੇ ਅੱਗੇ ਰੱਖਦੇ ਹੋਏ ਕਿਹਾ।
ਵਿਆਹ ਵਾਲੇ ਦਿਨ ਸਾਰੇ ਹੀ ਵੇਲੇ ਸਿਰ ‘ਸਿਤਾਰ ਮੈਰਿਜ਼ ਪੈਲਸ’ ਵਿਚ ਪਹੁੰਚ ਗਏ।ਮਿਲਣੀ ਲਈ ਅਰਦਾਸ ਹੋਣੀ ਸ਼ੁਰੂ ਹੋਈ ਤਾਂ ਸੁਖਵੀਰ ਨੇ ਸ਼ਰਧਾ ਨਾਲ ਆਪਣਾ ਸਿਰ ਦੁੱਪਟੇ ਨਾਲ ਢੱਕ ਲਿਆ ਅਤੇ ਪੈਰਾਂ ਵਿਚੋਂ ਜੁੱਤੀ ਲਾਹ ਦਿੱਤੀ।ਇਹ ਗੱਲ ਮਹਿਮਾਨਾਂ ਵਿਚ ਆਈਆਂ ਕੁੱਝ ਜ਼ਨਾਨੀਆਂ ਨੂੰ ਚੰਗੀ ਨਾ ਲੱਗੀ, ਵਿਚੋਂ ਹੀ ਇਕ ਆਪਣਾ ਮੱਥਾ ਇਕੱਠਾ ਕਰਦੀ ਹੋਈ ਪੁੱਛਣ ਲੱਗੀ, “ ਭੈਣ ਜੀ, ਕੇਨੈਡਾ ਤੋਂ ਤੁਸੀ ਆਏ ਹੋ?”
“ਹਾਂ ਜੀ।” ਸੁਖਵੀਰ ਨੇ ਮੁਸਕਰਾ ਕੇ ਕਿਹਾ।
“ ਲੱਗਦਾ ਤਾਂ ਨਹੀ।” ਕੋਲ ਖਲੋਤੀਆਂ ਔਰਤਾਂ ਨੇ ਵਿਅੰਗ ਨਾਲ ਕਿਹਾ ਅਤੇ ਹੱਸ ਪਈਆਂ। ਅਰਦਾਸ ਦੌਰਾਨ ਵੀ ਹੌਲੀ ਹੌਲੀ ਗੱਲਾਂ ਕਰੀ ਗਈਆਂ।
ਮਿਲਣੀ ਤੋਂ ਬਾਅਦ ਘਰ ਵਾਲੇ ਆਪਣੇ ਮੁੰਡੇ ਨੂੰ ਲੈ ਕੇ ਗੁਰਦੁਆਰੇ ਸਾਹਿਬ ਵੱਲ ਨੂੰ ਲਾਂਵਾ ਲੈਣ ਲਈ ਚੱਲ ਪਏ। ਬਾਕੀ ਸਭ ਖਾਣ ਪੀਣ ਵਿਚ ਰੁੱਝ ਗਏ।ਸੁਖਵੀਰ ਅਤੇ ਕਮਲ ਵੀ ਆਪਣੇ ਬੱਚਿਆਂ ਨੂੰ ਵਿਆਹ ਦਿਖਾਉਣ ਦੀ ਚਾਹਤ ਨਾਲ ਗੁਰਦੁਆਰੇ ਜਾਣਾ ਚਾਹੁੰਦੇ ਸਨ।ਪਰ ਕੋਲ ਖਲੋਤੀ ਕਮਲ ਦੀ ਚਾਚੀ ਜੀ ਕਹਿਣ ਲੱਗੀ, “ ਬਹੂ, ਹੁਣ ਇੱਥੇ ਰਿਵਾਜ਼ ਬਣ ਗਿਆ ਹੈ ਕਿ ਸਿਰਫ਼ ਮੁੰਡੇ ਕੁੜੀ ਦੇ ਘਰਦੇ ਹੀ ਨਾਲ ਜਾਂਦੇ ਹਨ।ਚਲੋ, ਤੁਸੀ ਚਾਹ-ਪਾਣੀ ਛਕੋ ਅਤੇ ਮੋਜ਼ ਮੇਲਾ ਕਰੋ।”
ਚਾਹ-ਪਾਣੀ ਵੱਲ ਤਾਂ ਔਰਤਾਂ ਹੀ ਕਈ ਲਾਈਨਾ ਬਣਾ ਕੇ ਖਲੋ ਗਈਆਂ। ਦੋ ਚਾਰ ਬੰਦਿਆਂ ਨੂੰ ਛੱਡ ਕੇ ਬਾਕੀ ਸਭ ਸ਼ਰਾਬ ਵੱਲ ਨੂੰ ਹੋ ਤੁਰੇ।ਥੋੜ੍ਹੀ ਦੇਰ ਬਾਅਦ ਸਾਹਮਣੇ ਲੱਗੀ ਸਟੇਜ ਉੱਪਰ ਇਕ ਨੋਜਵਾਨ ਨੇ ਗਾਉਣਾ ਸ਼ੁਰੂ ਕੀਤਾ ਅਤੇ ਉਸ ਦੇ ਨਾਲ ਆਈ ਹੋਈ ਕੁੜੀ ਨੱਚਣ ਲੱਗੀ। ਨੋਜਵਾਨ ਬੇਸੁਰੇ ਅਤੇ ਬੇਤਾਲ ਗਾਣੇ ਗਾ ਰਿਹਾ ਸੀ ਅਤੇ ਲੋਕੀ ਉਸ ਦੀ ਚੀਖਵੀ ਅਵਾਜ਼ ਨੂੰ ਸੁਣਦੇ ਹੋਏ ਆਪਣੀਆਂ ਗੱਲਾਂ ਕਰਨ ਵਿਚ ਮਸਤ ਸਨ।ਕਮਲ ਨੇ ਸੁਣ ਰੱਖਿਆ ਸੀ ਕਿ ਜੇ ਪਾਕਸਤਾਨੀ ਸਟੇਜ ਉੱਪਰ ਕੋਈ ਬੇਸੁਰਾ ਗਾਉਣ ਲੱਗੇ ਤਾਂ ਲੋਕ ਉਸ ਨੂੰ ਧੱਕੇ ਨਾਲ ਉਤਾਰ ਦਿੰਦੇ ਹਨ ਅਤੇ ਨਾਲ ਹੀ ਹਦਾਇਤ ਕਰਦੇ ਹਨ ਕਿ ਪਹਿਲਾਂ ਕੋਈ ਚੰਗਾ ਉਸਤਾਦ ਧਾਰ ਫਿਰ ਸਟੇਜ਼ ਉੱਪਰ ਚੜੀ।ਪਰ ਇਸ ਗਾਈਕ ਦੀ ਲੋਕ ਪੈਸੇ ਨਾਲ ਵਾਹ ਵਾਹ ਕਰ ਰਿਹੇ ਸਨ।ਕਮਲ ਛੇਤੀ ਹੀ ਆਪਣੇ ਪਰਿਵਾਰ ਨਾਲ, ਵਿਆਹ ਵਾਲੇ ਮੁੰਡੇ ਦੇ ਵੱਡੇ ਭਰਾ ਨੂੰ ਇਹ ਕਹਿ ਕੇ ਉੱਥੋਂ ਚਲ ਪਿਆ, ਹੁਣ ਅਸੀ ਕਿਸੇ ਰਿਸ਼ਤੇਦਾਰ ਨੂੰ ਜ਼ਰੂਰੀ ਮਿਲਣਾ ਹੈ।‘ਮੈਰਿਜ਼ ਪੈਲਸ’ ਵਿਚੋਂ ਨਿਕਲਦੇ ਸਾਰ ਹੀ ਬੱਚੇ ਤਾਂ ਖੁਸ਼ ਹੋ ਗਏ ਅਤੇ ਬੋਲੇ, “ਡੈਡੀ ਜੀ, ਤੁਸੀ ਚੰਗਾਂ ਕੀਤਾ ਉੱਥੋਂ ਉੱਠ ਕੇ ਆ ਗਏ ਅਸੀ ਤਾਂ ‘ਬੋਰ’ ਹੋਣ ਲੱਗ ਪਏ ਸੀ।” ਪਰ ਕਮਲ ਦੇ ਬੀਜ਼ੀ ਕੁੱਝ ਨਰਾਜ਼ਗੀ ਵਿਚ ਬੋਲੇ, “ ਕਾਕਾ ਆਪਾਂ ਆ ਤਾਂ ਗਏ ਹਾਂ ਪਰ ਬੀਕਾਨੇਰੀਆਂ ਕਿਤੇ ਨਰਾਜ਼ ਨਾ ਹੋ ਜਾਵੇ।”
“ਕੋਈ ਨਹੀ ਸ਼ਾਮ ਨੂੰ ਪਾਰਟੀ ੳੱਪਰ ਜਾ ਕੇ, ਬੀਕਾਨੇਰੀਏ ਦੀ ਨਰਾਜ਼ਗੀ ਆਪਾਂ ਦੂਰ ਕਰ ਦੇਣੀ ਹੈ।” ਕਮਲ ਨੇ ਬੀਜ਼ੀ ਦਾ ਫ਼ਿਕਰ ਦੂਰ ਕੀਤਾ।
ਆਪਣੇ ਰਿਸ਼ਤੇਦਾਰ ਨੂੰ ਮਿਲਣ ਅਤੇ ਕੁੱਝ ਖ੍ਰੀਦਦਾਰੀ ਕਰਨ ਤੋਂ ਬਾਅਦ, ਵਿਆਹ ਪਾਰਟੀ ਵਿਚ ਆ ਸ਼ਾਮਲ ਹੋਏ। ਉੱਥੋਂ ਦਾ ਨਜ਼ਾਰਾ ਦੇਖ ਕੇ ਹੈਰਾਨ ਹੁੰਦੇ ਹੋਏ, ਕੁਰਸੀਆਂ ਉੱਪਰ ਜਾ ਬਿਰਾਜੇ। ਸਾਹਮਣੇ ਸਟੇਜ਼ ਉੱਪਰ ਸਵੇਰ ਵਾਂਗ ਹੀ ਕੋਈ ਬੇਸੁਰਾ ਗਾਈਕ ਲਚਰ ਗੀਤ ਗਾਉਂਦਾ ਹੋਇਆ ਟਪੂਸੀਆਂ ਮਾਰ ਰਿਹਾ ਸੀ।ਉਸ ਦੇ ਨੇੜੇ ਹੀ ਚਾਰ ਕੁੜੀਆਂ ਅੱਧ-ਨੰਗੇ ਸਰੀਰ ਲਈ ਉਸ ਦੇ ਨਾਲ ਨੱਚ ਰਹੀਆਂ ਸਨ।ਕਈ ਸ਼ਰਾਬੀ ਉਹਨਾਂ ਨੂੰ ਪੈਸੇ ਦੇਣ ਆਏ ਉਹਨਾਂ ਦੀਆਂ ਬਾਹਾਂ ਵੀ ਫੜ ਲੈਂਦੇ ਸਨ, ਪਰ ਉਹ ਇਹਨਾਂ ਗੱਲਾਂ ਦਾ ਗੁੱਸਾ ਕਰਨ ਦੀ ਥਾਂ ਉਹਨਾਂ ਸ਼ਰਾਬੀਆਂ ਨਾਲ ਹੱਸ ਹੱਸ ਕੇ ਨੱਚ ਰਹੀਆਂ ਸਨ।ਕਮਲ ਨੇ ਇਹ ਸਭ ਵੇਖ ਕੇ ਦੁੱਖ ਜਿਹਾ ਮਹਿਸੂਸ ਕੀਤਾ ਕਿ ਕਿਵੇ ਪੰਜਾਬੀ ਆਪਣੀ ਹੱਕ ਦੀ ਕਮਾਈ ਨੂੰ ਸ਼ਰਾਬ ਅਤੇ ਇਹਨਾਂ ਨੱਚਦੀਆਂ ਕੁੜੀਆਂ ਉੱਪਰ ਮੀਂਹ ਵਾਂਗ ਵਰਾ ਰੇਹੇ ਹਨ।ਥੌੜ੍ਹੀ ਦੇਰ ਬਾਅਦ ਹੀ ਪਾਰਟੀ ਉੱਪਰ ਆਏ ਮਹਿਮਾਨਾਂ (ਸ਼ਰਾਬੀਆਂ) ਵਿਚ ਲੜਾਈ ਹੋਣ ਕਾਰਣ ਭੱਜ ਦੌੜ ਪੈ ਗਈ ਅਤੇ ਕਮਲ ਵੀ ਆਪਣਾ ਪਰਿਵਾਰ ਲੈ ਕੇ ਘਰ ਨੂੰ ਚਲ ਪਿਆ।
“ ਆਹ, ਵਿਆਹਾਂ ਵਿਚ ਅੱਧ- ਨੰਗੀਆਂ ਕੁੜੀਆਂ ਨਚਾਉਣ ਦਾ ਰਿਵਾਜ਼ ਕਦੋਂ ਪਿਆ?” ਕਮਲ ਨੇ ਬਦਲ ਰਹੇ ਸਭਿਆਚਾਰ ਵਾਰੇ ਆਪਣੇ ਭਰਾ ਤੋਂ ਪੁਛਿਆ।
“ ਭਾਜੀ, ਇਹਨਾਂ ਤੋਂ ਬਗ਼ੈਰ ਤਾਂ ਵਿਆਹ ਨੂੰ ਅਧੂਰਾ ਹੀ ਮੰਨਿਆ ਜਾਂਦਾ ਹੈ। ਜਿਵੇ ਕੁੜੀ ਵਾਲਿਆਂ ਨੂੰ ਫਿਕਰ ਹੁੰਦਾ ਹੈ ਕਿ ਦਾਜ ਵਿਚ ਕੁੜੀ ਨੂੰ ਕੀ ਦੇਣਾ ਹੈ, ਉਸ ਤਰ੍ਹਾਂ ਹੀ ਮੁੰਡੇ ਵਾਲਿਆਂ ਨੂੰ ਹੁੰਦਾ ਹੈ ਕਿ ਗਾਉਣ ਵਾਲਾ ਕਿਹੜਾ ਸੱਦਣਾ ਹੈ?”
“ਕਾਕਾ, ਇਹ ਗੱਲਾਂ ਛਡੋ ਤੁਸੀ, ਸਵੇਰ ਦਾ ਫ਼ਿਕਰ ਕਰੋ, ਤੜਕੇ ਤੁਰੋਂ ਗੇ ਤਾਂ ਹੀ ਵੇਲੇ ਸਿਰ ਚੰਡੀਗੜ੍ਹ ਪਹੁੰਚ ਸਕੋਗੇ।” ਬੀਜ਼ੀ ਨੇ ਆਪਣੀ ਚਿੰਤਾ ਦੱਸੀ।
“ ਡੈਡੀ ਜੀ, ਕੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ?” ਕਮਲ ਦੇ ਲੜਕੇ ਨੇ ਸਵਾਲ ਕੀਤਾ।
“ ਛੋਟੇ ਹੁੰਦੇ ਸੁਣਦੇ ਤਾਂ ਆਏ ਹਾਂ ਇਹੋ ਹੀ ਗੱਲ , ਪਰ ਅਜੇ ਤੱਕ ਪੰਜਾਬ ਨੂੰ ਮਿਲੀ ਨਹੀ ਹੈ।”
ਕਮਲ ਦੇ ਮਾਸੜ ਜੀ ਮਿਲਟਰੀ ਵਿਚ ‘ਕਰਨਲ’ ਸਨ ਅਤੇ ਉਹਨਾਂ ਦੀ ਰਿਹਾਇਸ਼ ਚੰਡੀਗੜ੍ਹ ਵਿਚ ਸੀ। ਕਮਲ ਦੇ ਪਰਿਵਾਰ ਨੂੰ ਦੇਖ ਕੇ ਮਾਸੀ ਜੀ ਨੂੰ ਚਾਅ ਚੜ੍ਹ ਗਿਆ। ਮਾਸੜ ਜੀ ਨੇ ਉਹਨਾਂ ਨੂੰ ਸਾਰਾ ਚੰਡੀਗੜ੍ਹ ਘੁਮਾਇਆ। ਜਿੱਥੇ ਕਮਲ ਚੰਡੀਗੜ੍ਹ ਦੀਆਂ ਸੁਦੰਰ ਥਾਂਵਾਂ ਦੇਖ ਕੇ ਖੁਸ਼ ਸੀ, ਉੱਥੇ ਇਕ ਗੱਲ ਤੋਂ ਹੈਰਾਨ ਵੀ ਸੀ ਕਿ ਮਾਸੀ ਜੀ ਦਾ ਸਾਰਾ ਪਰਿਵਾਰ ਹਿੰਦੀ ਜਾਂ ਇੰਗਲਸ਼ ਹੀ ਬੋਲਦਾ ਸੀ। ਕਮਲ ਦੇ ਬੱਚੇ ਭਾਂਵੇ ਕੈਨੇਡਾ ਦੇ ਜੰਮਪਲ ਸੀ, ਪਰ ਜਦੋਂ ਉਹ ਪੰਜਾਬੀ ਬੋਲਦੇ ਸਨ ਤਾਂ ਮਾਸੀ ਜੀ ਉਹਨਾਂ ਵੱਲ ਅਜ਼ੀਬ ਤੱਕਣੀ ਨਾਲ ਦੇਖਦੇ। ਕਮਲ ਦੇ ਵਾਪਸ ਆਉਣ ਤੋਂ ਇਕ ਦਿਨ ਪਹਿਲਾਂ, ਮਾਸੜ ਜੀ ਨੇ ਸਾਰੇ ਦੋਸਤਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੇ ਘਰ ਪਾਰਟੀ ਤੇ’ ਸੱਦਿਆ।ਰਾਤ ਨੂੰ ਚੰਗੀ ਰੋਣਕ ਹੋ ਗਈ। ਸਾਰੇ ਜੋੜੇ ਇਕ ਕਮਰੇ ਵਿਚ ਬੈਠ ਕੇ ਗੱਪ-ਸ਼ੱਪ ਕਰਨ ਲੱਗ ਪਏ ਅਤੇ ਉਹਨਾਂ ਦੇ ਬੱਚੇ ਦੂਸਰੇ ਕਮਰੇ ਵਿਚ ਮਾਈਕਲ ਜੈਕਸਨ ਦੇ ਗਾਣਿਆ ਨਾਲ ਨੱਚਣ ਲੱਗੇ।
ਮਾਸੜ ਜੀ ਦੇ ਦੋਸਤ ਕਮਲ ਤੋਂ ਕੈਨੇਡਾ ਬਾਰੇ ਜਾਣਕਾਰੀ ਲੈ ਰਿਹੇ ਸਨ। ਕਮਲ ਵੀ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਸੁਹਣੇ ਤਰੀਕੇ ਨਾਲ ਦੇ ਰਿਹਾ ਸੀ। ਵਿਚੋਂ ਹੀ ਇਕ ਭੱਦਰ ਪੁਰਸ਼ ਕਹਿਣ ਲੱਗੇ, “ ਸਾਨੂੰ ਤੁਹਾਡੇ ਬਦੇਸ਼ੀਆਂ ਦੇ ਬੱਚਿਆਂ ਦਾ ਬਹੁਤ ਫ਼ਿਕਰ ਰਹਿੰਦਾ ਹੈ, ਕਿਉਂਕਿ ਉਹ ਇਕ ਵੱਖਰੇ ਮਹੌਲ ਵਿਚ ਪਲਦੇ ਹਨ ਇਸ ਲਈ ਉਹਨਾਂ ਉੱਪਰ ਬਦੇਸ਼ੀ ਸਭਿਅਤਾ ਦਾ ਕਾਫ਼ੀ ਅਸਰ ਹੋਵੇਗਾ, ਪੰਜਾਬੀ ਵਾਤਾਵਰਣ ਬਾਰੇ ਤਾਂ ਉਹ ਬਿਲਕੁਲ ਹੀ ਅਣਜਾਣ ਰਹਿਣਗੇ।”
“ ਤੁਸੀ ਸਾਡੇ ਬੱਚਿਆਂ ਦੀ ਗੱਲ ਛਡੋ ਕਿਉਕਿ ਹੁਣ ਸਾਡੇ ਬਹੁਤੇ ਬੱਚੇ ਘਰ ਵਿਚ ਜ਼ਿਆਦਾ ਪੰਜਾਬੀ ਬੋਲਦੇ ਹਨ, ਸਕੂਲਾਂ ਵਿਚ ਪੰਜਾਬੀ ਨੂੰ ਇਕ ਵਿਸ਼ਾ ਕਰਕੇ ਪੜ੍ਹਾਇਆ ਜਾਣ ਲੱਗਾ ਹੈ, ਜਿਥੋਂ ਉਹ ਪੜ੍ਹਣੀ ਲਿਖਣੀ ਸਿੱਖਦੇ ਹਨ ਅਤੇ ਸਾਡੀਆਂ ਪਾਰਟੀਆਂ ਵਿਚ ਗੋਰੇ ਵੀ ਪੰਜਾਬੀ ਗਾਣਿਆਂ ਨਾਲ ਨੱਚਦੇ ਹਨ” ਕਮਲ ਨੇ ਇੰਗਲਸ਼ ਧੁੰਨ ਉੱਪਰ ਨੱਚ ਰੇਹੇ ਉਹਨਾਂ ਦੇ ਬੱਚਿਆਂ ਵੱਲ ਇਸ਼ਾਰਾ ਕਰਕੇ ਕਿਹਾ, “ ਫ਼ਿਕਰ ਤੁਸੀ ਇਹਨਾਂ ਦਾ ਕਰੋ, ਜੋ ਇੰਗਲਸ਼ ਅਤੇ ਹਿੰਦੀ ਹੀ ਬੋਲਦੇ ਹਨ ਅਤੇ ਪਹਿਰਾਵੇ ਵਿਚ ਤਾਂ ਸਾਡੇ ਗੋਰਿਆਂ ਨੂੰ ਵੀ ਪਿਛੇ ਛੱਡ ਗਏ ਹਨ।ਕਮਲ ਦੀ ਇਸ ਗੱਲ ਨਾਲ ਉਹਨਾਂ ਨੇ ਸ਼ਰਮਿੰਦਗੀ ਜਿਹੀ ਮਹਿਸੂਸ ਕੀਤੀ ਜਿਹੜੇ ਪੰਜਾਬੀ ਦੀ ਥਾਂ ਉੱਪਰ ਹਿੰਦੀ ਬੋਲ ਰਹੇ ਸਨ, ਕਿਉਂਕਿ ਅਗਾਂਹ ਉਹ ਕੁੱਝ ਵੀ ਨਹੀ ਸੀ ਬੋਲ ਸਕੇ।
ਚੰਡੀਗੜ੍ਹ ਜਾਣ ਤੋਂ ਬਾਅਦ ਕਮਲ ਆਪਣੇ ਅਜਿਹੇ ਕਈ ਰਿਸ਼ਤੇਦਾਂਰਾ ਨੂੰ ਵੀ ਮਿਲਿਆ ਜਿਨਾਂ ਵਿਚ ਬਨਾਵਟ ਜ਼ਿਆਦਾ ਸੀ ਅਤੇ ਅਸਲੀਅਤ ਘੱਟ। ਉਹ ਫੋਕੀ ਦਿਖਾਵਟ ਇਤਨੀ ਕਰਦੇ ਸਨ ਕਿ ਕਮਲ ਘੁਟਨ ਮਹਿਸੂਸ ਕਰਦਾ ਹੋਇਆ ਉਥੋਂ ਛੇਤੀ ਉੱਠ ਕੇ ਆ ਜਾਂਦਾ।
ਇਸ ਤਰ੍ਹਾਂ ਘੁੰਮਦੇ-ਘਮਾਉਂਦੇ ਕਮਲ ਦੇ ਦੋ ਮਹੀਨੇ ਛੁੱਟੀਆਂ ਦੇ ਛੇਤੀ ਹੀ ਬੀਤ ਗਏ। ਪਰ ਫਿਰ ਵੀ ਕਮਲ ਨੇ ਮਹਿਸੂਸ ਕੀਤਾ ਕਿ ਜਿਵੇ ਪੰਜਾਬ ਦੇ ਜ਼ਿਆਦਾ ਲੋਕੀ ਬਦਲ ਗਏ ਹੋਣ ਅਤੇ ਨਾ ਹੀ ਪਹਿਲਾਂ ਵਾਲੀਆਂ ਰੌਣਕਾਂ ਪਿੰਡਾਂ ਵਿਚ ਲੱਭੀਆਂ ਅਤੇ ਨਾ ਹੀ ਅਪਣੱਤ ਭਰਿਆ ਵਾਤਾਵਰਣ।ਜਿਸ ਦਿਨ ਕਮਲ ਅਤੇ ਉਸ ਦਾ ਪਰਿਵਾਰ ਵਾਪਸ ਆਉਣ ਦੀਆਂ ਤਿਆਰੀਆਂ ਕਰ ਰਿਹੇ ਸਨ ਤਾਂ ਉਸ ਦੇ ਭਾਪਾ ਜੀ ਕਹਿਣ ਲੱਗੇ, “ ਕਾਕਾ ਇਸ ਤਰ੍ਹਾਂ ਤੂੰ ਹਰ ਸਾਲ ਹੀ ਨਿਆਣਿਆ ਨੂੰ ਪੰਜਾਬ ਫਿਰਾ ਲਿਜਾਇਆ ਕਰ ਤਾਂ ਜੋ ਇਹ ਆਪਣੇ ਸਭਿਆਚਾਰ ਨਾਲ ਜੁੜੇ ਰਹਿਣਗੇ।”
“ ਭਾਪਾ ਜੀ, ਤਹਾਨੂੰ ਮਿਲਣ ਤਾਂ ਆ ਸਕਦੇ ਹਾਂ, ਪਰ ਇਹ ਜਿਹੜੀ ਸਭਿਆਚਾਰ ਵਾਲੀ ਗੱਲ ਕੀਤੀ, ਉਹ ਜਚੀ ਨਹੀ। ਕੈਨੇਡਾ ਵਿਚ ਕੁੱਝ ਲੋਕ ਤਾਂ ਹਨ, ਜੋ ਆਪਣੇ ਸਭਿਆਚਾਰ ਨੂੰ ਬਚਾਉਣ ਅਤੇ ਨਾਲ ਜੁੜਣ ਦੀ ਕੋਸ਼ਿਸ਼ ਕਰ ਰੇਹੇ ਹਨ, ਪਰ ਇੱਥੇ ਤਾਂ ਆਵਾ ਹੀ ਊਤਿਆ ਲੱਗਦਾ ਹੈ।” ਕਮਲ ਇਹ ਕਹਿੰਦਾ ਹੋਇਆ ਅਟੈਚੀਕੇਸ ਕਾਰ ਵਿਚ ਰਖਾਉਣ ਲੱਗਾ।