ਫਤਿਹਗੜ੍ਹ ਸਾਹਿਬ – “ਬੇਸ਼ੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ਼੍ਰੀ ਕੇਜਰੀਵਾਲ ਜੀ ਦੀ ਆਪ ਪਾਰਟੀ ਦੀ ਸੋਚ, ਵਿਚਾਰਧਾਰਾ ਅਤੇ ਨਿਸ਼ਾਨਿਆਂ ਦਾ ਕਿਸੇ ਤਰਾਂ ਦਾ ਕੋਈ ਮੇਲ ਨਹੀਂ, ਪਰ ਫਿਰ ਵੀ ਪਾਰਟੀ ਵਰਕਰਾਂ ਅਤੇ ਆਹੁਦੇਦਾਰਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਦੇ ਸੀਨੀਅਰ ਆਗੂਆਂ ਨੇ ਆਪ ਪਾਰਟੀ ਦੀ ਲੀਡਰਸਿ਼ਪ ਨਾਲ ਚੋਣ ਸਮਝੌਤਾ ਕਰਨ ਦੀ ਗੱਲ ਸ਼ੁਰੂ ਕੀਤੀ ਸੀ। ਲੇਕਿਨ ਆਪ ਪਾਰਟੀ ਵੀ ਦੂਸਰੀਆਂ ਹਿੰਦੂਤਵ ਜਮਾਤਾਂ ਦੀ ਤਰਾਂ ਬਹੁਗਿਣਤੀ ਹਿੰਦੂ ਵੋਟ ਉੱਤੇ ਜਿਆਦਾ ਟੇਕ ਰੱਖਦੇ ਹਨ। ਉਹਨਾਂ ਨੇ ਇਹ ਡਰੋਂ ਕਿ ਜੇਕਰ ਖਾਲਿਸਤਾਨ ਮੰਗਣ ਵਾਲੀ ਪਾਰਟੀ ਨਾਲ ਚੋਣ ਸਮਝੌਤਾ ਕਰ ਲਿਆ ਤਾਂ ਬੀਜੇਪੀ, ਕਾਂਗਰਸ ਅਤੇ ਹੋਰ ਦੂਸਰੀਆਂ ਹਿੰਦੂਤਵ ਜਮਾਤਾਂ ਸਮੁੱਚੇ ਭਾਰਤ ਵਿਚ ਆਪ ਪਾਰਟੀ ਨੂੰ ਇਹ ਕਹਿ ਕੇ ਭੰਡਣਗੀਆਂ ਕਿ ਅਸੀਂ ਖਾਲਿਸਤਾਨੀਆਂ ਨਾਲ ਸਮਝੌਤਾ ਕਰ ਲਿਆ ਹੈ ਜਾਂ ਆਪ ਪਾਰਟੀ ਆਪਣੀਆਂ ਵੋਟਾਂ ਟੁੱਟਣ ਦੇ ਡਰੋਂ ਸਾਡੇ ਨਾਲ ਸ਼ੁਰੂ ਹੋਈ ਚੋਣ ਸਮਝੌਤੇ ਦੀ ਗੱਲਬਾਤ ਤੋਂ ਉਹ ਖੁਦ ਹੀ ਭੱਜ ਗਏ ਹਨ। ਇਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ, ਆਹੁਦੇਦਾਰਾਂ ਅਤੇ ਸਮਰਥਕਾਂ ਨੂੰ ਹੁਣ ਕੋਈ ਗੁੱਸਾ ਜਾਂ ਤੌਖਲਾ ਨਹੀਂ ਰਹਿਣਾ ਚਾਹੀਦਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ। ”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਚੋਣ ਹਲਕੇ ਖਡੂਰ ਸਾਹਿਬ ਤੋਂ ਪਾਰਟੀ ਦੇ ਮੁੱਖ ਦਫਤਰ ਨੂੰ ਪ੍ਰੈਸ ਲਈ ਭੇਜੇ ਇਕ ਬਿਆਨ ਵਿਚ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਦੂਸਰਾ ਜੋ ਸਿੱਖ ਕੌਮ ਦੇ ਸ਼ਹੀਦਾਂ ਦੀ ਸ਼੍ਰੀ ਦਰਬਾਰ ਸਾਹਿਬ ਵਿਖੇ “ਸ਼ਹੀਦੀ ਯਾਦਗਾਰ” ਕਾਇਮ ਕੀਤੀ ਗਈ ਹੈ, ਉਸ ਦੀ ਕਾਂਗਰਸ, ਬੀਜੇਪੀ, ਆਰ ਐਸ ਐਸ, ਬਾਦਲ ਦਲ, ਹੋਰ ਹਿੰਦੂਤਵ ਜਮਾਤਾਂ ਜਿਵੇਂ ਵਿਰੋਧ ਕਰ ਰਹੀਆਂ ਹਨ, ਉਸੇ ਤਰਾਂ ਆਪ ਪਾਰਟੀ ਵੀ ਇਸ ਮੁੱਦੇ ਊਤੇ ਵੋਟ ਸਿਆਸਤ ਦੀ ਗੁਲਾਮ ਬਣ ਕੇ ਉਹਨਾਂ ਵਾਲੀ ਕਤਾਰ ਵਿਚ ਹੀ ਖੜ੍ਹੀ ਹੈ, ਫਰ ਅਸੀਂ ਆਪਣੇ ਕੌਮੀਂ ਮੁੱਦਿਆਂ ਨੂੰ ਪਿੱਠ ਦੇ ਕੇ ਕਿਸ ਤਰਧ ਸਮਝੌਤੇ ਕਰ ਸਕਦੇ ਹਾਂ? ਉਹਨਾਂ ਕਿਹਾ ਕਿ ਜਦੋਂ ਸਫਦਰਜੰਗ ਦਿੱਲੀ ਵਿਖੇ ਸਿੱਖ ਕੌਮ ਦੀ ਕਾਤਿਲ ਮਰਹੂਮ ਇੰਦਰਾ ਗਾਂਧੀ ਨੂੰ ਇਹਨਾਂ ਨੇ ਸ਼ਹੀਦ ਗਰਦਾਨ ਕੇ ਯਾਦਗਾਰ ਬਣਾਈ ਹੋਈ ਹੈ ਤਾਂ ਸਿੱਖ ਕੌਮ ਦੇ ਸ਼ਹੀਦਾਂ ਦੀ ਸ਼ਹੀਦੀ ਯਾਦਗਾਰ ਬਣਾਉਣ ਤੋਂ ਸਾਨੂੰ ਇਹ ਕਿਵੇਂ ਰੋਕ ਸਕਦੇ ਹਨ? ਉਹਨਾਂ ਕਿਹਾ ਕਿ ਜੇਕਰ ਸ. ਬਾਦਲ ਵਰਗੇ ਕਮਜੋਰ ਅਤੇ ਮੌਕਾਪ੍ਰਸਤ ਆਗੂ ਸਿਆਸੀ ਗਿਣਤਆਂਿ-ਮਿਣਤੀਆਂ ਵਿਚ ਉਲਝ ਕੇ ਸ਼ਹੀਦੀ ਯਾਦਗਾਰ ਅਤੇ ਹੋਰ ਪੰਥਕ ਅਤੇ ਕੌਮੀ ਮਸਲਿਆਂ ਉੱਤੇ ਬੀਜੇਪੀਮ ਆਰ ਐਸ ਐਸ ਅਤੇ ਹੋਰ ਹਿੰਦੂਤਵ ਜਮਾਤਾਂ ਦੀ ਬੋਲੀ ਬੋਲ ਰਹੇ ਹਨ, ਤਾਂ ਖਾਲਸਾ ਪੰਥ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਿਲੇ ਵੋਟ ਹੱਕ ਦੇ ਵਿਧਾਨਿਕ ਅਧਿਕਾਰ ਦੀ ਸਹੀ ਵਰਤੋਂ ਕਰਦੇ ਹੋਏ ਇਹਨਾਂ ਹਿੰਦੂਤਵ ਜਮਾਤਾਂ ਅਤੇ ਬਾਦਲ ਦਲ ਦੇ ਉਮੀਦਵਾਰਾਂ ਨੂੰ ਹਰਾ ਕੇ ਕਰਾਰਾ ਜਵਾਬ ਦਿੰਦੇ ਹੋਏ ਕੌਮੀ ਫਰਜਾਂ ਦੀ ਦ੍ਰਿੜ੍ਹਤਾ ਨਾਲ ਪੂਰਤੀ ਕਰਨ ਅਤੇ ਜੋ ਜਮਾਤਾਂ ਸਿੱਖ ਕੌਮ ਨਾਲ ਇਕ ਹਿੰਦੂਤਵ ਦੀ ਨਫਰਤ ਭਰੀ ਦੀਵਾਰ ਬਣਾ ਕੇ ਖੜ੍ਹੇ ਹਨ, ਉਸ ਦੀਵਾਰ ਨੂੰ ਢਹਿ ਢੇਰੀ ਕਰਕੇ ਮਨੁੱਖਤਾ ਅਤੇ ਇਨਸਾਨੀਅਤ ਵਾਲੀ ਸੋਚ ਨੂੰ ਹੋਰ ਬਲ ਦੇਣ ਦੇ ਫਰਜ ਅਦਾ ਕਰਨ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਸੂਝਵਾਨ ਬਸਿੰਦੇ ਫਿਰਕੂ ਤਾਕਤਾਂ ਅਤੇ ਬਾਦਲ ਦਲੀਆਂ ਨੂੰ ਕਰਾਰੀ ਹਾਰ ਦੇ ਕੇ ਇਕ ਉੱਚੇ ਸੁੱਚੇ ਸਾਫ-ਸੁਥਰੇ ਸਮਾਜ ਦੀ ਸਿਰਜਣਾ ਕਰਨ ਵਿਚ ਮੋਹਰੀ ਹੋ ਕੇ ਭੂਮਿਕਾ ਨਿਭਾਉਣਗੇ।