ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਉਚੇਰੀ ਸਿੱਖਿਆ ਹਾਸਲ ਕਰ ਰਹੀ ਵਿਦਿਆਰਥਣ ਕੁਮਾਰੀ ਰਿਤੂ ਰਾਣੀ ਨੂੰ ਕੌਮਾਂਤਰੀ ਝੋਨਾ ਖੋਜ ਸੰਸਥਾ ਇਰੀ, ਮਨੀਲਾ, ਫਿਲੀਪਾਈਨਜ਼ ਵੱਲੋਂ ਖੋਜ ਕਾਰਜਾਂ ਦੇ ਲਈ ਇੱਕ ਸਕਾਲਰਸ਼ਿਪ ਲਈ ਚੁਣਿਆ ਗਿਆ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਪਲਾਂਟ ਪੈਥਾਲੌਜੀ ਵਿਭਾਗ ਦੇ ਮੁਖੀ ਡਾ. ਪੁਸ਼ਪਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸਕਾਲਰਸ਼ਿਪ ਤਹਿਤ ਵਿਦਿਆਰਥੀ ਚਾਰ ਮਹੀਨੇ ਲਈ ਆਪਣੇ ਖੋਜ ਕਾਰਜ ਮਨੀਲਾ ਵਿਖੇ ਨੇਪਰੇ ਚਾੜੇਗਾ ।
ਇਹ ਖੋਜ ਕਾਰਜ ਵਿਸ਼ੇਸ਼ ਤੌਰ ਤੇ ਝੋਨੇ ਦੀ ਫ਼ਸਲ ਵਿੱਚ ਝੂਠੀ ਕਾਂਗਿਆਰੀ ਦੇ ਜੀਵਾਣੂੰਆਂ ਨਾਲ ਸੰਬੰਧਤ ਹੋਵੇਗਾ ਅਤੇ ਇਹ ਖੋਜ ਕਾਰਜ ਇਰੀ ਦੇ ਉਘੇ ਵਿਗਿਆਨੀ ਡਾ. ਬੋ ਜੋਹੂ ਦੇ ਅਧੀਨ ਨੇਪਰੇ ਚਾੜੇ ਜਾਣਗੇ। ਇਸ ਸਮੇਂ ਵਿਦਿਆਰਥੀ ਵਿਭਾਗ ਦੇ ਸਾਇੰਸਦਾਨ ਡਾ. ਵਨੀਤ ਕੁਮਾਰ ਦੇ ਅਧੀਨ ਉਚੇਰੀ ਸਿਖਿਆ ਹਾਸਲ ਕਰ ਰਿਹਾ ਹੈ । ਇਸ ਵਕਾਰੀ ਪੁਰਸਕਾਰ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੁਮਾਰੀ ਰਿਤੂ ਰਾਣੀ ਅਤੇ ਵਿਭਾਗ ਦੇ ਸਾਇੰਸਦਾਨਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਦੀ ਰਹਿਨੁਮਾਈ ਹੇਠ ਵਿਦਿਆਰਥੀ ਯੂਨੀਵਰਸਿਟੀ ਦਾ ਨਾਂ ਉਚਾ ਕਰ ਸਕਿਆ ।