ਲੁਧਿਆਣਾ – ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ.), ਫਿਲੌਰ ਵਲੋਂ ਆਪਣੀ ਰਵਾਇਤ ਨੂੰ ਕਾਇਮ ਰੱਖਦਿਆਂ ਹੋਇਆਂ ਸਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਮਹਿੰਦਰ ਸਾਥੀ ਨੂੰ ਉਨ੍ਹਾਂ ਦੀ ਸਮੁੱਚੀ ਰਚਨਾ ਲਈ ਅਜਾਇਬ ਚਿੱਤਰਕਾਰ ਯਾਦਗਾਰੀ ਪੁਰਸਕਾਰ ਅਤੇ ਅਮਰੀਕ ਡੋਗਰਾ ਨੂੰ ਉਨ੍ਹਾਂ ਦੇ ਗ਼ਜ਼ਲ ਸੰਗ੍ਰਹਿ ‘ਝਾਂਜਰ ਵੀ ਜ਼ੰਜੀਰ ਵੀ’ ਲਈ ਡਾਕਟਰ ਰਣਧੀਰ ਸਿੰਘ ਚੰਦ ਯਾਦਗਾਰੀ ਪੁਰਸਕਾਰ ਭੇਂਟ ਕੀਤਾ ਗਿਆ।ਸਲਾਨਾ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਲਈ ਸਸ਼ੋਭਿਤ ਪ੍ਰਧਾਨਗੀ ਮੰਡਲ ਵਿਚ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ, ਭਾਰਤੀ ਸਾਹਿਤ ਅਕਾਦਮੀ ਇਨਾਮ ਜੇਤੂ ਨਾਵਲਕਾਰ ਮਿੱਤਰ ਸੈਨ ਮੀਤ, ਪਾਵਰਕੌਮ ਦੇ ਐੱਸ.ਡੀ.ਓ. ਅਤੇ ਸਾਹਿਤ ਸੰਸਥਾਵਾਂ ਨੂੰ ਵੱਧ ਚੜ੍ਹ ਕੇ ਸਹਿਯੋਗ ਦੇਣ ਵਾਲੇ ਸਾਹਿਤ ਪ੍ਰੇਮੀ ਹਰਜੀਤ ਸਿੰਘ ਦਾਖਾ, ਮਰਹੂਮ ਸ਼ਾਇਰ ਅਜਾਇਬ ਚਿੱਤਰਕਾਰ ਦੇ ਸਪੁੱਤਰ ਨਾਗਰ ਸਿੰਘ ਦੇ ਨਾਲ ਹੀ ਸਨਮਾਨਿਤ ਸ਼ਖ਼ਸੀਅਤਾਂ ਅਮਰੀਕ ਡੋਗਰਾ ਅਤੇ ਮਹਿੰਦਰ ਸਾਥੀ ਸ਼ਾਮਲ ਸਨ। ਫੋਟੋਕਾਰ ਜਨਮੇਜਾ ਸਿੰਘ ਜੌਹਲ ਨੇ ਸਮੂਹ ਪਤਵੰਤਿਆਂ ਨੂੰ ਜੀ ਆਇਆਂ ਨੂੰ ਕਿਹਾ। ਅਮਰੀਕ ਡੋਗਰਾ ਦੇ ਕਾਵਿ-ਸੰਗ੍ਰਹਿ ਅਤੇ ਉਨ੍ਹਾਂ ਦੀ ਸ਼ਾਇਰੀ ਬਾਰੇ ਪੇਪਰ ਪੜ੍ਹਦਿਆਂ ਜਗੀਰ ਸਿੰਘ ਪ੍ਰੀਤ ਨੇ ਡੋਗਰਾ ਦੇ ਸਾਹਿਤ ਚਿੰਤਨ ਦੀਆਂ ਡੂੰਘੀਆਂ ਪਰਤਾਂ ਫੋਲੀਆਂ। ਉਨ੍ਹਾਂ ਬਾਰੇ ਸੋਭਾ ਪੱਤਰ ਪੜ੍ਹਦਿਆਂ ਗੁਰਦਿਆਲ ਦਲਾਲ ਨੇ ਕਿਹਾ ਕਿ ਡੋਗਰਾ ਦੀ ਗ਼ਜ਼ਲ ਅਜੋਕੇ ਮਾਨਵ ਦੀਆਂ ਅੰਤਰੀਵ ਤਹਿਆਂ ਤੱਕ ਪਹੁੰਚ ਬਣਾਉਂਦੀ ਹੈ। ਉਸ ਦੀ ਮਨੋਵਿਸ਼ਲੇਸ਼ਣੀ ਵਿਧੀ ਮਨੁੱਖ ਨੂੰ ਆਪਣੇ ਅਸਲੇ, ਆਪਣੀ ਮਿੱਟੀ ਵਿਸ਼ੇਸ਼ਕਰ ਪੰਜਾਬ ਦੀ ਧਰਤੀ ਨਾਲ ਬੜੀ ਸ਼ਿੱਦਤ ਨਾਲ ਜੋੜਦੀ ਹੈ। ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਅਮਰੀਕ ਡੋਗਰਾ ਨੂੰ ਦੁਸ਼ਾਲਾ, ਸ਼ੋਭਾ ਪੱਤਰ, ਟ੍ਰਾਫ਼ੀ ਅਤੇ ਸਨਮਾਨ ਰਾਸ਼ੀ ਪ੍ਰਦਾਨ ਕੀਤੀ ਗਈ।
ਮਹਿੰਦਰ ਸਾਥੀ ਦੀ ਸੰਪੂਰਨ ਸ਼ਾਇਰੀ ਬਾਰੇ ਪਰਚਾ ਪੜ੍ਹਦਿਆਂ ਡਾਕਟਰ ਗੁਲਜ਼ਾਰ ਪੰਧੇਰ ਨੇ ਸਾਥੀ ਦੀ ਲੋਕ ਹਿੱਤਾਂ ਦਾ ਪੱਖ ਪੂਰਦੀ ਸ਼ਾਇਰੀ ਬਾਰੇ ਵਿਸਤਾਰ ਵਿਚ ਚਰਚਾ ਕੀਤੀ। ਪੰਜਾਬ ਲੋਕ ਸਭਿਆਚਾਰ ਮੰਚ ਦੇ ਵਿੱਤ ਸਕੱਤਰ ਕਾਮਰੇਡ ਕਸਤੂਰੀ ਲਾਲ ਨੇ ਮਹਿੰਦਰ ਸਾਥੀ ਦਾ ਸੋਭਾ ਪੱਤਰ ਪੜ੍ਹਦਿਆਂ ਕਿਹਾ ਕਿ ‘ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ।ਸੰਭਲ ਕੇ ਹਰ ਕਦਮ ਰੱਖਣਾ, ਜਦੋਂ ਤੱਕ ਰਾਤ ਬਾਕੀ ਹੈ ਵਰਗੀ ਲੋਕ ਸ਼ਾਇਰੀ ਲਿਖਣ ਵਾਲਾ ਮਹਿੰਦਰ ਸਾਥੀ ਲੋਕ ਦਰਦ ਨੂੰ ਆਵਾਜ਼ ਦੇਣ ਵਾਲੀ ਗ਼ਜ਼ਲ ਦਾ ਗ਼ਜ਼ਲਗੋ ਹੈ। ਸਾਥੀ ਪੰਜਾਬੀ ਦੇ ਉਨ੍ਹਾਂ ਸ਼ਾਇਰਾਂ ਵਿਚੋਂ ਇਕ ਹੈ ਜਿਨ੍ਹਾਂ ਨੇ ਆਪਣੀ ਗ਼ਜ਼ਲ ਨੂੰ ਰਾਜਨੀਤਿਕ ਚਿੰਤਨ ਨਾਲ ਅਤੇ ਲੋਕ ਪੱਖੀ ਪਹੁੰਚ ਨਾਲ ਮੇਲ ਕੇ ਪੇਸ਼ ਕੀਤਾ ਹੈ। ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਮਹਿੰਦਰ ਸਾਥੀ ਨੂੰ ਦੁਸ਼ਾਲਾ, ਸ਼ੋਭਾ ਪੱਤਰ, ਟ੍ਰਾਫ਼ੀ ਅਤੇ ਸਨਮਾਨ ਰਾਸ਼ੀ ਪ੍ਰਦਾਨ ਕੀਤੀ ਗਈ।
ਪੰਜਾਬੀ ਗ਼ਜ਼ਲ ਮੰਚ ਦੇ ਸੰਸਥਾਪਕ ਅਤੇ ਮਰਹੂਮ ਸ਼ਾਇਰ ਡਾਕਟਰ ਰਣਧੀਰ ਸਿੰਘ ਚੰਦ ਵੱਲੋਂ ਪੰਜਾਬੀ ਸ਼ਾਇਰੀ ਲਈ ਦਿੱਤੇ ਯੋਗਦਾਨ ਦੀ ਚਰਚਾ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਗ਼ਜ਼ਲ ਲਿਖਣ ਵਾਲੇ ਸ਼ਾਇਰਾਂ ਨੂੰ ਇਕ ਝੰਡੇ ਥੱਲੇ ਇਕੱਠੇ ਕਰਨ ਦਾ ਵੱਡਮੁੱਲਾ ਕਾਰਜ ਰਣਧੀਰ ਸਿੰਘ ਚੰਦ ਹੁਰਾਂ ਨੇ ਕੀਤਾ, ਜਿਸ ਕਾਰਜ ਨੂੰ ਮਰਹੂਮ ਸ਼ਾਇਰ ਅਜਾਇਬ ਚਿਤ੍ਰਕਾਰ ਨੇ ਅੱਗੇ ਵਧਾਇਆ। ਉਨ੍ਹਾਂ ਜ਼ੋਰ ਦਿੱਤਾ ਕਿ ਇਨ੍ਹਾਂ ਮਹਾਨ ਸਾਹਿਤਕਾਰਾਂ ਦੀਆਂ ਯਾਦਾਂ ਅਤੇ ਸਾਹਿਤ ਨੂੰ ਕਿਤਾਬਾਂ ਵੱਜੋਂ ਸਾਂਭਿਆਂ ਜਾਵੇ ਅਤੇ ਅਗਲੀਆਂ ਪੀੜ੍ਹੀਆਂ ਨੂੰ ਤੋਹਫ਼ੇ ਵੱਜੋਂ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਦੀ ਇਸ ਅਨਮੋਲ ਵਿਰਾਸਤ ਨੂੰ ਸਾਂਭਣ ਲਈ ਸਾਨੂੰ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋਣਾ ਚਾਹੀਦਾ ਹੈ। ਮਿੱਤਰ ਸੈਨ ਮੀਤ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਸਾਹਿਤ ਅਕਾਦਮੀ, ਦਿੱਲੀ, ਨੈਸ਼ਨਲ ਬੁੱਕ ਟਰੱਸਟ, ਵਰਲਡ ਪੰਜਾਬੀ ਸੈਂਟਰ ਵਰਗੀਆਂ ਸਰਕਾਰੀ ਸਹਾਇਤਾ ਨਾਲ ਚੱਲਣ ਵਾਲੀਆਂ ਸੰਸਥਾਵਾਂ ਨੂੰ ਅਨਮੋਲ ਸਾਹਿਤ ਨੂੰ ਸਾਂਭਣ ਦਾ ਕੰਮ ਵੱਡੇ ਪੱਧਰ ‘’ਤੇ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਗ਼ਜ਼ਲ ਮੰਚ ਵਰਗੀਆਂ ਸੰਸਥਾਵਾਂ ਜੋ ਇਸ ਪਰੰਪਰਾ ਨੂੰ ਆਪਣੇ ਸੀਮਿਤ ਵਿੱਤੀ ਸਾਧਨਾ ਨਾਲ ਜਾਰੀ ਰੱਖ ਰਹੀ ਹਨ, ਉਨ੍ਹਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਪਰ ਵੱਡੇ ਕਾਰਜਾਂ ਲਈ ਸਰਕਾਰੀ ਸੰਸਥਾਵਾਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਹੀਲੇ-ਵਸੀਲਿਆਂ ਰਾਹੀਂ ਉਪਰੋਕਤ ਸੰਸਥਾਵਾਂ ਤੋਂ ਸਹਿਯੋਗ ਪ੍ਰਾਪਤ ਕਰਨ ਲਈ ਯੋਜਨਾਬੱਧ ਢੰਗ ਨਾਲ ਕਾਰਜ ਕਰਾਂਗੇ ਅਤੇ ਸਾਰਿਆਂ ਨੂੰ ਇਸ ਵਿਚ ਸਹਿਯੋਗ ਦੇਣਾ ਚਾਹੀਦਾ ਹੈ। ਆਲੋਚਕ ਅਤੇ ਚਿੰਤਕ ਡਾਕਟਰ ਅਨੂਪ ਸਿੰਘ ਨੇ ਕਿਹਾ ਕਿ ਦੋਵਾਂ ਹੀ ਸਨਮਾਨਿਤ ਸ਼ਖ਼ਸੀਅਤਾਂ ਦੀ ਚੋਣ ਬਹੁਤ ਵਾਜਬ ਹੈ ਅਤੇ ਗ਼ਜ਼ਲ ਮੰਚ ਇਸ ਲਈ ਵਧਾਈ ਦਾ ਪਾਤਰ ਹੈ। ਉਨ੍ਹਾਂ ਕਿਹਾ ਕਿ ਗ਼ਜ਼ਲ ਦੀ ਤਕਨੀਕ ਸੰਬੰਧੀ ਆਲੋਚਨਾ ਬਾਰੇ ਨਿੱਠ ਕੇ ਕੰਮ ਕਰਨ ਲਈ ਉਹ ਵਚਨਬੱਧ ਹਨ। ਮੰਚ ਦੇ ਪ੍ਰਧਾਨ, ਉਰਦੂ ਅਤੇ ਪੰਜਾਬੀ ਸ਼ਾਇਰੀ ਦੇ ਉਸਤਾਦ ਸਰਦਾਰ ਪੰਛੀ ਨੇ ਕਿਹਾ ਕਿ ਮੰਚ ਨੇ ਇਨ੍ਹਾਂ ਦੋ ਸ਼ਾਇਰਾਂ ਨੂੰ ਸਨਮਾਨਿਤ ਕਰਕੇ ਇਨ੍ਹਾਂ ਦੀ ਸਾਹਿਤਕ ਕਿਰਤ ਨੂੰ ਦਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗ਼ਜ਼ਲ ਦੀ ਤਕਨੀਕ ਬਾਰੇ ਜੋ ਵਿਵਾਦ ਖੜੇ ਕੀਤੇ ਜਾਂਦੇ ਹਨ ਉਹ ਬੇਮਾਅਨੇ ਹਨ। ਗ਼ਜ਼ਲ ਦੁਨੀਆਂ ਦੀ ਸਭ ਤੋਂ ਮਨਪਸੰਦ ਸਾਹਿਤਕ ਵਿਧਾ ਹੈ, ਜਿਸ ਵਿਚ ਮਨ ਦੇ ਵਲਵਲਿਆਂ ਤੋਂ ਲੈ ਕੇ ਸਮਾਜਕ ਮਸਲਿਆਂ ਤੱਕ ਦੀ ਗੱਲ ਕੀਤੀ ਜਾ ਸਕਦੀ ਹੈ। ਇਸ ਸਿਨਫ਼ ’ਤੇ ਲਗਾਤਾਰ ਅਭਿਆਸ ਨਾਲ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ, ਪਰ ਕੋਈ ਵੀ ਸ਼ਾਇਰ ਆਪਣੇ ਆਪ ਨੂੰ ਸੰਪੂਰਨ ਨਹੀਂ ਕਹਿ ਸਕਦਾ। ਇਸ ਮੋਕੇ ਮੁਹਾਲੀ ਦੇ ਲੋਕ ਗਾਇਕ ਬੂਟਾ ਸਿੰਘ ਹਾਂਸ ਕਲਾ ਦੀ ਸਾਹਿਤਕ ਗੀਤਾਂ ਅਤੇ ਗ਼ਜ਼ਲਾਂ ਦੀ ਸੀ.ਡੀ ਵੀ ਰਿਲੀਜ਼ ਕੀਤੀ ਗਈ।
ਸਨਮਾਨ ਸਮਾਰੋਹ ਤੋਂ ਉਪਰੰਤ ਹੋਏ ਕਵੀ ਦਰਬਾਰ ਵਿਚ ਗੁਰਦਿਆਲ ਦਲਾਲ, ਸੀ. ਮਾਰਕੰਡਾ, ਗੁਰਚਰਨ ਕੌਰ ਕੋਚਰ, ਤੇਜਿੰਦਰ ਮਾਰਕੰਡਾ, ਤਰਸੇਮ ਨੂਰ, ਦੀਪ ਜਗਦੀਪ ਸਿੰਘ, ਸੁਰਜਨ ਸਿੰਘ, ਜਸਵੰਤ ਹਾਂਸ, ਦਲਜੀਤ ਕੁਸ਼ਲ, ਨੌਬੀ ਸੋਹਲ, ਤ੍ਰਲੋਚਨ ਝਾਂਡੇ, ਰਾਕੇਸ਼ ਤੇਜਪਾਲ ਜਾਨੀ, ਪਾਲੀ ਖ਼ਾਦਿਮ, ਸਰਬਜੀਤ ਬਿਰਦੀ, ਸੂਰਜ ਸ਼ਰਮਾ, ਕੁਲਵਿੰਦਰ ਕੌਰ ਕਿਰਨ, ਅਮਰਜੀਤ ਸ਼ੇਰਪੁਰੀ, ਸ਼ਿਵ ਲੁਧਿਆਣਵੀ, ਜਸਪ੍ਰੀਤ ਕੌਰ ਫ਼ਲਕ, ਪੂਨਮ ਕੌਸਰ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਮਾਹੌਲ ਨੂੰ ਸ਼ਾਇਰਾਨਾ ਬਣਾਇਆ।