ਫ਼ਤਹਿਗੜ੍ਹ ਸਾਹਿਬ – “ਬੀਜੇਪੀ ਦੇ ਯੂਪੀ ਤੋਂ ਉਮੀਦਵਾਰ ਸ੍ਰੀ ਗਿਰੀਰਾਜ ਸਿੰਘ ਨਾਮ ਦੇ ਉਮੀਦਵਾਰ ਨੇ ਬੀਤੇ ਦਿਨੀ ਅਤੇ ਅੱਜ ਦੇ ਅਖ਼ਬਾਰਾਂ ਵਿਚ ਮੀਡੀਏ ਨੂੰ ਬਿਆਨ ਨਸਰ ਕਰਕੇ ਜੋ ਇਹ ਕਿਹਾ ਹੈ ਕਿ “ਜੋ ਮੋਦੀ ਨੂੰ ਮਦਦ ਨਹੀਂ ਕਰੇਗਾ, ਉਹਨਾਂ ਨੂੰ ਪਾਕਿਸਤਾਨ ਭੇਜਿਆ ਜਾਵੇਗਾ” । ਇਹ ਤਾਂ ਸ਼ਰੇਆਮ ਹਿੰਦੂਤਵ, ਹਿੰਦੂ ਰਾਸ਼ਟਰ ਵਾਲਿਆਂ ਦੀ ਤਾਨਾਸ਼ਾਹੀ, ਘੱਟ ਗਿਣਤੀ ਕੌਮਾਂ ਨੂੰ ਡਰਾਉਣ ਅਤੇ ਕੁਚਲਣ ਵਾਲੇ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਅਮਲ ਹਨ । ਜਦੋਂ ਬੀਜੇਪੀ ਜਮਾਤ ਅਤੇ ਉਸਦੇ ਆਗੂਆਂ ਵੱਲੋਂ ਇਥੇ ਫਿਰਕੂ ਜ਼ਹਿਰ ਫੈਲਾਈ ਜਾ ਰਹੀ ਹੈ ਤਾਂ ਚੋਣ ਕਮਿਸ਼ਨ ਭਾਰਤ, ਸੁਪਰੀਮ ਕੋਰਟ ਅਤੇ ਸੰਬੰਧਤ ਹਾਈਕੋਰਟਾਂ ਅਜਿਹੇ ਅਮਲਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਦੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ ਦੇ ਵੱਡੀ ਗਿਣਤੀ ਦੇ ਫਿਰਕੂ ਆਗੂਆਂ ਵੱਲੋਂ ਚੋਣਾਂ ਦੇ ਸਮੇਂ ਫੈਲਾਏ ਜਾ ਰਹੇ ਮਨੁੱਖਤਾ ਵਿਰੋਧੀ ਜ਼ਹਿਰ ਅਤੇ ਵੱਖ-ਵੱਖ ਫਿਰਕਿਆ ਅਤੇ ਘੱਟ ਗਿਣਤੀ ਕੌਮਾਂ ਵਿਚ ਦਹਿਸ਼ਤ ਪਾਉਣ ਦੇ ਕੀਤੇ ਜਾ ਰਹੇ ਅਮਲਾਂ ਉਤੇ ਚੋਣ ਕਮਿਸ਼ਨ ਅਤੇ ਇਥੋ ਦੀ ਸੁਪਰੀਮ ਕੋਰਟ ਵੱਲੋਂ ਕੋਈ ਵੀ ਅਮਲ ਨਾ ਹੋਣ ਉਤੇ ਡੂੰਘਾ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਥੇ ਅਨੇਕਾ ਹੀ ਕੌਮਾਂ, ਧਰਮ ਅਤੇ ਫਿਰਕੇ ਵਸਦੇ ਹਨ । ਇਥੋ ਦਾ ਵਿਧਾਨ ਸਭ ਨੂੰ ਬਰਾਬਰਤਾ ਦੇ ਅਧਿਕਾਰ ਅਤੇ ਹੱਕ ਪ੍ਰਦਾਨ ਕਰਦਾ ਹੈ । ਵਿਧਾਨ ਦੀ ਧਾਰਾ 14, 19 ਅਤੇ 21 ਇਸ ਗੱਲ ਨੂੰ ਪ੍ਰਤੱਖ ਰੂਪ ਵਿਚ ਸਪੱਸ਼ਟ ਕਰਦੀਆਂ ਹਨ । ਪਰ ਫਿਰ ਵੀ ਇਥੋ ਦੇ ਹੁਕਮਰਾਨ ਭਾਵੇ ਉਹ ਕਾਂਗਰਸ ਦੇ ਹੋਣ ਜਾਂ ਬੀਜੇਪੀ ਦੇ, ਉਹ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਨਾਲ ਲੰਮੇਂ ਸਮੇਂ ਤੋ ਹਰ ਖੇਤਰ ਵਿਚ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ । ਜਦੋਂ ਕੋਈ ਘੱਟ ਗਿਣਤੀ ਕੌਮ ਆਪਣੇ ਵਿਧਾਨਿਕ ਹੱਕਾਂ ਦੀ ਰਖਵਾਲੀ ਲਈ ਆਵਾਜ਼ ਉਠਾਉਦੀ ਹੈ ਤਾਂ ਇਹਨਾਂ ਪਾਰਟੀਆਂ ਵਿਚ ਬੈਠੇ ਹਿੰਦੂਤਵ ਸੋਚ ਦੇ ਮਾਲਕ ਸਿਆਸਤਦਾਨ ਇਕ ਹੋ ਕੇ ਘੱਟ ਗਿਣਤੀਆਂ ਵਿਚ ਦਹਿਸ਼ਤ ਪਾਉਣ ਅਤੇ ਉਹਨਾਂ ਦੇ ਹੱਕ ਕੁਚਲਣ ਵਿਚ ਮਸਰੂਫ ਹੋ ਜਾਂਦੇ ਹਨ । ਇਥੇ ਹੀ ਬਸ ਨਹੀ ਇਹਨਾਂ ਨੇ ਪਹਿਲੇ 1947 ਵਿਚ ਸਿੱਖ ਕੌਮ ਦੀ ਨਸਲਕੁਸੀ ਕੀਤੀ, ਫਿਰ 1984 ਵਿਚ ਦਿੱਲੀ ਅਤੇ ਹੋਰ ਸਥਾਨਾਂ ਤੇ ਸਿੱਖ ਕਤਲੇਆਮ ਕੀਤਾ । ਮੋਦੀ ਨੇ ਗੁਜਰਾਤ ਵਿਚ 60 ਹਜ਼ਾਰ ਸਿੱਖਾਂ ਨੂੰ ਉਜਾੜਕੇ ਨਸਲੀ ਸਫ਼ਾਈ ਕਰ ਦਿੱਤੀ ਹੈ । ਮੋਦੀ ਅਤੇ ਗਿਰੀਰਾਜ ਸਿੰਘ ਵਰਗੇ ਬੀਜੇਪੀ ਦੇ ਆਗੂ ਚੋਣਾਂ ਦੇ ਸਮੇਂ ਵਿਚ ਘੱਟ ਗਿਣਤੀ ਕੌਮਾਂ ਵਿਰੁੱਧ ਜ਼ਹਿਰ ਉਗਲ ਰਹੇ ਹਨ । ਜਦੋਂ ਇਹ ਹਿੰਦੂਤਵ ਆਗੂ ਭਾਰਤ ਦੇ ਵੱਖ-ਵੱਖ ਹਿਸਿਆ ਵਿਚ ਵੱਖ-ਵੱਖ ਕੌਮਾਂ ਵਿਚ ਨਫ਼ਰਤ ਦੀ ਦੀਵਾਰ ਖੜ੍ਹੀ ਕਰਨ ਵਾਲੇ ਮਨੁੱਖਤਾ ਵਿਰੋਧੀ ਅਮਲ ਕਰ ਰਹੇ ਹਨ, ਤਾਂ ਇਥੋ ਦੀ ਸੁਪਰੀਮ ਕੋਰਟ, ਸੰਬੰਧਤ ਹਾਈਕੋਰਟਾਂ ਅਤੇ ਚੋਣ ਕਮਿਸ਼ਨ ਇਹਨਾਂ ਫਿਰਕੂਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਇ ਕੁੰਭਕਰਨੀ ਨੀਂਦ ਕਿਉਂ ਸੁੱਤੇ ਪਏ ਹਨ ?
ਸ. ਮਾਨ ਨੇ ਮੁਸਲਿਮ, ਇਸਾਈ, ਰੰਘਰੇਟੇ, ਸਿੱਖ ਕੌਮ ਅਤੇ ਮਨੁੱਖੀ ਕਦਰਾ-ਕੀਮਤਾ ਦੀ ਕਦਰ ਕਰਨ ਵਾਲੇ ਸੂਝਵਾਨ ਹਿੰਦੂਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਿਸੇ ਵੀ ਕੌਮ, ਧਰਮ, ਫਿਰਕੇ ਦੇ ਬਿਲਕੁਲ ਵਿਰੁੱਧ ਨਹੀਂ । ਬਲਕਿ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਸਮਾਜਿਕ ਨਫ਼ਰਤ ਭਰੇ ਅਮਲਾਂ ਨੂੰ ਸਦਾ ਲਈ ਖ਼ਤਮ ਕਰਕੇ ਬਰਾਬਰਤਾ ਦੀ ਸੋਚ ਵਾਲੇ ਸਮਾਜ ਦੀ ਸਿਰਜਣਾ ਕਰਨ ਲਈ ਇਨਸਾਫ਼ ਪਸੰਦ ਰਾਜ ਪ੍ਰਬੰਧ ਕਾਇਮ ਕਰਨ ਦਾ ਹਾਮੀ ਹੈ । ਇਸ ਲਈ ਇਹ ਸਭ ਕੌਮਾਂ ਅਤੇ ਸੂਝਵਾਨ ਅਮਨ-ਚੈਨ ਚਾਹੁੰਣ ਵਾਲੇ ਲੋਕ ਬੀਜੇਪੀ, ਕਾਂਗਰਸ, ਐਨ.ਡੀ.ਏ, ਯੂਪੀਏ ਆਦਿ ਹਿੰਦੂਤਵ ਸੋਚ ਵਾਲੀਆਂ ਜਮਾਤਾਂ ਨੂੰ ਇਖ਼ਲਾਕੀ ਤੌਰ ਤੇ ਹਾਰ ਦੇਣ ਲਈ ਅੱਗੇ ਆਉਣ ਅਤੇ ਜੋ ਗਿਰੀਰਾਜ ਸਿੰਘ ਅਤੇ ਮੋਦੀ ਵਰਗੇ ਆਗੂ ਨਫ਼ਰਤ ਦੀ ਖੇਡ-ਖੇਡਕੇ ਹਿੰਦੂ ਕੌਮ ਨੂੰ ਮੂਰਖ ਬਣਾਕੇ ਇਥੇ ਆਪਣੀਆਂ ਹਕੂਮਤਾਂ ਕਾਇਮ ਕਰਨੀਆਂ ਚਾਹੁੰਦੇ ਹਨ ਅਜਿਹੇ ਮਨੁੱਖਤਾ ਵਿਰੋਧੀ ਲੋਕਾਂ ਨੂੰ ਆਪਣੇ ਵੋਟ ਹੱਕ ਦੇ ਦੁਆਰਾ ਕਰਾਰਾ ਜੁਆਬ ਦੇਣ ਤੋਂ ਬਿਲਕੁਲ ਨਾ ਖੁੰਝਣ । ਬਲਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਫ਼-ਸੁਥਰੇ ਅਕਸ ਵਾਲੇ, ਇਮਾਨਦਾਰ, ਦ੍ਰਿੜ ਵਿਚਾਰਾਂ ਦੇ ਧਾਰਨੀ ਉਮੀਦਵਾਰਾਂ ਨੂੰ ਜਿਤਾਕੇ ਪੰਜਾਬ ਸੂਬੇ, ਏਸੀਆ ਖਿੱਤੇ ਦੇ ਗੁਆਢੀ ਮੁਲਕਾਂ ਨਾਲ ਸਦਾ ਲਈ ਸਦ ਭਾਵਨਾ ਵਾਲਾ ਮਾਹੌਲ ਕਾਇਮ ਕਰਨ ਵਿਚ ਯੋਗਦਾਨ ਪਾਉਣ । ਬਦੀ ਦੀ ਅਗਵਾਈ ਕਰਨ ਵਾਲੀਆਂ ਤਾਕਤਾਂ ਨੂੰ ਸਦਾ ਲਈ ਦਫ਼ਨ ਕਰਨ ਵਿਚ ਯੋਗਦਾਨ ਪਾਉਣ ।