ਚੰਡੀਗੜ੍ਹ – ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਪੰਜਾਬ ਵਿੱਚ ਡਰੱਗ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਚਾਉਣ ਲਈ ਮੁੱਖਮੰਤਰੀ ਬਾਦਲ ਵੱਲੋਂ ਅਪਨਾਏ ਗਏ ਹੱਥਕੰਡਿਆਂ ਦਾ ਖੁਲਾਸਾ ਕਰਕੇ ਸਨਸਨੀ ਫੈਲਾ ਦਿੱਤੀ ਹੈ।ਉਨ੍ਹਾਂ ਨੇ ਕਥਿਤ ਤੌਰ ਤੇ ਡਰੱਗ ਸਮਗਲਿੰਗ ਵਿੱਚ ਸ਼ਾਮਿਲ ਪੰਜਾਬ ਦੇ 2ਮੰਤਰੀਆਂ ਅਤੇ 3 ਵਿਧਾਇਕਾਂ ਦਾ ਖੁਲਾਸਾ ਕੀਤਾ ਹੈ। ਕਾਂਗਰਸ ਦਾ ਇੱਕ ਵਿਧਾਇਕ ਵੀ ਇਸ ਤਸਕਰੀ ਵਿੱਚ ਸ਼ਾਮਿਲ ਹੈ।
ਡੀਜੀਪੀ ਨੇ ਇੱਕ ਪਰੈਸ ਕਾਨਫਰੰਸ ਵਿੱਚ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੇ ਡਰੱਗ ਕਾਰੋਬਾਰ ਵਿੱਚ ਸ਼ਾਮਿਲ 98 ਨੇਤਾਵਾਂ ਦੀ ਸੂਚੀ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਸੌਂਪੀ ਸੀ, ਪਰ ਬਾਦਲ ਨੇ ਉਨ੍ਹਾਂ ਨੂੰ ਹੀ ਨਸੀਹਤ ਦੇ ਦਿੱਤੀ, ‘ ਤੁਸੀਂ ਏਦਾਂ ਦੇ ਕੰਮ ਨਾਂ ਕਰਿਆ ਕਰੋ।’ ਸ਼ਸ਼ੀਕਾਂਤ ਨੇ ਇਹ ਆਰੋਪ ਲਗਾਇਆ ਹੈ ਕਿ ਮੁੱਖਮੰਤਰੀ ਨੇ ਉਹ ਰਿਪੋਰਟ ਛੁਪਾ ਲਈ ਸੀ। ਇਸ ਰਿਪੋਰਟ ਵਿੱਚ ਪੰਜਾਬ ਦੇ ਦੋ ਮੰਤਰੀਆਂ ਗੁਲਜ਼ਾਰ ਸਿੰਘ ਰਣੀਕੇ ਅਤੇ ਅਜੀਤ ਸਿੰਘ ਕੋਹਾੜ, ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਭਤੀਜੇ ਜਿੰਮੀ ਕਾਲੀਆ, 2 ਅਕਾਲੀ ਵਿਧਾਇਕਾਂ ਵੀਰ ਸਿੰਘ ਲੋਪੋਕੇ ਅਤੇ ਵਿਰਸਾ ਸਿੰਘ ਵਲਟੋਹਾ ਤੋਂ ਇਲਾਵਾ ਕਾਂਗਰਸੀ ਵਿਧਾਇਕ ਓਪੀ ਸੋਨੀ ਦਾ ਨਾਂ ਵੀ ਸੀ। ਉਨ੍ਹਾਂ ਨੇ ਚਾਰ ਸਫਿ਼ਆਂ ਦੀ ਇਹ ਸੂਚੀ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਸੌਂਪੀ ਸੀ, ਪਰ ਬਾਦਲ ਨੇ ਉਲਟਾ ਉਸ ਨੂੰ ਹੀ ਅਜਿਹੇ ਕੰਮ ਨਾਂ ਕਰਨ ਦੀ ਨਸੀਹਤ ਦੇ ਦਿੱਤੀ। ਉਨ੍ਹਾਂ ਅਨੁਸਾਰ ਨਾਰਕੋਟਿਕ ਕੰਟਰੋਲ ਬਿਊਰੋ ਨੇ ਰਣੀਕੇ ਦੇ ਘਰ ਛਾਪਾ ਮਾਰਨ ਦੀ ਪੂਰੀ ਤਿਆਰੀ ਕਰ ਲਈ ਸੀ। ਉਸੇ ਸਮੇਂ ਮੁੱਖਮੰਤਰੀ ਬਾਦਲ ਨੇ ਉਨ੍ਹਾਂ ਨੂੰ ਬੁਲਾ ਕੇ ਕਿਹਾ ਸੀ ਕਿ ਆਪਣੇ ਅਸਰ-ਰਸੂਖ ਦਾ ਇਸਤੇਮਾਲ ਕਰਕੇ ਇਹ ਛਾਪਾ ਰੋਕਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਲਈ ਮੁੱਖਮੰਤਰੀ ਦਾ ਹੁਕਮ ਮੰਨਦੇ ਹੋਏ ਮੈਨੂੰ ਇਹ ਛਾਪਾ ਰੁਕਵਾਉਣਾ ਪਿਆ।
ਸ਼ਸ਼ੀਕਾਂਤ ਨੇ ਕਿਹਾ ਕਿ ਉਸ ਦੀ ਜਾਨ ਨੂੰ ਵੀ ਖਤਰਾ ਹੈ। ਇਸ ਲਈ ਉਨ੍ਹਾਂ ਨੇ ਇਸ ਸੂਚੀ ਤੋਂ ਇਲਾਵਾ ਹੋਰ ਪੁਖਤਾ ਸਬੂਤ ਵੀ ਆਪਣੇ ਵਕੀਲ ਨੂੰ ਦੇ ਦਿੱਤੇ ਹਨ ਤਾਂ ਜੇ ਉਨ੍ਹਾਂ ਨੂੰ ਜੇ ਕੁਝ ਹੋ ਵੀ ਜਾਵੇ ਤਾਂ ਉਹ ਇਨ੍ਹਾਂ ਸਬੂਤਾਂ ਨੂੰ ਸਰਵਜਨਿਕ ਕਰ ਦੇਵੇ।
ਸਾਬਕਾ ਡੀਜੀਪੀ ਨੇ ਇਹ ਵੀ ਕਿਹਾ ਕਿ ਜਦੋਂ ਉਨ੍ਹਾਂ ਨੂੰ ਡੀਜੀਪੀ ਜੇਲ੍ਹ ਬਣਾਇਆ ਗਿਆ ਤਾਂ ਉਨ੍ਹਾਂ ਨੇ ਆਪਣੇ ਜੇਲ੍ਹ ਦੇ ਦੌਰੇ ਸਮੇਂ ਵੇਖਿਆ ਕਿ ਉਸ ਸਮੇਂ ਜੇਲ੍ਹ ਵਿੱਚ ਰੋਜ਼ਾਨਾ ਇੱਕ ਕਿਲੋ ਸਮੈਕ ਵਿਕ ਰਹੀ ਸੀ। ਉਸ ਸਮੇਂ ਰੋਜ਼ਾਨਾ 70 ਕਰੋੜ ਦੀ ਸਮੈਕ ਵਿਕ ਰਹੀ ਸੀ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਨੇ ਇੱਕ ਰਿਪੋਰਟ ਤਿਆਰ ਕਰਵਾਈ ਸੀ, ਜਿਸ ਅਨੁਸਾਰ 85% ਕੈਦੀ ਨਸ਼ੇ ਦੇ ਆਦੀ ਹੋ ਚੁੱਕੇ ਸਨ।
ਡੀਜੀਪੀ ਸ਼ਸ਼ੀਕਾਂਤ ਅਨੁਸਾਰ ਇਕ ਵਾਰ ਕੁਝ ਡਰਾਈਵਰਾਂ ਨੇ ਬਾਦਲ ਪਰੀਵਾਰ ਦੀਆਂ ਆਰਬਿਟ ਬੱਸਾਂ ਨੂੰ ਰੋਕ ਲਿਆ ਸੀ। ਇਸ ਤੇ ਮੁੱਖਮੰਤਰੀ ਬਾਦਲ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਿਹੜੇ ਡਰਾਈਵਰਾਂ ਨੇ ਉਨ੍ਹਾਂ ਦੀਆਂ ਬੱਸਾਂ ਰੋਕੀਆਂ ਹਨ, ਉਨ੍ਹਾਂ ਤੇ ਅਫ਼ੀਮ ਤੇ ਹੋਰ ਨਸ਼ੇ ਪਾ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਹੀ ਦੁੱਖਦਾਈ ਸੀ, ਕਿਉਂਕਿ ਮੈਂ ਉਸ ਸਮੇਂ ਸਰਵਿਸ ਕਰ ਰਿਹਾ ਸੀ। ਇਸ ਲਈ ਬਹੁਤ ਹੀ ਮਜ਼ਬੂਰ ਸੀ, ਪਰ ਹੁਣ ਮੇਰੀ ਆਤਮਾ ਮੈਨੂੰ ਹਰਰੋਜ਼ ਕੋਸਦੀ ਹੈ ਕਿ ਮੈਂ ਏਨੇ ਸਮੇਂ ਤੱਕ ਚੁੱਪ ਕਿਉਂ ਰਿਹਾ! ਅੱਜ ਪੰਜਾਬ ਦੀ ਜਵਾਨੀ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੀ ਹੈ।