ਚੰਡੀਗੜ੍ਹ – “ਜਦੋਂ ਬੀਜੇਪੀ ਦੀ ਜਮਾਤ ਦੇ ਆਗੂ ਗਿਰੀਰਾਜ ਸਿੰਘ ਕਹਿ ਰਹੇ ਹਨ ਕਿ ਮੋਦੀ ਨੂੰ ਮਦਦ ਨਾ ਕਰਨ ਵਾਲਿਆ ਨੂੰ ਪਾਕਿਸਤਾਨ ਭੇਜਾਂਗੇ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਸ੍ਰੀ ਪ੍ਰਵੀਨ ਤੋਗੜੀਆ ਕਹਿ ਰਹੇ ਹਨ ਕਿ ਹਿੰਦੂ ਬਸਤੀਆਂ ਅਤੇ ਮੁਹੱਲਿਆਂ ਵਿਚ ਮੁਸਲਮਾਨ ਕੋਈ ਜ਼ਮੀਨ-ਜ਼ਾਇਦਾਦ ਨਹੀਂ ਖ਼ਰੀਦ ਸਕਦੇ ਤਾਂ ਅਜਿਹੇ ਹਾਲਾਤਾਂ ਵਿਚ ਘੱਟ ਗਿਣਤੀ ਮੁਸਲਿਮ, ਸਿੱਖ, ਇਸਾਈ ਅਤੇ ਰੰਘਰੇਟਿਆਂ ਦੀ ਭਾਰਤ ਦੇ ਵੱਖ-ਵੱਖ ਸਥਾਨਾਂ ਤੋ ਇਹਨਾਂ ਕੌਮਾਂ ਦੀ ਵੱਡੇ ਪੱਧਰ ਤੇ ਜਦੋਂ ਹਿਜ਼ਰਤ ਹੋਵੇਗੀ ਤਾਂ ਇਹਨਾਂ ਘੱਟ ਗਿਣਤੀ ਕੌਮਾਂ ਦੇ ਜਾਨ-ਮਾਲ, ਇੱਜ਼ਤ ਆਬਰੂ ਦੀ ਸੁਰੱਖਿਆ ਹਿੰਦੂਤਵ ਹਕੂਮਤਾਂ ਨਹੀਂ ਕਰਨਗੀਆਂ । ਕਿਉਂਕਿ ਇਹਨਾਂ ਹਕੂਮਤਾਂ ਵਿਚ ਹਿੰਦੂਤਵ ਸੋਚ ਹੀ ਭਾਰੂ ਹੈ ਫਿਰ ਉਹਨਾਂ ਦੇ ਜਾਨ-ਮਾਲ ਅਤੇ ਇੱਜ਼ਤ ਆਬਰੂ ਦੀ ਰੱਖਿਆ ਕਰਨ ਦਾ ਪ੍ਰਬੰਧ ਕੌਮਾਂਤਰੀ ਜਥੇਬੰਦੀ ਯੂ.ਐਨ.ਓ. ਅਤੇ ਉਸਦੀ ਸੁਰੱਖਿਆ ਕੌਸਲ ਸੰਜ਼ੀਦਗੀ ਨਾਲ ਅੱਗੇ ਹੋ ਕੇ ਨਿਭਾਉਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਵਿਚ ਹਿੰਦੂਤਵ ਜਮਾਤਾਂ ਬੀਜੇਪੀ, ਆਰ.ਐਸ.ਐਸ, ਵਿਸ਼ਵ ਹਿੰਦੂ ਪ੍ਰੀਸ਼ਦ ਆਦਿ ਵੱਲੋ ਘੱਟ ਗਿਣਤੀ ਕੌਮਾਂ ਦੇ ਆਜ਼ਾਦੀ ਨਾਲ ਵਿਚਰਨ ਉਤੇ ਲਗਾਏ ਗਏ ਡੂੰਘੇ ਪ੍ਰਸ਼ਨ ਚਿੰਨ੍ਹ ਅਤੇ ਉਹਨਾਂ ਵਿਚ ਬਹੁਗਿਣਤੀ ਵੱਲੋ ਦਹਿਸ਼ਤ ਪਾਉਣ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਘੱਟ ਗਿਣਤੀਆਂ ਦੀ ਹਰ ਪੱਖੋ ਸੁਰੱਖਿਆ ਦਾ ਪ੍ਰਬੰਧ ਹੋਣ ਕਰਨ ਦੀ ਯੂ.ਐਨ.ਓ. ਨੂੰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਭਾਰਤੀ ਫ਼ੌਜ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਹੁਣ ਜਦੋ ਬੀਜੇਪੀ, ਆਰ.ਐਸ.ਐਸ, ਵੀ.ਐਚ.ਪੀ. ਤੇ ਹੋਰ ਫਿਰਕੂ ਜਮਾਤਾਂ ਵੱਲੋ ਦਹਿਸ਼ਤ ਪਾ ਕੇ ਹਿਜ਼ਰਤ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਤਾਂ ਭਾਰਤੀ ਫ਼ੌਜ ਕੀ ਆਪਣੀਆਂ ਬੈਰਕਾਂ ਵਿਚੋ ਬਾਹਰ ਆ ਕੇ ਆਪਣੀਆਂ ਵਿਧਾਨਿਕ ਅਤੇ ਮਨੁੱਖਤਾ ਪੱਖੀ ਜਿੰਮੇਵਾਰੀਆਂ ਨੂੰ ਪੂਰਨ ਕਰੇਗੀ ਜਾਂ ਨਹੀਂ ? ਸ. ਮਾਨ ਨੇ ਮਿਸਰ ਵਿਚ ਹੋਏ ਅਮਲਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋ ਮਿਸਰ ਵਿਚ ਮੁਸਲਿਮ ਬ੍ਰਦਰਹੁੱਡ ਬਹੁਗਿਣਤੀ ਦੀ ਹਕੂਮਤ ਸਾਹਮਣੇ ਆਈ ਤਾਂ ਮਿਸਰ ਦੀ ਫ਼ੌਜ ਨੇ ਉਸ ਨੂੰ ਬਰਖਾਸਤ ਕਰਕੇ ਮਿਸਰ ਵਿਚ ਕਾਨੂੰਨ ਦਾ ਰਾਜ ਸਥਾਪਿਤ ਕਰਨ ਵਿਚ ਮੁੱਖ ਜਿੰਮੇਵਾਰੀ ਨਿਭਾਈ ਅਤੇ ਮਨੁੱਖਤਾ ਦੇ ਹੋਣ ਵਾਲੇ ਖ਼ੂਨ ਅਤੇ ਜ਼ਬਰ-ਜੁਲਮ ਨੂੰ ਰੋਕ ਕੇ ਫ਼ੌਜ ਦੇ ਫ਼ਰਜ਼ਾਂ ਦੀ ਦ੍ਰਿੜਤਾ ਤੇ ਦਲੇਰੀ ਨਾਲ ਪਾਲਣਾ ਕੀਤੀ । ਉਪਰੋਕਤ ਫਿਰਕੂ ਬਿਆਨਾਂ ਉਪਰੰਤ ਜੋ ਘੱਟ ਗਿਣਤੀ ਕੌਮਾਂ ਦੀ ਹਿੰਦੂਤਵ ਇਲਾਕਿਆ ਵਿਚੋ ਹਿਜ਼ਰਤ ਹੋਵੇਗੀ, ਕੀ ਹਿੰਦ ਫ਼ੌਜ ਵੀ ਹਿੰਦੂਤਵ ਖੇਤਰਾਂ ਵਿਚੋ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਨਿਵਾਸੀਆਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਣ ਵਿਚ ਮਦਦ ਕਰੇਗੀ ਜਾਂ ਫਿਰ ਮੁਤੱਸਵੀਆਂ ਅੱਗੇ ਜ਼ਲੀਲ ਤੇ ਤਸੱਦਦ ਹੋਣ ਲਈ 1984 ਦੀ ਤਰ੍ਹਾਂ ਘੇਰਕੇ ਬਹੁਗਿਣਤੀ ਦਾ ਨਿਸ਼ਾਨਾਂ ਬਣਾਉਣ ਵਿਚ ਮਦਦ ਕਰੇਗੀ ? ਸ. ਮਾਨ ਨੇ ਭਾਰਤ ਦੇ ਸਦਰ ਸ੍ਰੀ ਪ੍ਰਣਾਬ ਮੁਖਰਜੀ ਨੂੰ ਕੌਮਾਂਤਰੀ ਮਨੁੱਖਤਾ ਪੱਖੀ ਕਾਨੂੰਨਾਂ ਅਤੇ ਹਿੰਦ ਦੇ ਵਿਧਾਨ ਅਨੁਸਾਰ ਸਭਨਾਂ ਨੂੰ ਬਰਾਬਰਤਾ ਦਾ ਵਰਤਾਰਾ ਅਤੇ ਹੱਕ ਦੇਣ ਦੇ ਅਧਿਕਾਰ ਦੇ ਹਵਾਲੇ ਨਾਲ ਸੰਜ਼ੀਦਾਂ ਸਵਾਲ ਕਰਦੇ ਹੋਏ ਕਿਹਾ ਕਿ ਜਦੋ ਭਾਰਤ ਵਿਚ ਮੁਤੱਸਵੀ ਬਹੁਗਿਣਤੀ ਨਾਲ ਸੰਬੰਧਤ ਸੰਗਠਨ ਅਤੇ ਜਮਾਤਾਂ ਘੱਟ ਗਿਣਤੀ ਕੌਮਾਂ ਦੀ ਨਸਲਕੁਸੀ ਅਤੇ ਨਸਲੀ ਸਫ਼ਾਈ ਕਰਨ ਲਈ ਸਾਜਿ਼ਸਾਂ ਨੂੰ ਅਮਲ ਦੇਣ ਲੱਗ ਪਈਆ ਹਨ ਤਾਂ ਉਹ ਆਪਣੇ ਸਦਰ ਵਾਲੇ ਨਿਰਪੱਖਤਾ ਤੇ ਅਧਾਰਿਤ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਲਈ ਅਤੇ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ ਅਤੇ ਰੰਘਰੇਟਿਆਂ ਦੇ ਜਾਨ-ਮਾਲ ਦੀ ਸੁਰੱਖਿਆ ਕਰਨ ਦੇ ਫਰਜ ਨਿਭਾਉਣ ਤੇ ਘੱਟ ਗਿਣਤੀਆਂ ਦੀ ਹਿਫ਼ਾਜਤ ਕਰਨ ।