ਸਿਡਨੀ-ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਇਕ ਪਰੈਸ ਬਿਆਨ ਚ ਕਿਹਾ ਕਿ ਕਿਹਾ ਕਿ ਭਾਜਪਾ ਨੇ ਪੰਜਾਬ ‘ਚ ਅਕਾਲੀਆਂ ਨਾਲ ਮਿਲ ਕੇ ਔਰਤਾਂ ਉਪਰ ਹਮਲੇ ਕਰਵਾਏ। ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਸ਼ੁਰੂ ਤੋਂ ਹੀ ਵੱਡੇ ਉਦਯੋਗਿਕ ਤੇ ਵਪਾਰਕ ਘਰਾਣਿਆਂ ਦੀ ਪ੍ਰਫੁੱਲਤਾ ਵਾਲੀਆਂ ਰਹੀਆਂ ਹਨ। ਇਨ੍ਹਾਂ ਦੇ ਰਾਜਕਾਲ ਦੌਰਾਨ ਦੇਸ਼ ਭਰ ਅੰਦਰ ਹਜ਼ਾਰਾਂ ਹੀ ਕਿਸਾਨਾਂ ਨੇ ਆਰਥਕ ਤੰਗੀ ਤੋਂ ਦੁਖੀ ਹੋ ਕੇ ਖੁਦਕੁਸ਼ੀਆਂ ਕੀਤੀਆਂ। ਜਦਕਿ ਕਾਂਗਰਸ ਪਾਰਟੀ ਨੇ ਗਰੀਬ, ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਆਮ ਵਰਗ ਨਾਲ ਸਬੰਧਤ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਦਾ ਹਰ ਸੰਭਵ ਉਪਰਾਲਾ ਕੀਤਾ।
ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਕਿਸਾਨਾਂ ਸਿਰ ਚੜ੍ਹੇ 70 ਕਰੋੜ ਰੁਪਏ ਦੇ ਕਰਜ਼ਿਆਂ ‘ਤੇ ਕਾਂਗਰਸ ਸਰਕਾਰ ਨੇ ਲਕੀਰ ਮਾਰੀ। ਇਸ ਤੋਂ ਇਲਾਵਾ ਲੁਧਿਆਣਾ ਦੇ ਸਰਵਪੱਖੀ ਵਿਕਾਸ ਲਈ 20 ਹਜ਼ਾਰ ਕਰੋੜ ਦੀ ਗ੍ਰਾਂਟ ਰਿਲੀਜ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੀ ਲੀਡਰਸ਼ਿਪ ਜਿਸ ਡਾ. ਮਨਮੋਹਨ ਸਿੰਘ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਦੱਸ ਰਹੀ ਹੈ। ਉਨ੍ਹਾਂ ਦੇ ਹੁਣ ਤੱਕ ਦੇ ਆਪਣੇ ਕਾਰਜਕਾਲ ਦੌਰਾਨ ਦੇਸ਼ ਅਤੇ ਦੇਸ਼ ਵਾਸੀਆਂ ਦੇ ਹਿੱਤਾਂ ਨੂੰ ਮੱਦੇਨਜ਼ਰ ਰੱਖਦਿਆਂ ਅਜਿਹੇ ਅਹਿਮ ਫੈਸਲੇ ਲਏ ਹਨ ਕਿ ਦੁਨੀਆ ਭਰ ਅੰਦਰ ਭਾਰਤ ਦਾ ਸਿਰ ਸਨਮਾਨ ਨਾਲ ਉਚਾ ਹੋਇਆ ਹੈ। ਅੱਜ ਅਮਰੀਕਾ ਵਰਗਾ ਸ਼ਕਤੀਸਾਲੀ ਮੁਲਕ ਵੀ ਡਾ. ਮਨਮੋਹਨ ਸਿੰਘ ਦੀ ਦੂਰ ਦ੍ਰਿਸ਼ਟੀ ਸੋਚ ਦਾ ਲੋਹਾ ਮੰਨਦਾ ਹੈ।
ਡਾ.ਅਮਰਜੀਤ ਟਾਂਡਾ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਦੀ ਬਿਹਤਰੀ ਵਾਸਤੇ ਕਾਂਗਰਸ ਸਰਕਾਰ ਨੇ ਖਾਸ ਉਪਰਾਲੇ ਕੀਤੇ ਹਨ। ਪਿਛਲੇ 5 ਸਾਲਾਂ ਵਿੱਚ ਕਾਂਗਰਸ ਸਰਕਾਰ ਨੇ ਪੇਂਡੂ ਅਤੇ ਖੇਤੀ ਵਿਕਾਸ ਨੂੰ ਮੁੱਖ ਮੁੱਦਾ ਬਣਾਉਂਦਿਆਂ ਇਤਿਹਾਸਕ ਕਦਮ ਚੁੱਕੇ ਹਨ। ਇਸ ਲਈ ਕਿਸਾਨਾਂ ਦੇ ਹੱਕ ਵਿੱਚ ਮਜ਼ਬੂਤ ਕਦਮ ਚੁੱਕਦਿਆਂ ਸਾਡੀ ਸਰਕਾਰ ਨੇ ਕਣਕ ਦਾ ਮੁੱਲ 630 ਰੁਪਏ ਤੋਂ ਵਧਾ ਕੇ 1080 ਰੁਪਏ, ਝੋਨੇ ਦਾ ਮੁੱਲ 590 ਰੁਪਏ ਤੋਂ ਵਧਾ ਕੇ 930 ਰੁਪਏ ਕੀਤਾ ਹੈ, ਜੋ ਅੱਜ ਤੱਕ ਕਿਸੇ ਵੀ ਸਰਕਾਰ ਨੇ ਸੋਚਣ ਦੀ ਹਿੰਮਤ ਵੀ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਖ਼ਾਦ ਦਵਾਈਆਂ ਦੀ ਕੀਮਤ ਵਿੱਚ ਵੀ ਪਿਛਲੇ ਪੰਜਾਂ ਸਾਲਾਂ ਵਿੱਚ ਇੱਕ ਰੁਪਏ ਦਾ ਵਾਧਾ ਨਹੀਂ ਕੀਤਾ ਗਿਆ, ਜਦਕਿ ਭਾਜਪਾ ਅਤੇ ਅਕਾਲੀ ਦਲ ਵਾਲੇ ਹੱਥ ‘ਤੇ ਹੱਥ ਰੱਖ ਕੇ ਸਿਰਫ਼ ਗੱਲਾਂ ਕਰਨਾ ਹੀ ਜਾਣਦੇ ਹਨ
ਡਾ.ਅਮਰਜੀਤ ਟਾਂਡਾ ਨੇ ਭਾਜਪਾ ‘ਤੇ ਵਰ੍ਹਦਿਆਂ ਕਿਹਾ ਕਿ ਕੰਧਾਰ ਕਾਂਡ ਸਮੇਂ ਸਰਕਾਰ ਕਮਜ਼ੋਰ ਸਾਬਤ ਹੋਈ ਸੀ।
ਡਾ.ਅਮਰਜੀਤ ਟਾਂਡਾ ਨੇ ਇਹ ਵੀ ਦਾਅਵਾ ਕੀਤਾ ਕਿ ਹੁਣ ਤੱਕ 15ਵੀਆਂ ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੇਂਦਰ ‘ਚ ਸਰਕਾਰ ਕਾਂਗਰਸ ਦੀ ਹੀ ਬਣੇਗੀ ਤੇ ਇਸ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹੀ ਹੋਣਗੇ।
ਕਾਂਗਰਸ ਪਾਰਟੀ ਦੇ ਆਸਟ੍ਰੇਲੀਆ ਦੇ ਨੌਜਵਾਨ ਆਗੂ ਡਾ.ਅਮਰਜੀਤ ਟਾਂਡਾ ਨੇ ਦਾਅਵੇ ਨਾਲ ਕਿਹਾ ਕਿ ਪੰਜਾਬ ਦੀਆਂ 13 ਸੀਟਾਂ ਉਪਰ ਵੀ ਕਾਂਗਰਸ ਹੂੰਝਾਂ ਫੇਰ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਲੋਕਾਂ ਨੂੰ ਵੰਡਿਆ ਹੈ ਜਦਕਿ ਕਾਂਗਰਸ ਨੇ ਧਰਮ ਨਿਰਪੱਖ਼ਤਾ, ਏਕਤਾ-ਅਖੰਡਤਾ ਦੀ ਰਾਖ਼ੀ ‘ਤੇ ਪਹਿਰਾ ਦਿੰਦਿਆਂ ਸਮਾਜ ਨੂੰ ਇਕਜੁੱਟ ਰੱਖਿਆ ਹੈ। ਦਹਿਸ਼ਤਵਾਦ ਖਿਲਾਫ਼ ਕਾਂਗਰਸ ਨੇ ਲੜਾਈ ਲੜੀ ਹੈ ਤੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗੀ।