ਅੰਮ੍ਰਿਤਸਰ – ਸਾਬਕਾ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਬੀਜੇਪੀ ਦੇ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਨਰੇਂਦਰ ਮੋਦੀ ਨੂੰ ਖੁਲ੍ਹੀ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਮੋਦੀ ਨੂੰ ਪੰਜਾਬ ਸਬੰਧੀ ਕੁਝ ਸਵਾਲ ਕੀਤੇ ਗਏ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਇਹ ਸਵਾਲ ਕੀਤਾ ਹੈ ਕਿ ਕੀ ਉਹ ਅੰਮ੍ਰਿਤਸਰ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਸ਼ਹਿ ਤੇ ਹੋ ਰਹੇ ਅਪਰਾਧੀਕਰਨ ਤੇ ਆਪਣੀ ਮੋਹਰ ਲਗਾਉਣ ਆ ਰਹੇ ਹਨ। ਇਸ ਦੇ ਨਾਲ ਹੀ ਗੁਜਰਾਤ ਵਿੱਚ ਪੰਜਾਬੀ ਕਿਸਾਨਾਂ ਨਾਲ ਮੋਦੀ ਵੱਲੋਂ ਕੀਤੇ ਗਏ ਵਾਅਦੇ ਦੀ ਵੀ ਯਾਦ ਦਿਵਾਈ ਹੈ। ਜਗਰਾਵਾਂ ਵਿੱਚ 23 ਫਰਵਰੀ ਦੀ ਰੈਲੀ ਦੌਰਾਨ ਮੋਦੀ ਨੇ ਕਿਹਾ ਸੀ ਕਿ ਗੁਜਰਾਤ ਵਿੱਚੋਂ ਕਿਸੇ ਨੂੰ ਵੀ ਕੱਢਿਆ ਨਹੀ ਜਾਵੇਗਾ। ਕੈਪਟਨ ਨੇ ਕਿਹਾ ਕਿ ਇਸ ਬਿਆਨ ਤੋਂ ਬਾਅਦ ਲੋਕਾਂ ਵਿੱਚ ਇਹ ਉਮੀਦ ਜਾਗੀ ਸੀ ਕਿ ਮੋਦੀ ਸਰਕਾਰ ਸੁਪਰੀਮਕੋਰਟ ਵਿੱਚ ਕਿਸਾਨਾਂ ਖਿਲਾਫ਼ ਕੀਤੀ ਗਈ ਅਪੀਲ ਵਾਪਿਸ ਲੈ ਲਵੇਗੀ। ਪਰ ਅਜੇ ਤੱਕ ਤੁਹਾਡੀ ਗੁਜਰਾਤ ਸਰਕਾਰ ਨੇ ਕੁਝ ਵੀ ਨਹੀਂ ਕੀਤਾ।
ਆਪਣੇ ਪੱਤਰ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਮੈਂ ਪੰਜਾਬ ਵਿੱਚ ਤੁਹਾਡੀ ਭਾਈਵਾਲ ਪਾਰਟੀ ਸਬੰਧੀ ਕੁਝ ਜਾਣਕਾਰੀ ਦੇਣਾ ਚਾਹੁੰਦਾ ਹਾਂ। ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਇੱਕ ਕਿਸਾਨ ਪਰੀਵਾਰ ਨਾਲ ਸਬੰਧਤ ਸਨ, ਜਿਨ੍ਹਾਂ ਕੋਲ 80 ਏਕੜ ਜਮੀਨ ਸੀ। ਉਹ ਬਹੁਤ ਹੀ ਡਰਪੋਕ ਵਿਅਕਤੀ ਹਨ। ਲੇਕਿਨ ਹੁਣ ਇਹ ਜਮੀਨ ਅਰਬਾਂ-ਖਰਬਾਂ ਵਿੱਚ ਤਬਦੀਲ ਹੋ ਚੁੱਕੀ ਹੈ। ਉਹ ਕਈ ਫਾਈਵ ਸਟਾਰ ਹੋਟਲਾਂ ਦੇ ਮਾਲਿਕ ਹਨ।ਉਨ੍ਹਾਂ ਕੋਲ ਬੇਹਿਸਾਬ ਸੰਪਤੀ ਹੈ। ਕੋਈ ਵੀ ਉਨ੍ਹਾਂ ਦੀ ਅਸਲੀ ਸੰਪਤੀ ਦਾ ਰਾਜ ਨਹੀਂ ਜਾਣਦਾ। ਸੱਭ ਜਾਣਦੇ ਹਨ ਕਿ ਇਨ੍ਹਾਂ ਨੇ ਪੈਸੇ ਦੇ ਲਈ ਪੰਜਾਬ ਦੀ ਹਰ ਚੀਜ਼ ਤੇ ਆਪਣਾ ਕਬਜ਼ਾ ਕਰ ਰੱਖਿਆ ਹੈ।
ਕੈਪਟਨ ਨੇ ਇਸ ਚਿੱਠੀ ਵਿੱਚ ਮਜੀਠੀਏ ਦਾ ਜਿਕਰ ਕਰਦੇ ਹੋਏ ਕਿਹਾ ਹੈ ਕਿ ਉਸ ਉਪਰ ਕਈ ਸੰਗੀਨ ਆਰੋਪ ਹਨ ਅਤੇ ਡਰੱਗ ਤਸਕਰੀ ਵਿੱਚ ਵੀ ਉਸ ਦਾ ਨਾਂ ਹੈ। ਹਰ ਤਰ੍ਹਾਂ ਦੇ ਮਾਫ਼ੀਏ ਤੇ ਮਜੀਠੀਏ ਦਾ ਹੱਥ ਹੈ। ਭਾਂਵੇ ਉਹ ਸ਼ਰਾਬ ਮਾਫ਼ੀਆ ਹੋਵੇ, ਰੇਤ ਮਾਫ਼ੀਆ ਹੋਵੇ ਜਾਂ ਟਰਾਂਸਪੋਰਟ ਮਾਫੀਆ। ਮਜੀਠੀਏ ਦੇ ਸ਼ਹਿ ਤੇ ਯੂਥ ਅਕਾਲੀ ਦਲ ਵੱਲੋਂ ਨਿਰਦੋਸ਼ ਲੋਕਾਂ ਨੂੰ ਕਤਲ ਕੀਤਾ ਗਿਆ ਹੈ। ਤਰਨਤਾਰਨ ਵਿੱਚ ਇੱਕ ਏਐਸਆਈ ਨੂੰ ਇਸ ਲਈ ਗੋਲੀ ਮਾਰ ਦਿੱਤੀ ਗਈ ਸੀ ਕਿ ਉਸ ਨੇ ਆਪਣੀ ਧੀ ਦੀ ਇਜ਼ਤ ਬਚਾਉਣ ਦੀ ਕੋਸਿ਼ਸ਼ ਕੀਤੀ ਸੀ।
ਬੀਜੇਪੀ ਉਮੀਦਵਾਰ ਅਰੁਣ ਜੇਤਲੀ ਨੇ ਹਾਲ ਹੀ ਵਿੱਚ ਪੱਪੂ ਜੈਯੰਤੀਪੁਰ ਨਾਲ ਸਟੇਜ ਸਾਂਝੀ ਕੀਤੀ ਸੀ। ਪੱਪੂ ਇੱਕ ਅਪਰਾਧੀ ਕਿਸਮ ਦਾ ਵਿਅਕਤੀ ਹੈ। ਕੀ ਤੁਸੀਂ ਇਸ ਸੱਭ ਦਾ ਹਿਸਾਬ ਲਵੋਂਗੇ। ਪਿੰਡ ਮਕਬੂ਼ਪੁਰਾ ਵਿੱਚ 90% ਨੌਜਵਾਨ ਨਸਿ਼ਆਂ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ। ਪੰਜਾਬ ਦੇ ਲੋਕ ਮੋਦੀ ਕੋਲੋਂ ਇਹ ਜਾਣਨਾ ਚਾਹੁੰਦੇ ਹਨ ਬਾਦਲ ਪਰੀਵਾਰ ਕਿਸ ਤਰ੍ਹਾਂ ਲਗਾਤਾਰ ਅਮੀਰ ਹੁੰਦਾ ਜਾ ਰਿਹਾ ਹੈ ਤੇ ਪੰਜਾਬ ਵਾਸੀ ਗਰੀਬ ਹੋਈ ਜਾ ਰਹੇ ਹਨ।