ਚੰਡੀਗੜ੍ਹ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਸ਼ਬਦ ਨੂੰ ਤੋੜ-ਮਰੋੜ ਕੇ ਆਪਣੇ ਆਕਾ ਜੇਤਲੀ ਦੀ ਖੁਸ਼ਾਮੱਦ ਕਰਦਿਆਂ ਉਸ ਦਾ ਨਾਂ ਸ਼ਬਦ ਵਿੱਚ ਜੋੜਨ ਦੀ ਬੱਜ਼ਰ ਕੁਤਾਹੀ ਕਰਨ ਵਾਲੇ ਬਾਦਲ ਸਰਕਾਰ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਪੰਥ ਵਿੱਚੋਂ ਛੇਕ ਦਿੱਤਾ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਵੱਲੋਂ ਵੀ ਬਾਦਲਾਂ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਏ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ ਨੇ ਕਿਹਾ ਹੈ ਕਿ ਬਿਕਰਮ ਮਜੀਠੀਏ ਨੇ ਗੁਰੂ ਸਾਹਿਬ ਦੀ ਬਾਣੀ ਨਾਲ ਜੋ ਛੇੜਛਾੜ ਕੀਤੀ ਹੈ, ਇਹ ਘੋਰ ਅਪਰਾਧ ਹੈ। ਇਹ ਅਪਰਾਧ ਮਾਫ਼ੀ ਦੇ ਯੋਗ ਨਹੀਂ ਹੈ। ਇਸ ਲਈ ਮਜੀਠੀਏ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ।
ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜੱਥੇਦਾਰ ਜੋਇੰਦਰ ਸਿੰਘ ਨੇ ਵੀ ਗਿਆਨੀ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਵੀ ਬਿਕਰਮ ਸਿੰਘ ਮਜੀਠੀਏ ਦੇ ਗੁਨਾਹ ਸਬੰਧੀ ਬੈਠਕ ਆਯੋਜਿਤ ਕੀਤੀ ਗਈ। ਇਸ ਬੈਠਕ ਵਿੱਚ ਹੁਕਮਨਾਮਾ ਜਾਰੀ ਕਰਕੇ ਮਜੀਠੀਏ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ।ਹੁਕਮਨਾਮੇ ਵਿੱਚ ਕਿਹਾ ਗਿਆ ਹੈ ਕਿ ਮਜੀਠੀਏ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਸ਼ਬਦ ਵਿੱਚ ਅਰੁਣ ਜੇਤਲੀ ਦਾ ਨਾਂ ਜੋੜ ਕੇ ‘ਨਿਸ਼ਚੈ ਕਰ ਅਰੁਣ ਜੇਤਲੀ ਕੀ ਜੀਤ ਕਰੂੰ’ ਕਿਹਾ ਹੈ, ਇਸ ਨਾਲ ਗੁਰਬਾਣੀ ਵਿੱਚ ਇੱਕ ਆਮ ਵਿਅਕਤੀ ਦਾ ਨਾਂ ਪਾ ਕੇ ਬਾਣੀ ਦੀ ਬੇ-ਅਦਬੀ ਕੀਤੀ ਹੈ। ਸਾਰੇ ਸਿੱਖ ਜਗਤ ਅੰਦਰ ਇਸ ਘੋਰ ਪਾਪ ਪ੍ਰਤੀ ਰੋਸ ਹੈ। ਸੰਗਤਾਂ ਦੀ ਮੰਗ ਹੈ ਕਿ ਮਜੀਠੀਏ ਨੂੰ ਸਖਤ ਸਜ਼ਾ ਦਿੱਤੀ ਜਾਵੇ। ਹੁਕਮਨਾਮੇ ਵਿੱਚ ਸਿੱਖ ਇਤਿਹਾਸ ਦੀ ਉਸ ਘੱਟਨਾ ਦਾ ਜਿਕਰ ਕੀਤਾ ਗਿਆ ਹੈ, ਜਿਸ ਵਿੱਚ ਸਿੱਖਾਂ ਦੇ ਸਤਵੇਂ ਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਪੁੱਤਰ ਰਾਮਰਾਏ ਨੂੰ ਗੁਰਬਾਣੀ ਵਿੱਚ ਫੇਰਬਦਲ ਕਰਨ ਕਰਕੇ ਆਪਣੇ ਮੱਥੇ ਨਾਂ ਲਗਣ ਦਾ ਹੁਕਮ ਦੇ ਦਿੱਤਾ ਸੀ। ਤਖ਼ਤ ਸੱਚਖੰਡ ਹਜ਼ੂਰ ਅਬਿਚੱਲ ਨਗਰ ਸਾਹਿਬ ਨਾਂਦੇੜ ਵਿੱਚ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਤੋਂ ਬਾਅਦ ਪੰਥ ਦੇ ਨਾਂ ਤੇ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਮਜੀਠੀਏ ਵੱਲੋਂ ਜਾਣ-ਬੁੱਝ ਕੇ ਸ਼ਬਦ ਵਿੱਚ ਅਰੁਣ ਜੇਤਲੀ ਦਾ ਨਾਂ ਸ਼ਾਮਿਲ ਕਰਨ ਨੂੰ ਬੱਜ਼ਰ ਕੁਤਾਹੀ ਦੱਸਦੇ ਹੋਏ ਜੱਥੇਦਾਰ ਜੋਤਇੰਦਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਬਿਕਰਮ ਮਜੀਠੀਆ ਆਪਣੀ ਇਸ ਬੱਜਰ ਗਲਤੀ ਦੀ ਮੁਆਫ਼ੀ ਨਹੀਂ ਮੰਗਦਾ, ਕੋਈ ਵੀ ਸਿੱਖ ਉਸ ਨਾਲ ਕੋਈ ਸਾਂਝ ਨਾਂ ਰੱਖੇ ਅਤੇ ਉਸ ਦੇ ਮੱਥੇ ਨਾਂ ਲਗੇ।
ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਜੱਥੇਦਾਰ ਗਿਆਨੀ ਗੁਰਬੱਚਨ ਸਿੰਘ ਨੇ ਕਿਹਾ ਹੈ ਕਿ ਮਜੀਠੀਏ ਦਾ ਮੁਆਫ਼ੀਨਾਮਾ ਉਨ੍ਹਾਂ ਕੋ ਪਹੁੰਚ ਗਿਆ ਹੈ। ਇਿਸ ਮੁਆਫ਼ੀਨਾਮੇ ਤੇ ਉਹ ਪੰਜ ਸਿੰਘ ਸਾਹਿਬਾਨ ਦੀ ਬੈਠਕ ਬੁਲਾ ਕੇ ਵਿਚਾਰ ਕਰਨਗੇ।