ਨਵੀਂ ਦਿੱਲੀ- ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਕਰਵਾਏ ਗਏ ਇੱਕ ਅਧਿਅਨ ਵਿੱਚ ਇਹ ਕਿਹਾ ਗਿਆ ਹੈ ਕਿ ਦਿੱਲੀ ਦੁਨੀਆਂ ਦਾ ਸੱਭ ਤੋਂ ਵੱਧ ਪਰਦੂਸਿ਼ਤ ਸ਼ਹਿਰ ਹੈ। ਐਮਿਬਇੰਟ ਏਅਰ ਪਲਿਊਸ਼ਨ ਨਾਂ ਦੀ ਇਸ ਰਿਪੋਰਟ ਵਿੱਚ 91 ਦੇਸ਼ਾਂ ਦੇ 1600 ਦੇ ਕਰੀਬ ਸ਼ਹਿਰਾਂ ਵਿੱਚ ਹਵਾ ਪਰਦੂਸ਼ਣ ਦੀ ਸਥਿਤੀ ਦਾ ਬਿਊਰਾ ਦਿੱਤਾ ਗਿਆ ਹੈ।
ਰਾਜਧਾਨੀ ਦਿੱਲੀ ਦੀਆਂ ਹਵਾਵਾਂ ਵਿੱਚ ਪੀਐਮ 2.5 ( ਸਾਹ ਦੇ ਨਾਲ ਅੰਦਰ ਜਾਣ ਵਾਲੇ ਪਾਰਟੀਕਲ, 2.5 ਮਾਈਕਰੋਂਸ ਤੋਂ ਛੋਟੇ ਪਾਰਟੀਕਲ) ਦਾ ਕਾਨਸੰਟਰੇਸ਼ਨ ਸੱਭ ਤੋਂ ਵੱਧ (153 ਮਾਈਕਰੋਗਰਾਮ ਪ੍ਰਤੀ ਘਨ ਮੀਟਰ) ਹੈ। ਏਸ਼ੀਆ ਦੇ ਹੋਰ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਵਿੱਚ ਦਿੱਲੀ ਨਾਲੋਂ ਹਵਾ ਵਿੱਚ ਘੱਟ ਪਰਦੂਸ਼ਣ ਹੈ। ਕਰਾਚੀ ਵਿੱਚ ਇਹ 117 ਮਾਈਕਰੋਗਰਾਮ ਪ੍ਰਤੀ ਘਨ ਮੀਟਰ ਹੈ, ਜਦੋਂ ਕਿ ਬੀਜਿੰਗ ਵਿੱਚ 56 ਅਤੇ ਸ਼ੰਘਈ ਵਿੱਚ 36 ਹੈ। ਵਰਲਡ ਹੈਲਥ ਸੰਗਠਨ ਦੇ ਮਾਣਕ ਅਨੁਸਾਰ ਪੀਐਮ 2.5 ਦਾ ਕਾਨਸੰਟਰੇਸ਼ਨ ਪ੍ਰਤੀ ਘਨ ਮੀਟਰ 10 ਮਾਈਕਰੋਗਰਾਮ ਤੋਂ ਵੱਧ ਨਹੀਂ ਹੋਣਾ ਚਾਹੀਦਾ।
ਪੀਐਮ 10 ਦਾ ਕਾਨਸੰਟਰੇਸ਼ਨ ਵਿਸ਼ਵ ਹੈਲਥ ਸੰਗਠਨ ਅਨੁਸਾਰ 14 ਗੁਣਾ ਵੱਧ ਹੈ। ਦਿੱਲੀ ਵਿੱਚ ਪੀਐਮ 10 ਦਾ ਕਾਨਸੰਟਰੇਸ਼ਨ 286 ਮਾਈਕਰੋਗਰਾਮ ਪ੍ਰਤੀ ਘਨ ਮੀਟਰ ਹੈ। ਹਵਾ ਦੇ ਪਰਦੂਸ਼ਣ ਨੂੰ ਮਾਪਣ ਵਿੱਚ ਪੀਐਮ 2.5 ਕਾਨਸੰਟਰੇਸ਼ਨ ਨੂੰ ਸੱਭ ਤੋਂ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ ਅਤੇ ਇਸ ਨੂੰ ਸੱਭ ਤੋਂ ਗੰਭੀਰ ਮੰਨਿਆ ਜਾਂਦਾ ਹੈ। ਇਸ ਪਰਦੂਸ਼ਣ ਨਾਲ ਮੌਤਾਂ ਦੀ ਦਰ ਵਿੱਚ ਵਾਧਾ ਹੁੰਦਾ ਹੈ। ਇਸ ਨਾਲ ਦਿਲ ਸਬੰਧੀ ਸਮਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਫੇਫੜਿਆਂ ਦਾ ਕੈਂਸਰ ਵੀ ਹੁੰਦਾ ਹੈ।