ਫਤਿਹਗੜ੍ਹ ਸਾਹਿਬ – “ ਕਿਸੇ ਦੂਸਰੇ ਦਾ ਚੰਗੀ ਤਹਿਜ਼ੀਬ, ਸਲੀਕੇ ਨਾਲ ਸਤਿਕਾਰ ਕਰਨਾਂ ਅਤੇ ਦੂਸਰਿਆਂ ਤੋਂ ਆਪਣਾ ਸਤਿਕਾਰ ਕਰਵਾਉਣਾ ਇਹ ਦੋਵੇਂ ਅਮਲ ਗੁਰੁਸਿੱਖਾਂ ਦੇ ਹਿੱਸੇ ਆਉਂਦੇ ਹਨ। ਅਜੋਕੇ ਸਮੇਂ ਵਿਚ ਜਦੋਂ ਖਾਲਸਾ ਪੰਥ ਦੇ ਅਸੂਲਾਂ, ਨਿਯਮਾਂ ਅਤੇ ਮਰਿਆਦਾਵਾਂ ਉੱਤੇ ਪਹਿਰਾ ਦੇਣ ਅਤੇ ਹਰ ਸਿੱਖ ਮੁੱਦੇ ਉੱਤੇ ਬਾਦਲੀਲ ਢੰਗਾਂ ਰਾਹੀਂ ਕੌਮ ਦੇ ਪੱਖ ਨੂੰ ਕੌਮਾਂਤਰੀ ਪੱਧਰ ਉੱਤੇ ਰੱਖਣ ਅਤੇ ਸਿੱਖ ਕੌਮ ਦੀਆਂ ਦੁਸ਼ਮਣ ਹਿੰਦੂਤਵ ਜਮਾਤਾਂ ਅਤੇ ਉਹਨਾਂ ਦੇ ਭਾਈਵਾਲਾਂ ਨੂੰ ਚੁਨੌਤੀ ਦੇਣ ਲਈ ਕੇਵਲ ਅਤੇ ਕੇਵਲ ਸ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਥੇਬੰਦੀ ਹੀ ਰਹਿ ਗਈ ਹੈ ਤਾਂ ਹਿੰਦੂਤਵ ਤਾਕਤਾਂ ਅਤੇ ਉਹਨਾਂ ਦੇ ਏਜੰਟਾਂ ਦੀ ਨਜਰ ਵਿਚ ਸ. ਮਾਨ ਦੀ ਸੂਰਜ ਵਾਂਗੂੰ ਚਮਕਦੀ ਸ਼ਖਸੀਅਤ ਹਰ ਪਲ ਰੜਕਦੀ ਹੈ ਅਤੇ ਉਹ ਹਰ ਸਮੇਂ ਇਸ ਤਾਕ ਵਿਚ ਰਹਿੰਦੇ ਹਨ ਕਿ ਕੋਈ ਨਾਂ ਕੋਈ ਘਸੀ ਪਿਟੀ ਦਲੀਲ ਜਾਂ ਝੂਠ ਦਾ ਸਹਾਰਾ ਲੈ ਕੇ ਸ. ਮਾਨ ਦੀ ਸ਼ਖਸੀਅਤ ਨੂੰ ਸਿੱਖ ਕੌਮ ਵਿਚ ਮਨਫੀ ਕਰਨ ਦੀ ਅਸਫਲ ਕੋਸਿ਼ਸ਼ ਕਰਨ। ਜਿਵੇਂ ਕਿ ਸ. ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਨਾਮਧਾਰੀ ਸੰਪ੍ਰਦਾ ਦੇ ਮੁੱਖੀ ਬਾਬ ਉਦੈ ਸਿੰਘ ਜੀ ਨਾਲ ਕੀਤੀ ਗਈ ਸਦਭਾਵਨਾਂ ਭਰੀ ਮੁਲਾਕਾਤ ਨੂੰ ਇਹ ਪੰਥਕ ਵਿਰੋਧੀ ਤਾਕਤਾਂ ਅਤੇ ਉਨਾਂ ਦੇ ਏਜੰਟ ਇੰਝ ਪੇਸ਼ ਕਰ ਰਹੇ ਹਨ ਜਿਵੇਂ ਮਾਨ ਨੇ ਅਤੇ ਉਹਨਾਂ ਦੇ ਸਾਥੀਆਂ ਨੇ ਬਹੁਤ ਵੱਡਾ ਪਾਪ ਕਰ ਦਿੱਤਾ ਹੋਵੇ ਅਤੇ ਉਹ ਭ੍ਰਿਸ਼ਟੇ ਗਏ ਹੋਣ।”
ਇਹ ਵਿਚਾਰ ਜਥੇਦਾਰ ਭਾਗ ਸਿੰਘ ਸੁਰਤਾਪੁਰ, ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ (ਦੋਵੇਂ ਮੀਤ ਪ੍ਰਧਾਨ)ਸ. ਜਸਵੰਤ ਸਿੰਘ ਮਾਨ ਸਕੱਤਰ ਜਰਨਲ, ਪ੍ਰੋ: ਮਹਿੰਦਰਪਾਲ ਸਿੰਘ, ਮਾ: ਕਰਨੈਲ ਸਿੰਘ ਨਾਰੀਕੇ (ਦੋਵੇਂ ਜਰਨਲ ਸਕੱਤਰ), ਸ. ਹਰਬੀਰ ਸਿੰਘ ਸੰਧੂ ਅਤੇ ਰਣਜੀਤ ਸਿੰਘ ਚੀਮਾਂ (ਦੋਵੇਂ ਸਕੱਤਰ), ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਾਂਝੇ ਤੌਰ ਤੇ ਜਾਰੀ ਕੀਤੇ ਗਏ ਇਕ ਬਿਆਨ ਵਿਚ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜਦੋਂ ਸ੍ਰ਼ੀ ਅਕਾਲ ਤਖਤ ਸਾਹਿਬ ਵੱਲੋਂ ਨਾਮਧਾਰੀ ਸੰਪ੍ਰਦਾ ਦੇ ਆਗੂਆਂ ਨਾਲ ਮੇਲ ਜੋਲ ਕਰਨਾਂ ਵਰਜਿਤ ਹੀ ਨਹੀਂ ਤਾਂ ਇਹ ਕਾਂਗਰਸ, ਬੀਜੇਪੀ-ਆਰ ਐਸ ਐਸ ਅਤੇ ਹੋਰ ਹਿੰਦੂਤਵ ਤਾਕਤਾਂ ਦੇ ਮਨਸੂਬਿਆਂ ਨੂੰ ਪੂਰਨ ਕਰਨ ਹਿਤ ਸ. ਮਾਨ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਬਾਬਾ ਉਦੈ ਸਿੰਘ ਨੂੰ ਮਿਲਣ ਉਤੇ ਇੰਨਾ ਤੁਫਾਨ ਕਿਊਂ ਖੜ੍ਹਾ ਕਰ ਰਹੇ ਹਨ? ਆਗੂਆਂ ਨੇ ਕਿਹਾ ਕਿ ਸ. ਸਿਮਰਨਜੀਤ ਸਿੰਘ ਦੇ ਪੜਦਾਦਾ ਜੀ ਅਤੇ ਸ. ਜੋਗਿੰਦਰ ਸਿੰਘ ਮਾਨ ਦੇ ਦਾਦਾ ਜੀ ਸ. ਹੀਰਾ ਸਿੰਘ ਨਾਮਧਾਰੀ ਸੰਪ੍ਰਦਾ ਦੇ ਬਾਨੀ ਮੁਖੀ ਬਾਬਾ ਰਾਮ ਸਿੰਘ ਅਤੇ ਹੋਰ ਉਹਨਾਂ ਬੱਬਰਾਂ ਜੋ ਅੰਗਰੇਜ ਹਕੂਮਤ ਵਿਰੁੱਧ ਲੜਦੇ ਸਨ ਅਤੇ ਬਾਗੀ ਸਨ, ਉਹਨਾਂ ਨੂੰ ਹਮੇਸ਼ਾਂ ਪਨਾਹ ਦਿੰਦੇ ਰਹੇ ਹਨ। ਸ. ਸਿਮਰਨਜੀਤ ਸਿੰਘ ਮਾਨ ਦੇ ਖਾਨਦਾਨ ਦਾ ਪੁਰਾਤਨ ਨਾਮਧਾਰੀ ਸੰਪ੍ਰਦਾ ਨਾਲ ਗੂੜ੍ਹਾ ਸੰਬੰਧ ਹੈ ਅਤੇ ਭੈਣੀ ਸਾਹਿਬ ਵਿਖੇ ਬੱਬਰਾਂ ਦੀ ਅਦੁੱਤੀ ਯਾਦਗਾਰ ਬਣਾ ਕੇ ਇਹਨਾਂ ਨੇ ਸਾਂਭੀ ਹੋਈ ਹੈ। ਜਦੋਂ ਕਿ ਅੱਜ ਦੇ ਅਖੌਤੀ ਸਿੱਖ ਆਗੂ ਅਤੇ ਹਿੰਦੂਤਵ ਤਾਕਤਾਂ ਦੇ ਗੁਲਾਮ ਬਣੇ ਸਿੱਖੀ ਭੇਸ ਵਿਚ ਵਿਚਰ ਰਹੇ ਉਹ ਆਗੂ ਜੋ ਸ. ਸਿਮਰਨਜੀਤ ਸਿੰਘ ਮਾਨ ਉਤੱੇ ਅਕਸਰ ਹੀ ਗੈਰ ਦਲੀਲ ਢੰਗਾਂ ਰਾਹੀਂ ਹਮਲੇ ਕਰਦੇ ਹਨ, ਇਹ ਸਿੱਖ ਸ਼ਹੀਦਾਂ ਦੀ ਯਾਦਗਾਰ ਅਤੇ ਹੋਰ ਯਾਦਗਰਾਂ ਨੂੰ ਸਾਜਿਸ਼ੀ ਢੰਗਾਂ ਰਾਹੀਂ ਖਤਮ ਕਰਨ ਤੇ ਲੱਗੇ ਹੋਏ ਹਨ। 25 ਮਾਰਚ 1934 ਨੂੰ ਸਿੱਖ ਕੌਮ ਦੇ ਆਗੂ ਮਾ: ਤਾਰਾ ਸਿੰਘ ਅਤੇ ਹੋਰਨਾਂ ਸਿੱਖ ਆਗੂਆਂ ਨਾਲ ਭੈਣੀ ਸਾਹਿਬ ਵਿਖੇ (ਲੁਧਿਆਣਾ) ਸਾਂਝਾਂ ਸਿੱਖ ਸੰਮੇਲਨ ਹੋਇਆ ਜਿਸ ਦੀਆਂ ਨਿਮਨ ਦਿੱਤੀਆਂ ਫੋਟੋਆਂ ਪ੍ਰਤੱਖ ਗਵਾਹੀ ਭਰਦੀਆਂ ਹਨ। ਇਸ ਤੋਂ ਇਹ ਵੀ ਸਾਬਿਤ ਹੋ ਜਾਂਦਾ ਹੈ ਕਿ ਨਾਮਧਾਰੀ ਸੰਪ੍ਰਦਾ ਸਿੱਖ ਕੌਮ ਦਾ ਹੀ ਹਿੱਸਾ ਹੈ।
ਆਗੂਆਂ ਨੇ ਕਿਹਾ ਕਿ ਸ. ਮਾਨ ਸਿੱਖ ਕੌਮ ਦੇ ਅਜੋਕੇ ਸਮੇਂ ਵਿਚ ਇਕੋ ਇਕ ਦੂਰ ਅੰਦੇਸ਼ੀ, ਦਿਆਨਤਦਾਰੀ ਅਤੇ ਦ੍ਰਿੜ੍ਹਤਾ ਰੱਖਣ ਵਾਲੇ ਆਗੂ ਹਨ। ਜਦੋਂ ਹਿੰਦੂਤਵ ਤਾਕਤਾਂ ਵੱਖ ਵੱਖ ਪਾਰਟੀਆਂ ਵਿਚ ਬੈਠੇ ਸਿੱਖ ਆਗੂਆਂ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ, ਸ. ਪ੍ਰਤਾਪ ਸਿੰਘ ਬਾਜਵਾ, ਬੀਬੀ ਰਜਿੰਦਰ ਕੌਰ ਭੱਠਲ ਆਦਿ ਰਾਹੀਂ ਸਿੱਖ ਕੌਮ ਵਿਚ ਭੰਬਲਭੂਸਾ ਪਾ ਕੇ ਸਿੱਖ ਸ਼ਕਤੀ ਨੂੰ ਖੇਰੂੰ ਖੇਰੂੰ ਕਰਨ ਲਈ ਸਾਜਿਸ਼ਾਂ ਤੇ ਕੰਮ ਕਰ ਰਹੀਆਂ ਹਨ ਅਤੇ ਬੀਜੇਪੀ-ਆਰ ਐਸ ਐਸ ਦੇ ਆਗੂ ਸਿੱਖਾਂ ਨੂੰ ਪਾਕਿਸਤਾਨ ਭੇਜਣ ਦੇ ਮੰਦਭਾਵਨਾਂ ਭਰੇ ਮਨਸੂਬਿਆਂ ਤੇ ਅਮਲ ਕਰ ਰਹੇ ਹਨ ਤਾਂ ਸ. ਸਿਮਰਨਜੀਤ ਸਿੰਘ ਮਾਨ ਹਿੰਦੂਤਵ ਤਾਕਤਾਂ ਵੱਲੋਂ ਸਿੱਖ ਕੌਮ ਨੂੰ ਦਿੱਤੀ ਜਾ ਰਹੀ ਚੁਨੌਤੀ ਨੂੰ ਪ੍ਰਵਾਨ ਕਰਕੇ ਇਸ ਦਾ ਸਹੀ ਰੂਪ ਵਿਚ ਜਵਾਬ ਦੇਣ ਅਤੇ ਅਮਲੀ ਰੂਪ ਵਿਚ ਮੁਕਾਬਲਾ ਕਰਨ ਲਈ ਖਿੰਡੀਆਂ-ਪੁੰਡੀਆਂ ਸਿੱਖੀ ਸੰਪ੍ਰਦਾਵਾਂ, ਸੰਸਥਾਵਾਂ , ਜਥੇਬੰਦੀਆਂ ਆਦਿ ਸਭ ਨੂੰ ਸਿੱਖੀ ਦੇ ਕੇਂਦਰੀ ਧੁਰੇ ਨਾਲ ਜੋੜਦੇ ਹੋਏ ਇਕ ਪਲੇਟਫਾਰਮ ਤੇ ਇਕੱਤਰ ਕਰਨ ਲਈ ਸੰਜੀਦਾ ਤੌਰ ਤੇ ਯਤਨਸ਼ੀਲ ਹਨ। ਪਰ ਦੁੱਖ ਅਤੇ ਅਫਸੋਸ ਹੈ ਕਿ ਪੰਚ ਪ੍ਰਧਾਨੀ, ਦਲ ਖਾਲਸਾ, ਅਖੌਤੀ ਸੰਤ ਸਮਾਜ, ਸਿੱਖ ਯੂਥ ਆਫ ਅਮਰੀਕਾ ਜਿਹਨਾਂ ਦਾ ਸਿੱਖ ਕੌਮ ਵਿਚ ਕੋਈ ਹਾਂਵਾਚਕ ਅਮਲ ਹੀ ਨਹੀਂ ਹੋ ਰਿਹਾ , ਬਲਕਿ ਸਿੱਖ ਕੌਮ ਨੂੰ ਜਮਹੂਰੀਅਤ ਅਤੇ ਕਾਨੂੰਨੀਂ ਪ੍ਰਕਿਰਿਆ ਤੋਂ ਬਾਹਰ ਕੱਢ ਕੇ ਦੁਨੀਆਂ ਦੇ ਕਟਹਿਰੇ ਵਿਚ ਦਾਗੀ ਕਰਨ ਤੇ ਲੱਗੇ ਹੋਏ ਹਨ ਇਹ ਲੋਕ ਸਿੱਖ ਕੌਮ ਦੀ ਖਿੰਡੀ-ਪੁੰਡੀ ਸ਼ਕਤੀ ਨੂੰ ਸ. ਮਾਨ ਵੱਲੋਂ ਇਕ ਥਾਂ ਕਰਨ ਦੇ ਯਤਨਾਂ ਵਿਚ ਰੁਕਾਵਟਾਂ ਖੜੀਆਂ ਕਰਨ ਮਸ਼ਰੂਫ ਹਨ। ਅਜਿਹੀਆਂ ਭਟਕ ਚੁੱਕੀਆਂ ਜਥੇਬੰਦੀਆਂ ਅਤੇ ਆਗੂਆਂ ਨੂੰ ਚਾਹੀਦਾ ਤਾਂ ਇਹ ਸੀ ਕਿ ਹਿੰਦੂਤਵ ਦੇ ਅਜਗਰ ਵੱਲੋਂ ਮੂੰਹ ਅੱਡ ਕੇ ਜਦੋਂ ਘੱਟ ਗਿਣਤੀ ਕੌਮਾਂ ਨੂੰ ਨਿਘਾਲਣ ਦੇ ਅਮਲ ਹੋ ਰਹੇ ਹਨ, ਉਸ ਸਮੇਂ ਅਜਿਹੇ ਲੋਕ ਅਤੇ ਆਗੂ ਵੀ ਸ. ਮਾਨ ਦੀ ਸੋਚ ਨੂੰ ਹੋਰ ਤਾਕਤ ਦਿੰਦੇ। ਪਰ ਉਹ ਅਜਿਹਾ ਨਾਂ ਕਰਕੇ ਆਪਣੀਆਂ ਆਤਮਾਵਾਂ ਨੂੰ ਹੀ ਦਾਗੀ ਨਹੀਂ ਕਰ ਰਹੇ, ਬਲਕਿ ਸਿੱਖ ਅਤੇ ਘੱਟ ਗਿਣਤੀ ਕੌਮਾਂ ਨੂੰ ਉਸ ਅਜਗਰ ਦੇ ਮੂੰਹ ਵਿਚ ਧਕੇਲਣ ਦਾ ਸਮਾਜ ਵਿਰੋਧੀ ਵਰਤਾਰਾ ਕਰ ਰਹੇ ਹਨ ਅਤੇ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਹਰ ਸਿੱਖ ਮੁੱਦੇ ਉੱਤੇ ਸਿੱਖੀ ਮਰਿਆਦਾਵਾਂ ਅਨੁਸਾਰ ਲੈ ਜਾਣ ਵਾਲੇ ਸਟੈਂਡ ਨੂੰ ਬਿਨਾਂ ਕਿਸੇ ਦਲੀਲ ਦੇ ਈਰਖਾਵਾਦੀ ਸੋਚ ਦੇ ਗੁਲਾਮ ਬਣ ਕੇ ਵਿਰੋਧਤਾ ਕਰ ਰਹੇ ਹਨ। ਜਿਸ ਨਾਲ ਇਹਨਾਂ ਆਗੂਆਂ ਨੂੰ ਕੋਈ ਰਤੀ ਭਰ ਵੀ ਇਖਲਾਕੀ, ਅਧਿਆਤਮਿਕ ਜਾਂ ਸਮਾਜਿਕ ਪ੍ਰਾਪਤੀ ਨਹੀਂ ਹੋ ਸਕੇਗੀ, ਬਲਕਿ ਆਪਣੀ ਆਤਮਾਂ ਦੇ ਬੋਝ ਥੱਲੇ ਦਬ ਕੇ ਰਹਿ ਜਾਣਗੇ। ਕਿਊਂਕਿ ਸੂਰਜ ਉੱਤੇ ਥੁਕਿੱਆਂ ਕੁਝ ਪ੍ਰਾਪਤ ਨਹੀਂ ਹੁੰਦਾ, ਬਲਕਿ ਆਪਣੇ ਮੂੰਹ ਤੇ ਹੀ ਆਉਣ ਪੈਂਦਾ ਹੈ। ਇਸ ਲਈ ਅਜਿਹੇ ਆਗੂਆਂ ਅਤੇ ਜਥੇਬੰਦੀਆਂ ਲਈ ਬੇਹਤਰ ਹੋਵੇਗਾ ਕਿ ਉਹ ਅਜਿਹੇ ਅਮਲਾਂ ਦਾ ਤਿਆਗ ਕਰਕੇ, ਕੌਮੀ ਤਾਕਤ ਨੂੰ ਇਕ ਪਲੇਟਫਾਰਮ ਤੇ ਇਕੱਤਰ ਕਰਨ ਦੇ ਅਤੇ ਹਿੰਦੂਤਵ ਤਾਕਤਾਂ ਨੂੰ ਸਿ਼ਕਸ਼ਤ ਦੇਣ ਦੇ ਸ. ਮਾਨ ਦੇ ਉਦਮਾਂ ਵਿਚ ਸਹਿਯੋਗ ਕਰਨ।
ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਾਮਧਾਰੀ ਸੰਪ੍ਰਦਾ ਦੇ ਆਗੂਆਂ ਨੂੰ ਮਿਲਣਾ ਵਰਜਿਤ ਨਹੀਂ ਤਾਂ ਮਾਨ ਵੱਲੋਂ ਮਿਲਣ ਤੇ ਤੁਫਾਨ ਕਿਊਂ ਮਚਾਇਆ ਜਾ ਰਿਹਾ ਹੈ?
This entry was posted in ਪੰਜਾਬ.