ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਧਾਰਮਿਕ ਸੰਸਥਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਸੁਚੱਜੇ ਪ੍ਰਬੰਧ ਤੋਂ ਇਲਾਵਾ ਗੁਰੂ-ਘਰਾਂ ਦੀਆਂ ਜਾਇਦਾਦਾਂ ਦੀ ਸਾਂਭ-ਸੰਭਾਲ ਪੂਰੀ ਤਨਦੇਹੀ ਨਾਲ ਕੀਤੀ ਜਾਂਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ.ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਹੈ ਕਿ ਸ.ਕੇਵਲ ਸਿੰਘ ਵਧੀਕ ਸਕੱਤਰ ਜਾਇਦਾਦ ਤੇ ਸ.ਸੁਖਦੇਵ ਸਿੰਘ ਮੀਤ ਸਕੱਤਰ 85 ਦੀ ਅਗਵਾਈ ’ਚ ਸ਼੍ਰੋਮਣੀ ਕਮੇਟੀ ਦੀ 161 ਕਿਲੇ ਜ਼ਮੀਨ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਗੋਂ ਠੇਕੇ ਤੇ ਦੇਣ ਵਾਸਤੇ ਗੁਰਦੁਆਰਾ ਭਾਈ ਰੂਪਾ ਵਿਖੇ ਸਟਾਫ ਸਮੇਤ ਡਿਊਟੀਪੁਰ ਗਏ, ਪ੍ਰੰਤੂ ਭਾਈ ਰੁੂਪਾ ਵਿਖੇ ਕੁਝ ਸ਼ਰਾਰਤੀ ਅਨਸਰ ਜੋ ਗੁਰੂ-ਘਰ ਦੇ ਵਿਰੋਧੀ ਹਨ ਤੇ ਇਹ ਜ਼ਮੀਨ ਹੜੱਪਣਾ ਚਾਹੁੰਦੇ ਹਨ ਨੇ ਜ਼ਮੀਨ ਦੀ ਬੋਲੀ ਉਪਰੰਤ ਸਾਡੇ ਅਧਿਕਾਰੀ ਤੇ ਮੁਲਾਜ਼ਮ ਜਦੋਂ ਗੁਰਦੁਆਰਾ ਸਾਹਿਬ ਵਿਖੇ ਪ੍ਰਸ਼ਾਦਾ ਛਕਣ ਲਈ ਜਾ ਰਹੇ ਸਨ ਤਾਂ ਉਨ੍ਹਾਂ ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਮੈਨੇਜਰ ਸ.ਜਰਨੈਲ ਸਿੰਘ, ਸ.ਜੋਗਾ ਸਿੰਘ ਕਲਰਕ ਤੇ ਸ.ਮਨਜੀਤ ਸਿੰਘ ਹੈਲਪਰ ਸਖ਼ਤ ਜਖ਼ਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਸਭ ਤੋਂ ਵੱਡੀ ਤੇ ਮੰਦਭਾਗੀ ਗੱਲ ਇਹ ਹੈ ਕਿ ਜਦੋਂ ਨੰਦ ਸਿੰਘ ਫੌਜੀ ਤੇ ਉਸ ਦੇ ਨਾਲ ਕੁਝ ਹੋਰ ਗੁੰਡਿਆਂ ਨੇ ਸਾਡੇ ਮੁਲਾਜ਼ਮਾਂ ਤੇ ਹਮਲਾ ਕੀਤਾ ਉਸ ਸਮੇਂ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਹੁਲੜਬਾਜਾਂ ਨੂੰ ਫੜ੍ਹਨ ਜਾਂ ਰੋਕਣ ਦੀ ਬਜਾਏ ਸਾਰਾ ਕੁਝ ਮੂਕ ਦਰਸ਼ਕ ਬਣ ਕੇ ਵੇਖਿਆ।
ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ’ਚ ਸ.ਮਨਜੀਤ ਸਿੰਘ ਸਕੱਤਰ ਨੇ ਅੱਗੇ ਦੱਸਿਆ ਕਿ ਇਸ ਜ਼ਮੀਨ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਲੰਮਾਂ ਸਮਾਂ ਮਹੰਤ ਅਜਮੇਰ ਸਿੰਘ ਆਦਿ ਦੀ ਕਾਨੂੰਨੀ ਲੜਾਈ ਚੱਲੀ ਜਿਸ ਵਿੱਚ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਸ਼੍ਰੋਮਣੀ ਕਮੇਟੀ ਦੇ ਹੱਕ ਵਿੱਚ 1999 ’ਚ ਫੈਸਲਾ ਦਿੱਤਾ। ਫਿਰ 2001 ਵਿੱਚ ਅਦਾਲਤ ਵੱਲੋਂ ਸਾਨੂੰ ਵਰੰਟ ਮਿਲਣ ਤੇ ਮਾਲਕਾਨਾ ਹੱਕ ਮਿਲਿਆ ਜਿਸ ਤੇ ਮਹੰਤ ਅਜਮੇਰ ਸਿੰਘ ਨੇ ਖੇਤੀ ਆਦਿ ਖਰਚੇ ਬਦਲੇ 35 ਲੱਖ ਰੁਪਏ ਲੈ ਕੇ ਕਬਜਾ ਸ਼੍ਰੋਮਣੀ ਕਮੇਟੀ ਦੇ ਹਵਾਲੇ ਕੀਤਾ। ਮਹਿਕਮਾ ਮਾਲ ਦੀ ਕਾਰਵਾਈ ਉਪਰੰਤ ਇਸ ਜਮੀਨ ਦਾ ਇੰਤਕਾਲ ਵੀ ਬਕਾਇਦਾ ਸ਼੍ਰੋਮਣੀ ਕਮੇਟੀ ਦੇ ਨਾਮਪੁਰ ਹੈ ਸ਼੍ਰੋਮਣੀ ਕਮੇਟੀ ਨੇ ਆਪਣੇ ਕਾਇਦੇ ਅਨੁਸਾਰ ਪਿਛਲੇ ਸਾਲ ਵੀ ਇਹ ਜ਼ਮੀਨ ਠੇਕੇ ਪੁਰ ਦਿੱਤੀ ਸੀ ਤੇ ਹੁਣ ਅੱਗੋਂ ਫਿਰ ਇਹ ਜ਼ਮੀਨ ਠੇਕੇ ਤੇ ਦੇਣ ਲਈ ਸਟਾਫ਼ ਗਿਆ ਸੀ। ਉਨ੍ਹਾਂ ਕਿਹਾ ਕਿ ਗੁੰਡਾ ਅਨਸਰਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਸੱਟਾਂ ਮਾਰੀਆਂ ਜਾਂਦੀਆਂ ਹਨ, ਇੱਟਾਂ, ਰੋੜੇ ਮਾਰ-ਮਾਰ ਕੇ ਗੁਰੂਘਰ ਦੇ ਸ਼ੀਸ਼ੇ ਤੋੜ ਦਿੱਤੇ ਜਾਣ, ਜਿਸ ਅਸਥਾਨ ਤੇ ਬਾਣੀ ਪੜ੍ਹੀ ਜਾਂਦੀ ਹੋਵੇ ਉਸ ਅਸਥਾਨ ਤੇ ਇਨ੍ਹਾਂ ਅਨਸਰਾਂ ਵੱਲੋਂ ਸਾਡੇ ਮੁਲਾਜ਼ਮਾਂ ਨੂੰ ਪੁਲਿਸ ਦੀ ਹਾਜ਼ਰੀ ਵਿੱਚ ਗੰਦੀਆਂ ਗਾਲਾਂ ਕੱਢੀਆਂ ਜਾਣ ਤੇ ਇਹ ਸਾਰਾ ਕੁਝ ਪੁਲਿਸ ਖੜ੍ਹ ਕੇ ਵੇਖਦੀ ਰਹੀ, ਇਸ ਤੋਂ ਮੰਦਭਾਗਾ ਹੋਰ ਕੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਜੇ ਵੀ ਪਿੰਡ ਦੇ ਕੁਝ ਸ਼ਰਾਰਤੀ ਲੋਕ ਗੁਰਦੁਆਰਾ ਸਾਹਿਬ ਭਾਈ ਰੂਪਾ ਅੰਦਰ ਨਜਾਇਜ਼ ਡੇਰਾ ਜਮਾਈ ਬੈਠੇ ਹਨ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਬਜਾਏ ਸਾਡੇ ਮੁਲਾਜ਼ਮਾਂ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ-ਘਰਾਂ ਦੀ ਜਾਇਦਾਦ ਦੀ ਸਾਂਭ-ਸੰਭਾਲ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਤੇ ਸੰਜੀਦਾ ਹੈ, ਪਰ ਦੂਜੇ ਪਾਸੇ ਕੁਝ ਨਿਜ ਸਵਾਰਥੀ ਲੋਕ ਹਨ ਜੋ ਗੁਰੂ-ਘਰ ਦੀ ਜ਼ਮੀਨ ਹੜੱਪਣਾ ਚਾਹੁੰਦੇ ਹਨ। ਉਨ੍ਹਾਂ ਲੋਕਾਂ ਨੂੰ ਕਿਸੇ ਵੀ ਕੀਮਤ ਤੇ ਇਸ ਜ਼ਮੀਨ ਤੇ ਕਬਜਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਗੁੰਡਾ ਗਰਦੀ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।