ਫਤਿਹਗੜ੍ਹ ਸਾਹਿਬ – “ ਸ੍ਰੀ਼ ਅਕਾਲ ਤਖਤ ਸਾਹਿਬ ਵੱਲੋਂ ਸ੍ਰ਼ੀ ਮਜੀਠੀਏ ਨੂੰ ਲਾਈ ਗਈ ਸੇਵਾ ਦੇ ਦੌਰਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਤਖਤ ਸ਼੍ਰੀ ਦਮਦਮਾ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਅਖਬਾਰਾਂ ਅਤੇ ਚੈਨਲਾਂ ਵਿਚ ਪ੍ਰਕਾਸਿ਼ਤ ਹੋਈਆਂ ਫੋਟੋਆਂ ਵਿਚੋਂ ਪਹਿਲੇ ਹੀ ਇਹਨਾਂ ਦੀ ਹਾਉਮੈ ਅਤੇ ਆਪਣੀ ਪਬਲੀਸਿਟੀ ਕਰਨ ਦੀ ਗੱਲ ਸਾਹਮਣੇ ਆ ਚੁੱਕੀ ਹੈ ਕਿ ਇਹ ਲੋਕ ਬੱਜਰ ਗੁਸਤਾਖੀਆਂ ਕਰ ਕੇ ਵੀ ਮਨ ਅਤੇ ਆਤਮਾਂ ਵਿਚ ਇਹਨਾਂ ਨੂੰ ਕੋਈ ਪਛਤਾਵਾ ਨਹੀਂ ਅਤੇ ਨਾਂ ਹੀ ਅਜਿਹੀ ਲੱਗੀ ਸੇਵਾ ਨੂੰ ਇਹ ਬਤੌਰ ਇਕ ਨਿਮਾਣੇ ਸਿੱਖ ਵਜੋਂ ਕਰ ਰਹੇ ਹਨ। ਬਲਕਿ ਬੀਤੇ ਦਿਨੀਂ ਸ੍ਰੀ ਹਜੂਰ ਸਾਹਿਬ ਵਿਖੇ ਜੋੜਿਆਂ ਦੇ ਝਾੜਨ ਦੀ ਸੇਵਾ ਕਰਦਿਆਂ ਦੇ ਨਾਲ ਜਿਨੇ ਵੀ ਸਿਆਸਤਦਾਨਾਂ ਦੇ ਫੋਟੋਗ੍ਰਾਫ ਆਏ ਹਨ ਉਹ ਸਿੱਖ ਕੌਮ ਦੀ ਨਜਰ ਵਿਚ ਪਹਿਲੇ ਹੀ ਵੱਡੇ ਵੱਡੇ ਅਪਰਾਧਾਂ, ਗੈਰ ਕਾਨੂੰਨੀਂ ਕੰਮਾਂ ਵਿਚ ਦਾਗੀ ਹਨ। ਇਹਨਾਂ ਪ੍ਰਕਾਸਿ਼ਤ ਹੋਈਆਂ ਫੋਟੋਗ੍ਰਾਫਾਂ ਤੋਂ ਜਾਹਰ ਹੈ ਕਿ ਇਹ ਕੇਵਲ ਆਪਣੇ ਨਾਲ ਊਚ ਕੋਟੀ ਦੇ ਦਾਗੀ ਹੋਏ ਆਗੂਆਂ ਨੂੰ ਲਿਜਾ ਕੇ ਗੁਰੁ ਘਰ ਦੀਆਂ ਮਰਿਆਦਾਵਾਂ ਟਿੱਚ ਜਾਣਕੇ ਵਿਚਰ ਰਹੇ ਹਨ। ਇੱਥੋਂ ਤੱਕ ਕਿ ਪੰਜ ਤਖਤਾਂ ਤੇ ਸੇਵਾ ਕਰਦੇ ਹੋਏ ਕਿਸੇ ਤਖਤ ਦੇ ਜਥੇਦਾਰ ਜਾਂ ਧਾਰਮਿਕ ਆਗੂ ਨੇ ਸ੍ਰੀ ਮਜੀਠੀਏ ਦੀ ਬਾਂਹ ਵਿਚ ਬੰਨੇ ਹੋਏ ਲਾਲ ਧਾਗੇ ਨੂੰ ਊਤਾਰਨ ਦਾ ਕੋਈ ਹੁਕਮ ਨਹੀਂ ਕੀਤਾ ਜੋਕਿ ਗੁਰੁ ਘਰ ਦੀਆਂ ਮਰਿਆਦਾਵਾਂ ਦਾ ਸੇਵਾ ਕਰਦੇ ਹੋਏ ਵੀ ਸ਼ਰੇਆਮ ਉਲੰਘਣ ਹੋ ਰਿਹਾ ਹੈ। ਜਿਸ ਤੋਂ ਇਹ ਵੀ ਸਾਬਿਤ ਹੋ ਜਾਂਦਾ ਹੈ ਕਿ ਸੇਵਾ ਲਗਾਉਣ ਵਾਲੇ ਅਤੇ ਜਿਸ ਨੂੰ ਸੇਵਾ ਲੱਗੀ ਹੈ, ਉਹ ਗੁਰੁ ਘਰਾਂ ਦੀ ਪਹਿਲੇ ਅਤੇ ਅੱਜ ਵੀ ਦੁਰਵਰਤੋਂ ਹੀ ਕਰ ਰਹੇ ਹਨ ਨਾਂ ਕਿ ਲੱਗੀ ਸੇਵਾ ਨੂੰ ਸੇਵਾ ਦੇ ਨਜਰੀਏ ਨਾਲ ਬਤੌਰ ਨਿਮਾਣੇ ਸਿੱਖ ਵਜੋਂ ਸੇਵਾ ਕਰ ਰਹੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਤਖਤ ਸ਼੍ਰੀ ਹਜੂਰ ਸਾਹਿਬ ਵਿਖੇ ਸ਼੍ਰੀ ਮਜੀਠੀਏ ਅਤੇ ਉਹਨਾਂ ਦੇ ਸਾਥੀਆਂ ਰਾਗੀ ਰਾਮ ਸਿੰਘ, ਵੀਰ ਸਿੰਘ ਲੋਪੋਂਕੇ ਅਤੇ ਹੋਰ ਆਗੂਆਂ ਵੱਲੋਂ ਹਾਉਮੈ ਅਤੇ ਆਪਣੇ ਆਪ ਦੀ ਪਬਲੀਸਿਟੀ ਕਰਨ ਦੇ ਹੋ ਰਹੇ ਵਰਤਾਰੇ ਨੂੰ ਗੁਰੁ ਮਰਿਆਦਾਵਾਂ ਦੀ ਉਲੰਘਣਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜਦੋਂ ਸਭ ਨੂੰ ਇਹ ਜਾਣਕਾਰੀ ਹੈ ਕਿ ਸ਼੍ਰੀ ਮਜੀਠੀਆ ਨਾਨਕਸਰੀਆਂ ਦੇ ਉਪਾਸਕ ਹਨ ਅਤੇ ਸਭ ਨੂੰ ਇਹ ਵੀ ਜਾਣਕਾਰੀ ਹੈ ਕਿ ਸਿੱਖ ਧਰਮ ਵਿਚ ਧਾਗੇ, ਤਬੀਤ, ਜਨੇਊ ਆਦਿ ਪਾਖੰਡੀ ਕਰਮ ਕਾਂਡ ਕਰਨੇ ਵਰਜਿਤ ਹਨ ਤਾਂ ਨਾਨਕਸਰੀ ਸੰਪ੍ਰਦਾ ਅਤੇ ਸਿੱਖ ਕੌਮ ਦੇ ਤਖਤਾਂ ਦੇ ਜਥੇਦਾਰ ਅਤੇ ਟਕਸਾਲ ਵਿਚ ਰਾਗੀ ਰਹਿ ਚੁੱਕੇ ਰਾਮ ਸਿੰਘ ਸ੍ਰੀ ਮਜੀਠੀਏ ਵੱਲੋਂ ਸਮੁੱਚੀ ਸੇਵਾ ਕਰਦੇ ਸਮੇਂ ਬੰਨ੍ਹੇ ਹੋਏ ਲਾਲ ਧਾਗੇ ਦੇ ਸਿੱਖ ਵਿਰੋਧੀ ਅਮਲ ਉਤੇ ਆਪਣੇ ਬੁੱਲ੍ਹਾਂ ਨੂੰ ਸਿਊ ਕੇ ਕਿਊਂ ਬੈਠੇ ਹਨ? ਇਸ ਅਮਲ ਤੋਂ ਇਹ ਵੀ ਜਾਹਰ ਹੋ ਜਾਂਦਾ ਹੈ ਕਿ ਸਾਡੇ ਅਜੋਕੇ ਧਾਰਮਿਕ ਅਤੇ ਸਿਆਸੀ ਆਗੂ ਆਪੋ ਆਪਣੀਆਂ ਦੁਨਿਆਵੀ, ਮਾਲੀ ਅਤੇ ਸਿਆਸੀ ਇਛਾਵਾਂ ਦੀ ਪੂਰਤੀ ਲਈ ਨਿਤ ਦਿਨ ਸਿਆਸੀ ਪਰਿਵਾਰਾਂ ਵੱਲੋਂ ਹੋ ਰਹੀਆਂ ਧਾਰਮਿਕ ਅਤੇ ਸਮਾਜਿਕ ਅਵੱਗਿਆਵਾਂ ਨੂੰ ਜਾਣਬੁੱਝ ਕੇ ਨਜਰ ਅੰਦਾਜ ਕਰ ਕੇ ਆਪਣੀਆਂ ਆਤਮਾਵਾਂ ਨੂੰ ਉਸ ਅਕਾਲ ਪੁਰਖ ਅਤੇ ਸਿੱਖ ਸੰਗਤ ਦੀ ਨਜਰ ਵਿਚ ਦੋਸ਼ੀ ਬਣਾਊਣ ਵਿਚ ਖੁਸ਼ੀ ਮਹਿਸੂਸ ਕਰ ਰਹੇ ਹਨ। ਫਿਰ ਅਜਿਹੀ ਧਾਰਮਿਕ ਅਤੇ ਸਿਆਸੀ ਲੀਡਰਸਿ਼ਪ ਤੋਂ ਸਿੱਖ ਕੌਮ ਅਤੇ ਮਨੁੱਖਤਾ ਕਿਵੇਂ ਆਸ ਰੱਖ ਸਕਦੀ ਹੈ ਕਿ ਅਜਿਹੀ ਦਿਸ਼ਾਹੀਣ ਲੀਡਰਸਿ਼ਪ ਸਿੱਖ ਕੌਮ ਨੂੰ ਸਹੀ ਅਗਵਾਈ ਦੇ ਸਕੇਗੀ ਅਤੇ ਅੱਛੀਆਂ ਪਿਰਤਾਂ ਪਾਉਣ ਦੀ ਜਿੰਮੇਵਾਰੀ ਨਿਭਾ ਸਕੇਗੀ?
ਸ. ਮਾਨ ਨੇ ਸਿੱਖ ਕੌਮ ਨੂੰ ਅਤੇ ਮਨੁੱਖਤਾ ਨੂੰ ਸੰਜੀਦਾ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਅਜਿਹੀਆਂ ਹੋਣ ਵਾਲੀਆਂ ਅਵੱਗਿਆਵਾਂ ਅਤੇ ਸਿੱਖ ਵਿਰੋਧੀ ਅਮਲਾਂ ਤੇ ਅਸੀਂ ਵੀ ਸੁੱਤੇ ਰਹੇ, ਤਾਂ ਕਮਜੋਰ, ਦਿਸ਼ਾਹੀਣ ਅਤੇ ਹਿੰਦੂਤਵ ਸੋਚ ਦੀ ਗੁਲਾਮ ਬਣੀ ਮੋਜੂਦਾ ਅਖੌਤੀ ਲੀਡਰਸਿ਼ਪ ਆਪਣੀਆਂ ਪਰਿਵਾਰਿਕ ਅਤੇ ਮਾਲੀ ਇਛਾਵਾਂ ਤਹਿਤ ਦੁਨੀਆਂ ਦੇ ਨਿਵੇਕਲੇ, ਅਣਖੀਲੇ ਅਤੇ ਸਮੁੱਚੀ ਮਨੁੱਖਤਾ ਦੀ ਬੇਹਤਰੀ ਕਰਨ ਵਾਲੇ ਸਰਬ ਸਾਂਝੇ ਸਿੱਖ ਧਰਮ ਅਤੇ ਕੌਮ ਨੂੰ ਹਿੰਦੂਤਵ ਸੋਚ ਵਿਚ ਰਲਗਡ ਕਰਨ ਵਿਚ ਅਜਿਹੀ ਲੀਡਰਸਿ਼ਪ ਕੋਈ ਕਸਰ ਬਾਕੀ ਨਹੀਂ ਛੱਡੇਗੀ। ਜਿਸ ਲਈ ਅਸੀਂ ਵੀ ਸਮੇਂ ਨਾਲ ਨਾਂ ਜਾਗਣ ਦੀ ਬਦੌਲਤ ਸਮਾਜ ਅਤੇ ਗੁਰੁ ਸਾਹਿਬਾਨ ਦੇ ਦੋਸ਼ੀ ਬਣ ਜਾਵਾਂਗੇ। ਇਸ ਲਈ ਹਰ ਗੁਰ ਸਿੱਖ ਦਾ ਇਹ ਪਰਮ ਧਰਮ ਫਰਜ ਬਣ ਜਾਂਦਾ ਹੈ ਕਿ ਜਦੋਂ ਵੀ ਸਾਡੀ ਅਖੌਤੀ ਲੀਡਰਸਿ਼ਪ ਵੱਲੋਂ ਕੋਈ ਗੈਰ ਧਾਰਮਿਕ ਜਾਂ ਗੈਰ ਸਮਾਜਿਕ ਸਿੱਖੀ ਮਰਿਆਦਾਵਾਂ ਨੂੰ ਤੋੜਨ ਵਾਲਾ ਅਮਲ ਹੋਵੇ ਤਾਂ ਸਿੱਖ ਕੌਮ ਊਸੇ ਸਮੇਂ ਸੁੱਤੇ ਸ਼ੇਰ ਵਾਂਗੂੰ ਜਾਗੇ ਅਤੇ ਆਪਣੇ ਫਰਜਾਂ ਨੂੰ ਪਹਿਚਾਣਦੀ ਹੋਈ, ਦੁਸ਼ਮਣ ਭਾਵੇਂ ਆਪਣੇ ਵਿਚ ਬੈਠਾ ਹੋਵੇ ਭਾਵੇਂ ਬਾਹਰੀ ਹੋਵੇ, ਉਸ ਨੂੰ ਪਹਿਚਾਣਕੇ ਸਿੱਖੀ ਮਰਿਆਦਾਵਾਂ ਅਨੁਸਾਰ ਬੁਰਾਈ ਦਾ ਆਪਣੇ ਇਤਿਹਾਸ ਤੋਂ ਸੇਧ ਲੈ ਕੇ ਉਸ ਬੁਰਾਈ ਦਾ ਅੰਤ ਕਰਨ ਦੇ ਫਰਜ ਨਿਭਾਵੇ।
ਤਖਤ ਸ੍ਰੀ ਹਜੂਰ ਸਾਹਿਬ ਵਿਖੇ ਮਜੀਠੀਏ ਵੱਲੋਂ ਕੀਤੀ ਜਾ ਰਹੀ ਸੇਵਾ ਵਿਚੋਂ ਵੀ ਹਾਉਮੈ ਅਤੇ ਪਬਲੀਸਿਟੀ ਦੀ ਝਲਕ ਸਪੱਸ਼ਟ ਨਜਰ ਆ ਰਹੀ ਹੈ: ਮਾਨ
This entry was posted in ਪੰਜਾਬ.