ਨਵੀਂ ਦਿੱਲੀ : ਬੀਬੀਆਂ ਨੂੰ ਦਿੱਲੀ ‘ਚ ਦੋਪਹੀਆਂ ਵਾਹਨ ਚਲਾਉਣ ਜਾਂ ਪਿੱਛਲੀ ਸੀਟ ਤੇ ਸਵਾਰੀ ਕਰਨ ਵੇਲੇ ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਵੱਲੋਂ ਹੈਲਮੇਟ ਪਾਉਣ ਨੂੰ ਜਰੂਰੀ ਕਰਨ ਦੇ ਕੱਢੇ ਗਏ ਨੋਟੀਫਿਕੇਸ਼ਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਿੱਠੀ ਰਾਹੀਂ ਤਿੱਖਾ ਵਿਰੋਧ ਦਰਜ ਕਰਵਾਇਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉਪਰਾਜਪਾਲ ਨੂੰ ਲਿੱਖੀ ਚਿੱਠੀ ‘ਚ ਇਸ ਮਸਲੇ ਤੇ ਮੁੜ ਗੌਰ ਕਰਨ ਲਈ ਕਈ ਦਲੀਲਾਂ ਵੀ ਦਿੱਤੀਆਂ ਹਨ।
ਸਿੱਖ ਧਰਮ ਦੇ ਸਿਧਾਂਤਾ ਤੋਂ ਉਪਰਾਜਪਾਲ ਨੂੰ ਜਾਣੂੰ ਕਰਵਾਉਂਦੇ ਹੋਏ ਜੀ.ਕੇ. ਨੇ ਦੱਸਿਆ ਹੈ ਕਿ ਸਿੱਖ ਧਰਮ ‘ਚ ਟੋਪੀ ਪਾਉਂਣ ਦੀ ਮਨਾਹੀ ਹੈ ਤੇ ਸਿੱਖ ਦੇ ਸਿਰ ਤੇ ਸੱਜੀ ਦਸਤਾਰ ਬੜੀ ਮਜਬੂਤੀ ਨਾਲ ਸਿਰ ਦੀ ਸੁਰੱਖਿਆ ਕਿਸੇ ਹਾਦਸੇ ਵੇਲੇ ਕਰਨ ਨੂੰ ਸਮਰੱਥ ਹੈ। ਸਿੱਖ ਅੰਮ੍ਰਿਤਧਾਰੀ ਬੀਬੀਆਂ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਬੀਬੀਆਂ ਵੱਲੋਂ ਦੁਮਾਲੇ ਸਿਰਾਂ ਤੇ ਸਜਾਉਣ ਦਾ ਵੀ ਹਵਾਲਾ ਦਿੱਤਾ ਹੈ। ਸਿੱਖ ਧਰਮ ‘ਚ ਟੋਪੀ ਨੂੰ ਨਾ ਅਪਨਾਉਣ ਦੀ ਦਲੀਲ ਦਿੰਦੇ ਹੋਏ ਉਪਰਾਜਪਾਲ ਨੂੰ ਜੀ.ਕੇ. ਨੇ ਸਿੱਖ ਬੀਬੀਆਂ ਲਈ ਹੈਲਮੇਟ ਪਾਉਣ ਨੂੰ ਉਨ੍ਹਾਂ ਦੇ ਵਿਵੇਕ ਤੇ ਛੱਡਣ ਦੀ ਅਪੀਲ ਵੀ ਕੀਤੀ ਹੈ। ਇਸ ਫੈਸਲੇ ਦੇ ਲਾਗੂ ਹੋਣ ਨਾਲ ਸੰਸਾਰ ਭਰ ‘ਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਵੀ ਇਸ ਚਿੱਠੀ ਰਾਹੀਂ ਦਾਅਵਾ ਕੀਤਾ ਗਿਆ ਹੈ।
ਆਪਣੀ ਦਲੀਲ ਨੂੰ ਪੁਖੱਤਾ ਕਰਨ ਲਈ ਜੀ.ਕੇ. ਨੇ ਪਰਿਵਹਨ ਵਿਭਾਗ ਦਿੱਲੀ ਸਰਕਾਰ ਵੱਲੋਂ ਮਿਤੀ 4 ਜੂਨ 1999 ਨੂੰ ਕੱਢੇ ਗਏ ਨੋਟੀਫਿਕੇਸ਼ਨ ਦੀ ਕੌਪੀ ਵੀ ਆਪਣੀ ਚਿੱਠੀ ਨਾਲ ਨੱਥੀ ਕੀਤੀ ਹੈ ਜਿਸ ਵਿਚ ਬੀਬੀਆਂ ਨੂੰ ਹੈਲਮੇਟ ਪਾਉਣ ਤੋਂ ਛੂਟ ਦਿੱਤੀ ਗਈ ਸੀ।
ਸਿੱਖ ਧਰਮ ਦੇ ਸਿਧਾਂਤਾ ਦੀ ਰੋਸ਼ਨੀ ‘ਚ ਉਪਰਾਜਪਾਲ ਨੂੰ ਸਿੱਖ ਬੀਬੀਆਂ ਨੂੰ ਹੈਲਮੇਟ ਮਸਲੇ ਤੇ ਛੂਟ ਦੇਣ ਦੀ ਅਪੀਲ ਕਰਦੇ ਹੋਏ ਦਿੱਲੀ ਮੋਟਰ ਐਕਟ 1993 ਦੀ ਧਾਰਾ 115(2) ਨੂੰ ਨਾ ਬਦਲਣ ਦੀ ਗੱਲ ਵੀ ਕਹੀ ਗਈ ਹੈ। ਇਥੇ ਇਹ ਜਿਕਰਯੋਗ ਹੈ ਕਿ ਮਿਤੀ 18 ਅਪ੍ਰੈਲ 2014 ਨੂੰ ਵੀ ਕਮੇਟੀ ਪ੍ਰਧਾਨ ਵੱਲੋਂ ਇਸ ਮਸਲੇ ਤੇ ਚਿੱਠੀ ਉਪਰਾਜਪਾਲ ਨੂੰ ਲਿੱਖੀ ਗਈ ਸੀ ਪਰ ਫਿਰ ਵੀ ਦਿੱਲੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ 1 ਮਹੀਨੇ ਦਾ ਸਮਾਂ ਦਿੰਦੇ ਹੋਏ ਲੋਕਾਂ ਦੀਆਂ ਸ਼ਿਕਾਇਤਾਂ ਸਰਕਾਰੀ ਗਜਟ ‘ਚ ਛੱਪ ਕੇ ਕਾਨੂੰਨ ਬਨਣ ਤੋਂ ਪਹਿਲਾਂ ਲੈਣ ਦਾ ਫੈਸਲਾਂ ਹੋਇਆ ਸੀ ਤੇ ਇਹ ਚਿੱਠੀ ਓਸੇ ਕੜੀ ਦਾ ਹਿੱਸਾ ਹੈ। ਅਗਰ ਦਿੱਲੀ ਸਰਕਾਰ ਇਸ ਮਸਲੇ ਤੋਂ ਪਿੱਛੇ ਨਹੀਂ ਹੱਟਦੀ ਤੇ ਦਿੱਲੀ ਕਮੇਟੀ ਵੱਲੋਂ ਇਸ ਮਸਲੇ ਤੇ ਕਾਨੂੰਨੀ ਅਤੇ ਸਿਆਸੀ ਲੜਾਈ ਲੜਨ ਦੀ ਵੀ ਤਿਆਰੀ ਕੀਤੀ ਜਾ ਚੁੱਕੀ ਹੈ।