ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਦੀ ਦਿੱਲੀ ਦੀਆਂ ਵਿਧਵਾਵਾਂ ਨੂੰ ਦਿੱਤੀ ਜਾ ਰਹੀ 1000 ਰੁਪਏ ਦੀ ਮਾਸਿਕ ਪੈਂਸ਼ਨ ਹੁਣ ਕਾਨਪੁਰ ਦੀਆਂ ਵਿਧਵਾਵਾਂ ਨੂੰ ਵੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕਾਨਪੁਰ ਤੋਂ ਆਏ ਪੀੜਤ ਪਰਿਵਾਰਾਂ ਦੇ ਇਕ ਵਫ਼ਦ ਨੇ ਮੋਹਕਮ ਸਿੰਘ ਦੀ ਅਗਾਵਾਈ ਹੇਠ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕਰਦੇ ਹੋਏ ਕਾਨਪੁਰ ਦੀਆਂ ਵਿਧਵਾਵਾਂ ਨੁੂੰ ਵੀ ਮਾਸਿਕ ਪੈਂਸ਼ਨ ਦੇਣ ਦੀ ਮੰਗ ਕੀਤੀ ਹੈ। ਇਥੇ ਇਹ ਜ਼ਿਕਰਯੋਗ ਹੈ ਦਿੱਲੀ ਕਮੇਟੀ ਵੱਲੋਂ ਇਸ ਵੇਲੇ 562 ਬੀਬੀਆਂ ਨੂੰ 1,000 ਰੁਪਏ ਮਾਸਿਕ ਪੈਂਸ਼ਨ ਦਿੱਤੀ ਜਾ ਰਹੀ ਹੈ।ਜਿਸ ਕਰਕੇ ਦਿੱਲੀ ਕਮੇਟੀ ਦਾ ਪੈਂਸ਼ਨ ਮਦ ‘ਚ ਸਲਾਨਾ ਲਗਭਗ 72 ਲੱਖ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ।
ਮਨਜੀਤ ਸਿੰਘ ਜੀ.ਕੇ. ਨੇ ਵਫ਼ਦ ਵੱਲੋਂ ਪੇਸ਼ ਕੀਤੀ ਗਈ 31 ਵਿਧਵਾ ਬੀਬੀਆਂ ਦੀ ਲਿਸਟ ਨੂੰ ਮੰਜੂਰ ਕਰਦੇ ਹੋਏ ਕਿਹਾ ਕਿ ਕੌਮ ਦੀਆਂ ਵਿਧਵਾਵਾਂ ਕਿਸੇ ਵੀ ਥਾਂ ਰਹਿੰਦੀਆਂ ਹੋਣ ਦਿੱਲੀ ਕਮੇਟੀ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ। ਇਸ ਮਹੀਨੇ ਤੋਂ ਹੀ ਇਨ੍ਹਾਂ ਬੀਬੀਆਂ ਨੂੰ ਵੀ 1,000 ਰੁਪਏ ਮਾਸਿਕ ਪੈਂਸ਼ਨ ਦੇਣ ਦਾ ਜੀ.ਕੇ. ਨੇ ਇਸ ਮੌਕੇ ਐਲਾਨ ਕੀਤਾ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਮਨਮਿੰਦਰ ਸਿੰਘ ਅਯੂਰ, ਜਸਬੀਰ ਸਿੰਘ ਜੱਸੀ ਅਤੇ ਜਨਰਲ ਸਕੱਤਰ ਦੇ ਮੁੱਖ ਸਲਾਹਕਾਰ ਜਸਪ੍ਰੀਤ ਸਿੰਘ ਵਿੱਕੀਮਾਨ ਮੌਜੂਦ ਸਨ।