ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਜੋ ਕਿ ਸਾਲ 2011 ਦੇ ਪੰਜਾਬ ਐਕਟ 37 ਦੇ ਅਧੀਨ ਸਥਾਪਤ ਕੀਤੀ ਗਈ ਹੈ, ਨਾ ਸਿਰਫ ਇਲਾਕੇ ਦੀਆਂ ਵਿੱਦਿਅਕ ਲੋੜਾਂ ਦੀ ਪੂਰਤੀ ਕਰ ਰਹੀ ਹੈ ਸਗੋਂ ਵੱਖ-ਵੱਖ ਖੇਤਰਾਂ ਵਿਚ ਨੌਕਰੀਆਂ ਦੇ ਮੌਕੇ ਵੀ ਪ੍ਰਦਾਨ ਕਰ ਰਹੀ ਹੈ । ਸਿੱਖਿਆ ਅਤੇ ਨੌਕਰੀ ਦੀ ਪੇਂਡੂ ਖੇਤਰ ਵਿਚ ਪਹਿਲਕਦਮੀ ਨੂੰ ਧਿਆਨ ਵਿਚ ਰੱਖਦੇ ਹੋਏ ਗੁਣਵੱਤਾ ਨਾਲ ਭਰਪੂਰ ਅਤੇ ਯੋਗ ਫੈਕਲਟੀ ਦੀ ਚੋਣ ਕੀਤੀ ਗਈ ਹੈ ਅਤੇ ਸਮੇਂ-ਸਮੇਂ ‘ਤੇ ਇਲਾਕੇ ਦੇ ਵਿਦਿਆਰਥੀਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕਿੱਤਾ ਮੁਖੀ ਕੋਰਸ ਸ਼ੁਰੂ ਕੀਤੇ ਜਾਂਦੇ ਹਨ ।
ਆਸ-ਪਾਸ ਦੇ ਖੇਤਰ ਦੇ ਉਦਯੋਗ ਜਿਵੇਂ ਖੇਤੀ ਉਦਯੋਗ, ਬਿਜਲੀ ਉਦਯੋਗ ਅਤੇ ਰਿਫਾਇਨਰੀ ਲਈ ਮਨੁੱਖੀ ਵਸੀਲਿਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਗੁਰੂ ਕਾਸ਼ੀ ਯੂਨੀਵਰਸਿਟੀ ਕਾਬਿਲ, ਯੋਗ ਅਤੇ ਟਰੇਨਡ ਮੈਨ ਪਾਵਰ ਇਨ੍ਹਾਂ ਉਦਯੋਗਾਂ ਨੂੰ ਮੁਹੱਈਆ ਕਰਵਾ ਰਹੀ ਹੈ । ਗੁਰੂ ਕਾਸ਼ੀ ਯੂਨਵਰਸਿਟੀ ਦੇਸ਼ ਦੇ ਉਨ੍ਹਾਂ ਕੁੱਝ ਕੁ ਵਿੱਦਿਅਕ ਅਦਾਰਿਆਂ ਵਿਚੋਂ ਇਕ ਹੈ ਜਿਸ ਵਿਚ ਡਿਪਲੋਮਾ, ਪੈਟਰੋ ਰਿਫਾਇਨਰੀ, ਪੈਟਰੋਲੀਅਮ ਇੰਜਨੀਅਰਿੰਗ ਦੇ ਕੋਰਸ ਚੱਲ ਰਹੇ ਹਨ ਅਤੇ ਐਗਰੀਕਲਚਰ ਇੰਜੀਨੀਅਰਿੰਗ ਦਾ ਕੋਰਸ ਇਸ ਇਲਾਕੇ ਵਿਚ ਸਿਰਫ ਇੱਕ ਮਾਤਰ ਵਿੱਦਿਅਕ ਅਦਾਰੇ ਭਾਵ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤਾ ਗਿਆ ਹੈ ।
ਅੱਜ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਅਕਾਦਮਿਕ ਵਰ੍ਹੇ ਸਾਲ 2014-15 ਦਾ ਪ੍ਰਾਸਪੈਕਟ ਲੋਕ ਅਰਪਣ ਕੀਤਾ । ਇਸ ਮੌਕੇ ‘ਤੇ ਚਾਂਸਲਰ ਡਾ.ਜੇ.ਐੱਸ. ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ, ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ ।
ਇਸ ਸਬੰਧੀ ਵਿਚਾਰ ਸਾਂਝੇ ਕਰਦਿਆਂ ਸ. ਸੁਖਰਾਜ ਸਿੰਘ ਸਿੱਧੂ ਨੇ ਕਿਹਾ ਕਿ ਹਰ ਸੰਭਵ ਯਤਨ ਕੀਤਾ ਗਿਆ ਹੈ ਕਿ ਇਸ ਪ੍ਰਾਸਪੈਕਟ ਵਿਚ ਵਿਦਿਆਰਥੀ ਹਿੱਤ ਪੂਰੀ ਜਾਣਕਾਰੀ ਪਾਈ ਗਈ ਹੈ ਤਾਂ ਕਿ ਪੂਰੇ ਅਕਾਦਮਿਕ ਵਰ੍ਹੇ ਦੇ ਦੌਰਾਨ ਵਿਦਿਆਰਥੀ ਲਈ ਮਾਰਗ ਦਰਸ਼ਨ ਦਾ ਕੰਮ ਕਰੇ।
ਵਰਸਿਟੀ ਦੇ ਚਾਂਸਲਰ ਅਤੇ ਉੱਘੇ ਸਿੱਖਿਆ ਸ਼ਾਸ਼ਤਰੀ ਡਾ. ਜੇ.ਐੱਸ. ਧਾਲੀਵਾਲ ਨੇ ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ ‘ਵਿਜ਼ਨ’ ਦੇ ਮੁਤਾਬਿਕ ਯੂਨੀਵਰਸਿਟੀ ਅਕਾਦਮਿਕ ਅਤੇ ਸਿੱਖਿਆ ਉਦੇਸ਼ਾਂ ਦੀ ਪੂਰਤੀ ਦੇ ਨਾਲ-ਨਾਲ ਦੇਸ਼ ਨੂੰ ਹੁਨਰ ਨਾਲ ਭਰਪੂਰ ਯੁਵਕ ਪੀੜ੍ਹੀ ਮੁਹੱਈਆ ਕਰਵਾ ਰਹੀ ਹੈ । ਇਹੀ ਕਾਰਨ ਹੈ ਕਿ ਹਰ ਵਰ੍ਹੇ ਇਲਾਕੇ ਅਤੇ ਨੌਜਵਾਨ ਪੀੜ੍ਹੀ ਦੀ ਲੋੜ ਨੂੰ ਮੁੱਖ ਰੱਖ ਕੇ ਨਵੇਂ ਕੋਰਸ ਸ਼ੁਰੂ ਕੀਤੇ ਜਾਂਦੇ ਹਨ । ਇਸ ਵਰ੍ਹੇ ਵੀ ਅਲੱਗ-ਅਲੱਗ ਵਿਸ਼ਿਆਂ ਨਾਲ ਸਬੰਧਿਤ 28 ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਜੋ ਕਿ ਨੌਜਵਾਨਾਂ ਦੀ ਆਤਮ ਨਿਰਭਰਤਾ ਨੂੰ ਯਕੀਨੀ ਬਣਾਉਣਗੇ ।
ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ ਨੇ ਕਿਹਾ ਕਿ ਨਵੇਂ ਸ਼ੁਰੂ ਕੀਤੇ ਕੋਰਸਾਂ ਵਿਚ ਫਿਜਿਓਥੈਰੇਪੀ, ਲਾਇਬ੍ਰੇਰੀ ਸਾਇੰਸਜ਼, ਨਿਊਜ਼ ਰੀਡਿੰਗ, ਫਾਇਰ ਸੇਫਟੀ, ਬਾਗਬਾਨੀ ਦੇਖ-ਰੇਖ, ਡੇਅਰੀ ਟੈਕਨਾਲੋਜੀ, ਵੈਟਰਨੀ ਸਾਇੰਸਜ਼ ਅਤੇ ਐਨੀਮਲ ਹੈਲਥ ਟੈਕਨਾਲੋਜੀ, ਐਵੀਏਸ਼ਨ ਟੈਕਨਾਲੋਜੀ ਆਦਿ ਪ੍ਰਮੁੱਖ ਹਨ, ਜੋ ਕਿ ਨੌਜਵਾਨ ਪੀੜ੍ਹੀ ਨੂੰ ਦੇਸ਼ ਦੇ ਸਰਵਪੱਖੀ ਵਿਕਾਸ ਵਿਚ ਹਿੱਸਾ ਪਾਉਣ ਦੇ ਯੋਗ ਬਣਾਉਣਗੇ ।
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਨਵੇਂ ਕਿੱਤਾ ਮੁਖੀ ਕੋਰਸਾਂ ਦੀ ਸ਼ੁਰੂਆਤ
This entry was posted in ਪੰਜਾਬ.