ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਨੇ ਆਪਣੀ ਗਲਤੀ ਮੰਨਦੇ ਹੋਏ ਅੱਜ ਦਿੱਲੀ ਦੀ ਜਨਤਾ ਤੋਂ ਮੁਆਫ਼ੀ ਮੰਗੀ ਹੈ। ਕੇਜਰੀਵਾਲ ਨੇ ਦਿੱਲੀ ਵਿੱਚ ਮੁੱਖਮੰਤਰੀ ਦੇ ਤੌਰ ਤੇ ਸਿਰਫ਼ 49 ਦਿਨ ਸਰਕਾਰ ਚਲਾ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਤੋਂ ਤਿਆਗਪੱਤਰ ਦੇਣ ਨਾਲ ਬਹੁਤ ਲੋਕ ਨਰਾਜ਼ ਹਨ, ਉਹ ਚਾਹੁੰਦੇ ਸਨ ਕਿ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇ। ਆਪਣੀ ਇਸ ਗਲਤੀ ਲਈ ਉਨ੍ਹਾਂ ਨੇ ਪੂਰੇ ਦੇਸ਼ਵਾਸੀਆਂ ਤੋਂ ਮੁਆਫ਼ੀ ਮੰਗੀ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਇਸ ਸਮੇਂ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ, ਅਜਿਹੇ ਹਾਲਾਤ ਵਿੱਚ ਪਾਰਟੀ ਦੁਬਾਰਾ ਚੋਣਾਂ ਚਾਹੁੰਦੀ ਹੈ। ਇਸ ਲਈ ਉਹ ਨਵੇਂ ਸਿਰੇ ਤੋਂ ਚੋਣਾਂ ਦੀ ਤਿਆਰੀ ਕਰ ਰਹੇ ਹਨ।
ਵਰਨਣਯੋਗ ਹੈ ਕਿ ਕੇਜਰੀਵਾਲ ਨੇ ਪਹਿਲਾਂ ਉਪ ਰਾਜਪਾਲ ਨਜੀਬ ਜੰਗ ਨੂੰ ਪੱਤਰ ਲਿਖ ਕੇ ਇੱਕ ਹਫ਼ਤੇ ਤੱਕ ਵਿਧਾਨਸਭਾ ਭੰਗ ਨਾਂ ਕਰਨ ਦੀ ਸਿਫਾਰਿਸ਼ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਦੁਬਾਰਾ ਸਰਕਾਰ ਬਣਾਉਣ ਸਬੰਧੀ ਲੋਕਾਂ ਦੀ ਰਾਏ ਲੈਣਗੇ। ਅਸਲ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਦੁਬਾਰਾ ਸਰਕਾਰ ਬਣਾਉਣ ਦੀ ਮੰਗ ਕਰ ਰਹੇ ਹਨ।