ਫਤਿਹਗੜ੍ਹ ਸਾਹਿਬ – “ ਗੈਰ ਸਿਧਾਂਤਕ ਅਤੇ ਗੈਰ ਇਖਲਾਕੀ ਤਰੀਕੇ ਨਿਰੰਤਰ ਫਿਰਕੂਆਂ ਅਤੇ ਘੱਟ ਗਿਣਤੀ ਵਿਰੋਧੀ ਜਮਾਤ ਬੀਜੇਪੀ ਦੀ ਮਦਦ ਕਰਕੇ ਅਤੇ ਬੀਜੇਪੀ-ਬਾਦਲ ਦਲ ਦੇ ਰਿਸ਼ਤੇ ਨੂੰ ਪਤੀ-ਪਤਨੀ ਦਾ ਨਾਮ ਦੇ ਕੇ ਬਾਦਲ ਪਰਿਵਾਰ ਖੁਦ ਆਪਣੀ ਅਤੇ ਸਿੱਖ ਕੌਮ ਦੀ ਹੇਠੀ ਕਰਵਾਉਂਦੇ ਆ ਰਹੇ ਹਨ। ਜਿਸ ਦਾ ਪ੍ਰਤੱਖ ਸਬੂਤ ਫਿਰਕੂਆਂ ਨੇ ਬਾਦਲ ਪਰਿਵਾਰ ਨੂੰ ਫੂਡ ਪ੍ਰੋਸੈਸਿੰਗ ਦਾ ਵਿਭਾਗ ਦੇ ਕੇ ਜਿਵੇਂ ਮਾਂ ਆਪਣੇ ਰੋਂਦੇ ਹੋਏ ਬੱਚੇ ਨੂੰ ਦੁੱਧ ਚੁੰਘਣੀ ਫੜਾ ਦਿੰਦੀ ਹੈ, ਉਸੇ ਤਰਾਂ ਬੀਜੇਪੀ ਨੇ ਇਹਨਾਂ ਨੂੰ ਚੂਸਣੀ ਫੜਾ ਦਿੱਤੀ ਹੈ। ਜਦੋਂ ਕਿ ਸਿੱਖਾਂ ਨੂੰ ਬੀਤੇ ਸਮੇਂ ਵਿਚ ਮਹੱਤਵਪੂਰਨ ਚਾਰ ਵਿਭਾਗਾਂ ਗ੍ਰਹਿ, ਵਿੱਤ, ਵਿਦੇਸ਼ੀ ਜਾਂ ਰੱਖਿਆ ਵਿਜਾਰਤਾਂ ਵਿੱਚੋਂ ਇਕ ਵਜਾਰਤ ਮਿਲਦੀ ਰਹੀ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੰਮੇਂ ਸਮੇਂ ਦੀ ਬਾਦਲਾਂ ਵੱਲੋਂ ਕੀਤੀ ਗਈ ਮੇਹਨਤ, ਖੁਸ਼ਾਮਦੀ, ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਬੀਤੇ ਕਈ ਦਿਨਾਂ ਤੋਂ ਦਿੱਲੀ ਵਿਖੇ ਲਿਫਟਾਂ ਰਾਹੀਂ ੳਤਾਰ-ਚੜ੍ਹਾਅ ਕਰਨ ਅਤੇ ਫਿਰਕੂਆਂ ਦੀਆਂ ਦੇਹਲੀਆਂ ਘਸਾਉਣ ਉਪਰੰਤ ਮਿਲੀ ਤੌਹੀਨ ਪੂਰਕ ਵਜਾਰਤ ਉੱਤੇ ਆਪਣੇ ਵਿਚਾਰ ਜਾਹਰ ਕਰਾੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਕਿੰਨਾ ਸਿਧਾਂਤਹੀਣ ਅਤੇ ਗੈਰਇਖਲਾਕੀ ਹੋ ਗਿਆ ਹੈ ਉਹ ਇਸ ਗੱਲ ਤੋਂ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਪੰਜਾਬ ਵਿੱਚੋਂ ਬਾਦਲ ਦਲ ਦੇ ਜਿੱਤੇ ਐਮਪੀਜ਼ ਵਿਚੋਂ ਸ. ਰਣਜੀਤ ਸਿੰਘ ਬ੍ਰਹਮਪੁਰਾ ਇਹਨਾਂ ਸਾਰਿਆਂ ਤੋਂ ਸੀਨੀਅਰ ਵੀ ਹਨ ਅਤੇ ਉਮਰ ਦੇ ਲਿਹਾਜ ਨਾਲ ਵਡੇਰੇ ਵੀ ਹਨ। ਇਨਸਾਫ ਦਾ ਤਕਾਜਾ ਇਹ ਹੈ ਕਿ ਜੇਕਰ ਬਾਦਲ ਦਲੀਆਂ ਵਿਚੋਂ ਕਿਸੇ ਨੂੰ ਸੈਂਟਰ ਵਿਚ ਵਜੀਰ ਬਨਾਉਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਸੀਨੀਅਰਤਾ ਦੇ ਤੌਰ ਤੇ ਸ. ਬ੍ਰਹਮਪੁਰਾ ਦਾ ਨਾਮ ਸਭ ਤੋਂ ਉਪਰ ਆਉਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਜਦੋਂ ਸ਼੍ਰੀ ਵਾਜਪਾਈ ਵਜੀਰੇ ਆਜਮ ਬਣੇ ਸਨ ਤਾਂ ਪਹਿਲਾਂ ਤਾਂ ਕਿਸੇ ਸਿੱਖ ਨੂੰ ਵਜੀਰ ਬਣਾਉਣ ਉੱਤੇ ਹੀ ਸਹਿਮਤ ਨਹੀਂ ਸਨ। ਜਦੋਂ ਮੈਂ ਪਾਰਲੀਮੈਂਟ ਵਿਚ ਸਿੱਖ ਕੌਮ ਦੀ ਆਵਾਜ ਉਠਾਈ ਸ. ਸੁਖਦੇਵ ਸਿੰਘ ਢੀਂਡਸਾ ਨੂੰ ਵਜਾਰਤ ਵਿਚ ਲੈ ਤਾਂ ਲਿਆ ਲੇਕਿਨ ਬੀਬੀ ਹਰਸਿਮਰਤ ਕੌਰ ਬਾਦਲ ਦੀ ਤਰਾਂ ਕੇਵਲ ਖਾਦ ਵਜਾਰਤ ਦਾ ਵਿਭਾਗ ਦੇ ਕੇ ਖਾਨਾਪੂਰਤੀ ਕਰ ਦਿੱਤੀ ਗਈ। ਹੁਣ ਬੀਬੀ ਆਲੂਆਂ ਤੋਂ ਚਿਪਸ, ਟਮਾਟਰਾਂ ਤੋਂ ਚਟਨੀਂ, ਕਿੰਨੂਆਂ ਤੋਂ ਜੂਸ, ਸੇਬਾਂ ਤੋਂ ਜੈਮ, ਦਾਲਾਂ ਤੋਂ ਪਾਪੜ ਬਣਾਉਣ ਤੱਕ ਸੀਮਿਤ ਹੋ ਕੇ ਰਹਿ ਜਾਵੇਗੀ। ਕੌਮੀ ਮਸਲੇ ਨਾਂ ਪਹਿਲਾਂ ਇਹਨਾਂ ਦੇ ਜਿਹਨ ਵਿਚ ਹਨ ਨਾਂ ਅੱਗੋਂ ਲਈ ਰਹਿਣਗੇ। ਜਦੋਂ ਕਿ ਸਿੱਖ ਕੌਮ ਦਾ ਦਰਜਾ ਉਪਰਲੀਆਂ ਚਾਰ ਵਜਾਰਤਾਂ ਗ੍ਰਹਿ, ਵਿੱਤ, ਰੱਖਿਆ ਅਤੇ ਵਿਦੇਸ਼ੀ ਵਿਭਾਗਾਂ ਵਿਚੋਂ ਇਕ ਵਿਭਾਗ ਦਾ ਚਾਰਜ ਦੇਣਾ ਬਣਦਾ ਹੈ। ਪਰ ਅਫਸੋਸ ਅਤੇ ਦੁੱਖ ਹੈ ਕਿ ਜਿਹਨਾਂ ਆਗੂਆਂ ਨੂੰ ਸਿੱਖ ਕੌਮ ਦੀ ਅਣਖ-ਗੈਰਤ ਨਾਲ ਕੋਈ ਲਗਾਵ ਨਹੀਂ ਉਹ ਖੈਰਾਤ ਵਿਚ ਮਿਲੀ ਕਿਸੇ ਵੀ ਛੋਟੀ-ਮੋਟੀ ਭਿਕਸ਼ਾ ਨੂੰ ਪ੍ਰਵਾਨ ਕਰਕੇ ਆਪਣੇ ਅਤੇ ਸਿੱਖ ਕੌਮ ਦੇ ਇਖਲਾਕ ਦੀ ਤੌਹੀਨ ਕਰਵਾਉਣ ਤੋਂ ਭੋਰਾ ਵੀ ਸ਼ਰਮ ਮਹਿਸੂਸ ਨਹੀਂ ਕਰਦੇ।
ਉਹਨਾਂ ਕਿਹਾ ਕਿ ਜਿਹਨਾਂ ਜਮਾਤਾਂ ਅਤੇ ਆਗੂਆਂ ਨੇ ਬਲਿਊ ਸਟਾਰ ਦਾ ਫੌਜੀ ਹਮਲਾ ਕਰਵਾ ਕੇ 20,000 ਦੇ ਕਰੀਬ ਸਿੱਖਾਂ ਨੂੰ ਸ਼ਹੀਦ ਕਰਵਾਇਆ, ਬਾਬਰੀ ਮਸਜਿਦ ਨੂੰ ਸਾਜਿਸ਼ੀ ਢੰਗ ਨਾਲ ਸ਼ਹੀਦ ਕਰਵਾਇਆ, 1984 ਵਿਚ ਸਿੱਖ ਕੌਮ ਦਾ ਕਤਲੇਆਮ ਕਰਵਾਇਆ, 2002 ਵਿਚ ਗੁਜਰਾਤ ਵਿਚ ਮੁਸਲਿਮ ਕੌਮ ਦਾ ਕਤਲੇਆਮ ਕਰਵਾਇਆ, ਦੱਖਣੀ ਸੂਬਿਆਂ ਵਿਚ ਇਸਾਈ ਨੰਨਜਾਂ ਨਾਲ ਜਬਰ ਜਿਨਾਹ ਕਰਵਾਏ, ਚਰਚਾਂ ਨੂੰ ਅਗਨ ਭੇਂਟ ਕੀਤਾ, ਇਸਾਈ ਮਿਸ਼ਨਰੀ ਸ਼੍ਰੀ ਗ੍ਰਾਹਮ ਸਟੇਨਜ ਅਤੇ ਉਸਦੇ ਮਾਸੂਮ 2 ਬੱਚਿਆਂ ਨੂੰ ਵੈਨ ਵਿਚ ਅੱਗ ਲਗਾ ਕੇ ਬੇਰਹਿਮੀ ਨਾਲ ਸਾੜਿਆ ਅਤੇ ਜੋ ਹਮੇਸ਼ਾਂ ਘੱਟ ਗਿਣਤੀ ਕੌਮਾਂ ਨਾਲ ਜਿਆਦਤੀਆਂ ਅਤੇ ਬੇਇਨਸਾਫੀਆਂ ਕਰਦੇ ਆ ਰਹੇ ਹਨ ਅਤੇ ਜੋ ਬਾਦਲ ਦਲੀਏ ਅਜਿਹੀਆਂ ਜਮਾਤਾਂ ਅਤੇ ਆਗੂਆਂ ਦੀ ਖੁਸ਼ਾਮਦੀ ਕਰਕੇ ਆਪਣੇ ਸਵਾਰਥਾਂ ਦੀ ਪੂਰਤੀ ਕਰਨ ਤੱਕ ਸੀਮਿਤ ਹਨ, ਅਜਿਹੀ ਬਣੀ ਮੋਦੀ ਵਜਾਰਤ ਅਤੇ ਬਾਦਲ ਦਲੀਆਂ ਅਤੇ ਕਾਂਗਰਸ ਅਦਿ ਹਿੰਦੂਤਵ ਜਮਾਤਾਂ ਨਾਲ ਆਪਣੀ ਅਣਖ-ਗੈਰਤ ਦੀ ਲੜਾਈ ਪੂਰੀ ਦ੍ਰਿੜ੍ਹਤਾ ਨਾਲ ਜਾਰੀ ਰਹੇਗੀ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਦਾਸ ਸਮੇਤ ਖੜ੍ਹੇ ਕੀਤੇ ਗਏ ਉਮੀਦਵਾਰਾਂ ਦੀ ਵੱਡੀ ਹਾਰ ਹੋਈ ਹੈ, ਲੇਕਿਨ ਅਸੀਂ ਆਪਣੀ ਕੌਮੀ ਲੜਾਈ ਵਿਚ ਕਿਸੇ ਤਰਾਂ ਦੀ ਵੀ ਢਿੱਲ ਨਹੀਂ ਵਰਤਾਂਗੇ। ਇਹਨਾਂ ਫਿਰਕੂਆਂ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਜਮਾਤਾਂ ਨਾਲ ਇਖਲਾਕੀ ਜੰਗ ਜਾਰੀ ਮਿਸ਼ਨ ਦੀ ਪ੍ਰਾਪਤੀ ਤੱਕ ਜਾਰੀ ਰਹੇਗੀ। ਆਉਣ ਵਾਲੀਆਂ ਤਲਵੰਡੀ ਸਾਬੋ, ਧੂਰੀ, ਪਟਿਆਲਾ ਦੀਆਂ ਜਿਮਨੀ ਚੋਣਾਂ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਹੋਰ ਜਮਹੂਰੀ ਚੋਣਾਂ ਨੂੰ ਸੰਜੀਦਗੀ ਨਾਲ ਲੈਂਦੇ ਹੋਏ, ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਦਰੁਸਤ ਕਰਦੇ ਹੋਏ , ਰਹਿ ਚੁੱਕੀਆਂ ਕਮੀਆਂ ਨੂੰ ਦੂਰ ਕਰਦੇ ਹੋਏ ਇਹ ਅਗਲੀਆਂ ਲੜਾਈਆਂ ਆਪਣੇ ਬਲਬੂਤੇ ਉੱਤੇ ਸੋਚ ਅਤੇ ਸਿਧਾਂਤ ਨੂੰ ਮੁੱਖ ਰੱਖ ਕੇ ਲੜੀਆਂ ਜਾਣਗੀਆਂ। ਲੇਕਿਨ ਜਿੱਤਾਂ ਜਾਂ ਹਾਰਾਂ ਸਾਡੇ ਰਾਹ ਵਿਚ ਕਤਈ ਵੀ ਰੋੜਾ ਨਹੀਂ ਬਣ ਸਕਣਗੀਆਂ। ਅਸੀਂ ਆਪਣੀ ਮੰਜਿਲ ਨੁੰ ਹਰ ਕੀਮਤ ਤੇ ਫਤਿਹ ਕਰਾਂਗੇ।