ਮਾਨਸਾ – ਰਾਸ਼ਟਰੀ ਸਵੈ ਸੰਘ ਦੇ ਮੁੱਖੀ ਮੋਹਨ ਭਾਗਵਤ ਨੂੰ ਡੇਰਾ ਰਾਧਾ ਸੁਆਮੀ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਮਾਨਸਾ ਦੇ ਨਰਾਇਣ ਸਿ਼ਖਸ਼ਾ ਕੇਂਦਰ ਦੇ ਇੱਕ ਸਿਖਲਾਈ ਕੈਂਪ ਵਿੱਚ ਮਿਲਣ ਆਏ। ਭਾਗਵਤ ਤਿੰਨ ਦਿਨ ਪਹਿਲਾਂ ਮਾਨਸਾ ਪੁੱਜੇ ਸਨ ਅਤੇ ਉਸ ਦਿਨ ਤੋਂ ਹੀ ਡੇਰਾ ਮੁੱਖੀ ਦੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮੋਹਨ ਭਾਗਵਤ ਨਾਲ ਅੱਧੇ ਘੰਟੇ ਦੇ ਕਰੀਬ ਬੰਦ ਕਮਰਾ ਮੀਟਿੰਗ ਕੀਤੀ।
ਬਿਆਸ ਡੇਰੇ ਦੇ ਮੁੱਖੀ ਢਿੱਲੋਂ ਨੇ ਕਿਹਾ ਕਿ ਉਹ ਸੰਘ ਦੇ ਭਾਗਵਤ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਹਨ। ਉਹ ਚੋਣਾਂ ਤੋਂ ਪਹਿਲਾਂ ਨਾਗਪੁਰ ਵਿੱਚ ਇੱਕ ਦੂਸਰੇ ਨੂੰ ਮਿਲ ਚੁੱਕੇ ਹਨ। ਬਾਬਾ ਆਪਣੇ ਪਰੀਵਾਰਿਕ ਮੈਂਬਰਾਂ ਸਮੇਤ ਸ਼ੁਕਰਵਾਰ ਨੂੰ ਮਾਨਸਾ ਪਹੁੰਚੇ ਸਨ। ਉਹ 12 ਵਜ ਕੇ 20 ਮਿੰਟ ਤੇ ਸੰਘ ਦੇ ਕੈਂਪ ਵਿੱਚ ਗਏ। ਭਾਗਵਤ ਨਾਲ ਗੱਲਬਾਤ ਤੋਂ ਬਾਅਦ ਬਾਬਾ ਹੈਲੀਕਾਪਟਰ ਦੁਆਰਾ ਹਿਮਾਚਲ ਲਈ ਰਵਾਨਾ ਹੋ ਗਏ। ਭਾਗਵਤ ਨੇ ਬਾਬੇ ਨੂੰ ਇੱਕ ਸ਼ਾਲ , ਭਾਰਤ ਮਾਤਾ ਦੀ ਫੋਟੋ ਅਤੇ ਨਾਰੀਅਲ ਭੇਂਟ ਕੀਤਾ।
ਮਾਲਵਾ ਖੇਤਰ ਵਿੱਚ ਸੰਘ ਮੁੱਖੀ ਦੀ ਕਿਸੇ ਧਾਰਮਿਕ ਪ੍ਰਮੁੱਖ ਨਾਲ ਇਹ ਪਹਿਲੀ ਗੁਪਤ ਮੀਟਿੰਗ ਹੋਈ ਹੈ। ਇਸ ਮੁਲਾਕਾਤ ਨੂੰ ਰਾਜਸੀ ਅਤੇ ਧਾਰਮਿਕ ਹਲਕਿਆਂ ਵਿੱਚ ਬਹੁਤ ਹੀ ਉਤਸੁਕਤਾ ਨਾਲ ਲਿਆ ਜਾ ਰਿਹਾ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਸੰਘ ਮੁੱਖੀ ਪਹਿਲੀ ਵਾਰ ਹੀ ਮਾਨਸਾ ਆਏ ਹਨ ਅਤੇ ਰਾਧਾ ਸੁਆਮੀ ਬਾਬੇ ਦੇ ਹੈਲੀਕਾਪਟਰ ਨੂੰ ਉਤਾਰਨ ਲਈ ਸੰਗਤਾਂ ਵੱਲੋਂ ਦੋ ਦਿਨ ਵਿੱਚ ਹੀ ਹੈਲੀਪੈਡ ਬਣਾਇਆ ਗਿਆ। ਦੋਵਾਂ ਦੀ ਮੀਟਿੰਗ ਨੂੰ ਲੈ ਕੇ ਪੁਲੀਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸੰਘ ਸੈਂਟਰ ਅਤੇ ਡੇਰੇ ਵਿੱਚ ਆਉਣ ਜਾਣ ਵਾਲੇ ਹਰ ਵਿਅਕਤੀ ਤੇ ਨਜ਼ਰ ਰੱਖੀ ਜਾ ਰਹੀ ਸੀ।