ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਨਸ਼ੇੜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗ੍ਰੰਥੀ ਸਿੰਘ ’ਤੇ ਪਾਣੀ ਦਾ ਇਕ ਚੂਲਾ ਸੁੱਟੇ ਜਾਣ ਦੀ ਘਟਨਾਂ ਦੀ ਜਾਂਚ ਲਈ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ’ਤੇ ਅਧਾਰਤ 6 ਮੈਂਬਰੀ ਕਮੇਟੀ ਗਠਤ ਕੀਤੀ ਹੈ। ਇਸ ਕਮੇਟੀ ਦੀ ਹਾਜ਼ਰੀ ’ਚ ਘਟਨਾ ਦੇ ਦੋਸ਼ੀ ਹਰਪ੍ਰੀਤ ਸਿੰਘ ਤੋਂ ਪੁੱਛਗਿਛ ਕੀਤੀ ਜਾਵੇਗੀ।
ਸਿੰਘ ਸਾਹਿਬ ਨੇ ਜਾਂਚ ਲਈ ਗਠਿਤ 6 ਮੈਂਬਰੀ ਕਮੇਟੀ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਇਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਭਾਈ ਮੇਜਰ ਸਿੰਘ ਪੰਜ ਪਿਆਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਤਿੰ੍ਰਗ ਮੈਂਬਰ ਸ. ਰਜਿੰਦਰ ਸਿੰਘ ਮਹਿਤਾ ਤੇ ਮੈਂਬਰ ਸ਼੍ਰੋਮਣੀ ਕਮੇਟੀ ਸ. ਜਸਵਿੰਦਰ ਸਿੰਘ ਐਡਵੋਕੇਟ, ਸਤਿਕਾਰ ਕਮੇਟੀ ਵਲੋਂ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਡਾ: ਗੁਰਜਿੰਦਰ ਸਿੰਘ, ਗੁਰਦੁਆਰਾ ਹਰੀਆਂ ਵੇਲਾਂ ਦੇ ਹੈੱਡ ਗ੍ਰੰਥੀ ਗਿਆਨੀ ਗੁਰਦੇਵ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਇਨ੍ਹਾਂ ਮੈਂਬਰਾਂ ਦੀ ਹਾਜ਼ਰੀ ’ਚ ਦੋਸ਼ੀ ਪਾਸੋਂ ਪੁੱਛ ਪੜਤਾਲ ਕੀਤੀ ਜਾਵੇਗੀ ਅਤੇ ਬਕਾਇਦਾ ਇਸ ਦੀ ਵੀਡਿਓ ਤਿਆਰ ਕੀਤੀ ਜਾਵੇਗੀ ਤਾਂ ਜੋ ਸਚਾਈ ਨੂੰ ਸੰਗਤਾਂ ਦੇ ਸਾਹਮਣੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਘਟਨਾਂ ਦਾ ਦੋਸ਼ੀ ਹਰਪ੍ਰੀਤ ਸਿੰਘ ਨਾਮ ਦਾ ਇਕ ਲੜਕਾ ਨਸ਼ੇੜੀ ਹੈ ਅਤੇ ਉਸ ’ਤੇ ਨਸ਼ੇ ਅਤੇ ਚੋਰੀ ਦੇ ਕੇਸ ਵੀ ਦਰਜ ਹਨ। ਉਸ ਦਾ ਪਿਤਾ ਅਕਾਲ ਚਲਾਣਾ ਕਰ ਚੁੱਕਾ ਹੈ ਅਤੇ ਉਸ ਦੀ ਮਾਤਾ ਨੇ ਇਸ ਨੂੰ ਨਸ਼ਿਆਂ ਦਾ ਆਦੀ ਹੋਣ ਕਰਕੇ ਬੇਦਖਲ ਕੀਤਾ ਹੋਇਆ ਹੈ।