ਪਪੀਤਾ

ਡਾ: ਹਰਸ਼ਿੰਦਰ ਕੌਰ, ਐਮ ਡੀ,

ਫਲਾਂ ਦੇ ਸ਼ਹਿਨਸ਼ਾਹ ਪਪੀਤੇ ਨੂੰ ‘ਦੇਵਤਿਆਂ ਦਾ ਫਲ’ ਕਿਹਾ ਜਾਂਦਾ ਹੈ। ਇਸ ਵਿਚਲੇ ਅਣਮੁੱਲੇ ਤੱਤ ਅਤੇ ਇਸਦਾ ਸੁਆਦ ਸਦੀਆਂ ਤੋਂ ਇਨਸਾਨ ਨੂੰ ਇਸਨੂੰ ਵਰਤਣ ਉ¤ਤੇ ਮਜਬੂਰ ਕਰਦੇ ਰਹੇ ਹਨ। ਬਾਕੀਆਂ ਬਾਰੇ ਕੀ ਕਹੀਏ ਜਦ ਕ੍ਰਿਸਟੋਫਰ ਕੋਲੰਬਸ ਹੀ ਜ਼ਿਕਰ ਕਰਦਾ ਹੈ ਕਿ ਮੇਰੇ ਕੋਲੋਂ ਰੋਜ਼ ਪਪੀਤਾ ਖਾਧੇ ਬਗ਼ੈਰ ਰਿਹਾ ਹੀ ਨਹੀਂ ਸੀ ਜਾਂਦਾ। ਹੋਇਆ ਇੰਜ ਕਿ ਜਦੋਂ ਲੰਮੇ ਸਫਰ ਬਾਅਦ ਕੋਲੰਬਸ ਅਤੇ ਉਸਦੇ ਸਾਥੀ ਅਮਰੀਕਾ ਪੁੱਜੇ ਤਾਂ ਲਗਭਗ ਸਭ ਦਾ ਪੇਟ ਖ਼ਰਾਬ ਸੀ। ਪਪੀਤਾ ਖਾਂਦੇ ਸਾਰ ਸਭਨਾਂ ਦਾ ਹਾਜ਼ਮਾ ਠੀਕ ਹੋ ਗਿਆ। ਉਦੋਂ ਵੀ ਇਹੀ ਮੰਨਿਆ ਜਾਂਦਾ ਸੀ ਕਿ ਪਪੀਤੇ ਦੇ ਪੱਤੇ, ਬੀਜ ਤੇ ਦੁੱਧ, ਅੰਤੜੀਆਂ ਨੂੰ ਰੋਗ-ਮੁਕਤ ਕਰ ਕੇ ਢਿਡ ਵਿਚਲੇ ਕੀੜੇ ਵੀ ਮਾਰ ਦਿੰਦੇ ਹਨ। ਜਿਉਂ ਹੀ ਸਭ ਦਾ ਹਾਜ਼ਮਾ ਠੀਕ ਹੋਇਆ, ਉਨ੍ਹਾਂ ਨੂੰ ਪਪੀਤਾ ਇਕ ਵਰਦਾਨ ਵਾਂਗ ਜਾਪਿਆ।
ਪੁਰਾਣੇ ਸਮਿਆਂ ਵਿਚ ਤਾਂ ਪਪੀਤੇ ਦੀ ਪੂਜਾ ਕੀਤੀ ਜਾਂਦੀ ਸੀ ਤੇ ਇਸਨੂੰ ‘‘ਜ਼ਿੰਦਗੀ ਬਖਸ਼ਣ ਵਾਲਾ ਦਰੱਖ਼ਤ’’ ਕਿਹਾ ਜਾਂਦਾ ਸੀ।
ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਵਿਚ ਤਾਂ ਕਈ ਔਰਤਾਂ ਇਸਦਾ ਸੇਵਨ ਗਰਭ ਠਹਿਰਨ ਤੋਂ ਰੋਕਣ ਲਈ ਵੀ ਕਰਦੀਆਂ ਰਹੀਆਂ ਹਨ ਤੇ ਹੁਣ ਤਕ ਵੀ ਦਾਈਆਂ ਗਰਭਵਤੀ ਔਰਤ ਨੂੰ ਅਣਚਾਹੇ ਗਰਭ ਡੇਗਣ ਲਈ ਕੌਲਾ ਭਰ ਕੇ ਪਪੀਤਾ ਖਾਣ ਲਈ ਕਹਿ ਦਿੰਦੀਆਂ ਹਨ।
ਚਮੜੀ, ਵਾਲਾਂ ਅਤੇ ਸਰੀਰ ਵਾਸਤੇ ਪਪੀਤੇ ਦਾ ਫਲ ਹੀ ਨਹੀਂ ਬਲਕਿ ਬੂਟੇ ਦਾ ਹਰ ਹਿੱਸਾ ਫ਼ਾਇਦੇਮੰਦ ਸਾਬਤ ਹੋ ਚੁੱਕਿਆ ਹੈ। ਪਪੀਤੇ ਵਿਚਲਾ ‘ਪੈਪੇਨ’ ਐਨਜ਼ਾਈਮ ਹਾਜ਼ਮਾ ਤਾਂ ਠੀਕ ਕਰਦਾ ਹੀ ਹੈ ਪਰ ਅੱਜਕਲ ਹਾਜ਼ਮਾ ਠੀਕ ਕਰਨ ਵਾਲੇ ਗੁਣਾਂ ਸਦਕਾ ਇਸਦੀ ਵਰਤੋਂ ‘ਚਿੰਗਮ’ ਵਿਚ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਧੜਾਧੜ ਵਿਕਰੀ ਵੀ ਹੋ ਰਹੀ ਹੈ।
ਅਮਰੀਕਾ ਤੋਂ ਸ਼ੁਰੂ ਹੋਈ ਇਸਦੀ ਪੈਦਾਵਾਰ ਨੇ ਹੁਣ ਦੁਨੀਆ ਦੇ ਲਗਭਗ ਹਰ ਹਿੱਸੇ ਵਿਚ ਤਹਿਲਕਾ ਮਚਾਇਆ ਪਿਆ ਹੈ। ਪਪੀਤੇ ਵਿਚਲੇ ਕੈਰੋਟੀਨ, ਵਿਟਾਮਿਨ ਸੀ, ਫਲੇਵੋਨਾਇਡ, ਵਿਟਾਮਿਨ ਬੀ, ਫੋਲੇਟ, ਪੈਂਟੋਥੀਨਿਕ ਏਸਿਡ, ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਫਾਈਬਰ ਇਸਨੂੰ ਬੇਹਤਰੀਨ ਫਲ ਦਾ ਖ਼ਿਤਾਬ ਦੇਣ ਵਿਚ ਸਹਾਈ ਹੁੰਦੇ ਹਨ।
ਸੇਬ, ਅਮਰੂਦ ਵਰਗੇ ਹੋਰ ਬਥੇਰੇ ਫਲਾਂ ਵਿੱਚੋਂ ਸਭ ਤੋਂ ਵੱਧ ਕੈਰੋਟੀਨ ਪਪੀਤੇ ਵਿਚ ਹੀ ਲੱਭਦੀ ਹੈ। ਇਸੇ ਲਈ ਚਮੜੀ ਲਈ ਕੋਈ ਹੋਰ ਫਲ ਇਸਤੋਂ ਵਧੀਆ ਸਾਬਤ ਨਹੀਂ ਹੋ ਸਕਿਆ।
1.    ਬਲੱਡ ਪ੍ਰੈਸ਼ਰ :- ਵਾਲੇ ਮਰੀਜ਼ਾਂ ਲਈ ਪਪੀਤਾ ਇਕ ਵਰਦਾਨ ਸਾਬਤ ਹੋ ਚੁੱਕਿਆ ਹੈ। ਇਸ ਵਿਚਲਾ  ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਤਾਂ  ਠੀਕ ਰੱਖਦਾ ਹੀ ਹੈ ਪਰ ਦਿਮਾਗ਼ ਵੀ ਚੁਸਤ ਦਰੁਸਤ ਰੱਖਦਾ ਹੈ।
2.    ਨਜ਼ਰ :- ਵਿਟਾਮਿਨ ਏ ਭਰਪੂਰ ਹੋਣ ਸਦਕਾ ਇਹ ਨਜ਼ਰ ਵੀ ਸਹੀ ਰੱਖਦਾ ਹੈ। ਰੋਜ਼ ਦੀਆਂ ਪਪੀਤੇ ਦੀਆਂ ਤਿੰਨ ਵੱਡੀਆਂ ਫਾੜੀਆਂ ਖਾਣ ਨਾਲ ਨਜ਼ਰ ਠੀਕ ਰੱਖੀ ਜਾ ਸਕਦੀ ਹੈ ਅਤੇ ਬਜ਼ੁਰਗਾਂ ਦੀ ਅੱਖਾਂ ਦੀ ਰੌਸ਼ਨੀ ਵੀ ਸੁਰੱਖਿਅਤ ਰਹਿ ਸਕਦੀ ਹੈ।
3.    ਬੀਟਾ ਕੈਰੋਟੀਨ ਸਰੀਰ ਦਾ ਇਮਿਊਨ ਸਿਸਟਮ ਰਵਾਂ ਰਖਣ ਵਿਚ ਸਹਾਈ ਹੁੰਦਾ ਹੈ ਅਤੇ ਬੀਮਾਰੀ ਨਾਲ ਲੜਨ ਵਾਲੇ ਸੈਲਾਂ ਨੂੰ ਤਗੜਾ ਕਰਦਾ ਹੈ। ਵਿਟਾਮਿਨ ਏ ਤੇ ਸੀ ਦੀ ਭਰਪੂਰ ਮਾਤਰਾ ਨਾਲ ਵਾਰ – ਵਾਰ ਜ਼ੁਕਾਮ, ਖੰਘ ਨਹੀਂ ਹੁੰਦਾ ਅਤੇ ਕੰਨਾਂ ਵਿਚ ਰੇਸ਼ਾ ਵੀ ਨਹੀਂ ਪੈਂਦਾ।
4.    ਐਂਟੀਓਕਸੀਡੈਂਟ ਭਰਪੂਰ ਹੋਣ ਕਾਰਣ ਦਿਲ ਨੂੰ ਰੋਗੀ ਹੋਣ ਤੋਂ ਬਚਾਉਂਦਾ ਹੈ ਤੇ ਕੋਲੈਸਟਰੋਲ ਦੀ ਓਕਸੀਡੇਸ਼ਨ ਘਟਾਉਂਦਾ ਹੈ।
5.    ਸ਼ੱਕਰ ਰੋਗੀਆਂ ਨੂੰ ਸਿਹਤਮੰਦ ਰੱਖਣ ਤੇ ਸੀਰੀਅਸ ਬੀਮਾਰੀਆਂ ਤੋਂ ਬਚਾਉਣ ਲਈ ਵੀ ਪਪੀਤਾ  ਵਧੀਆ ਰੋਲ ਅਦਾ ਕਰਦਾ ਹੈ।
6.    ਚਮੜੀ ਉਤੇ ਹੋਏ ਜ਼ਖ਼ਮ ਪਪੀਤੇ ਦਾ ਲੇਪ ਲਾਉਣ ਨਾਲ ਛੇਤੀ ਭਰ ਜਾਂਦੇ ਹਨ। ਲੰਮੇ ਸਮੇਂ ਤੋਂ ਨਾਂ ਭਰ ਰਹੇ ਜ਼ਖ਼ਮਾਂ ਉੱਤੇ ਵੀ ਪਪੀਤੇ ਤੇ ਮੱਖਣ ਦਾ ਲੇਪ ਲਾਉਣ ਨਾਲ ਫ਼ਾਇਦਾ ਮਿਲਦਾ ਹੈ।
7.    ਖੰਘ, ਜ਼ੁਕਾਮ, ਬਰੌਂਕਾਈਟਿਸ, ਦਮੇ ਆਦਿ ਲਈ ਪਪੀਤੇ ਵਿਚਲਾ ਲੇਟੈਕਸ ਫ਼ਾਇਦੇਮੰਦ ਹੈ।
8.    ਫਾਈਬਰ ਭਰਪੂਰ ਹੋਣ ਸਦਕਾ ਕਬਜ਼, ਕੈਂਸਰ, ਆਦਿ ਤੋਂ ਬਚਾਓ ਕਰ ਕੇ ਅੰਤੜੀਆਂ ਨੂੰ ਬੀਮਾਰੀ ਰਹਿਤ ਕਰ ਦਿੰਦਾ ਹੈ ਅਤੇ ਮੋਟਾਪਾ ਵੀ ਘਟਾਉਂਦਾ ਹੈ।
9.    ਗਰਭ ਦੌਰਾਨ ਦਿਲ ਕੱਚਾ ਹੋ ਰਿਹਾ ਹੋਵੇ ਤਾਂ ਪਪੀਤੇ ਦੀ ਇਕ ਨਿੱਕੀ ਫਾੜੀ ਖਾਣ ਨਾਲ ਠੀਕ ਹੋ ਜਾਂਦਾ ਹੈ।
10.    ਪਪੀਤੇ ਵਿਚਲੇ ਦਰਦ ਨਿਵਾਰਕ ਤੱਤ ਜੋ ਸੋਜ਼ਿਸ਼ ਘਟਾਉਂਦੇ ਹਨ, ਉਨ੍ਹਾਂ ਸਦਕਾ ਜੋੜਾਂ ਦੀਆਂ ਦਰਦਾਂ ਤੋਂ ਪੀੜਤ ਮਰੀਜ਼ ਇਸਨੂੰ ਖਾਣ ਨਾਲ ਕੁੱਝ ਫ਼ਾਇਦਾ ਜ਼ਰੂਰ ਲੈ ਸਕਦੇ ਹਨ।
11.    ਪੁਰਾਣੇ ਸਮਿਆਂ ਵਿਚ ਜਿਸਨੂੰ ਮਾਹਵਾਰੀ ਸਮੇਂ ਸਿਰ ਨਹੀਂ ਆਉਂਦੀ ਸੀ, ਉਸਨੂੰ ਵੀ ਲਗਾਤਾਰ ਪਪੀਤਾ ਹੀ ਦਿੱਤਾ ਜਾਂਦਾ ਸੀ। ਇਸਨੂੰ ਖਾਣ ਨਾਲ ਮਾਹਵਾਰੀ ਦੌਰਾਨ ਹੋ ਰਹੀ ਦਰਦ ਨੂੰ ਵੀ ਆਰਾਮ ਮਿਲ ਜਾਂਦਾ ਹੈ।
12.    ਜਿਗਰ ਦੇ ਕੈਂਸਰ ਨੂੰ ਭਾਵੇਂ ਠੀਕ ਨਾ ਕਰ ਸਕੇ ਪਰ ਕੈਂਸਰ ਦੇ ਸੈਲਾਂ ਦੀ ਤੇਜ਼ੀ ਨਾਲ ਵਧਣ ਦੀ ਰਫਤਾਰ ਜ਼ਰੂਰ ਪਪੀਤਾ ਘੱਟ ਕਰ ਦਿੰਦਾ ਹੈ।
13.    ਲੰਗੂਰਾਂ ਉੱਤੇ ਕੀਤੀ ਖੋਜ ਵਿਚ ਪਪੀਤੇ ਨੂੰ ਖਾਣ ਨਾਲ ਉਨ੍ਹਾਂ ਦੀ ਮਰਦਾਨਗੀ ਵਧੀ ਲੱਭੀ ਗਈ।ਇਸੇ ਲਈ ਕਈ ਖੋਜੀ, ਇਨਸਾਨਾਂ ਉੱਤੇ ਉਹੀ ਅਸਰ ਮੰਨਦੇ ਹੋਏ ਹਰ ਮਰਦ ਨੂੰ ਪਪੀਤਾ ਰੋਜ਼ਾਨਾ  ਖਾਣ ਦੀ ਸਲਾਹ ਦਿੰਦੇ ਹਨ।
14.    ਪਪੀਤੇ ਦੇ ਪੱਤਿਆਂ ਦੇ ਜੂਸ ਨੂੰ ਡੇਂਗੂ ਬੁਖ਼ਾਰ ਵਿਚ ਵਰਤਿਆ ਜਾਂਦਾ ਰਿਹਾ ਹੈ ਅਤੇ ਕੁੱਝ ਖੋਜਾਂ ਵਿਚ ਇਸ ਨਾਲ ਪਲੇਟਲੈਟ ਸੈਲ ਵੀ ਵਧੇ ਵੇਖੇ ਗਏ ਹਨ। ਕੁੱਝ ਖੋਜਾਂ ਵਿਚ ਅਜਿਹਾ ਅਸਰ ਨਹੀਂ ਲੱਭਿਆ।
15.    ਗੁਰਦੇ ਉੱਤੇ ਤੇਜ਼ ਦਵਾਈਆਂ ਦੇ ਪਏ ਮਾੜੇ ਅਸਰ ਵੀ ਪਪੀਤੇ ਨਾਲ ਘਟੇ ਹੋਏ ਵੇਖੇ ਗਏ।
16.    ਪਪੀਤੇ ਦੇ ਰਸ ਤੋਂ ਬਣੇ ਸ਼ੈਪੂੰ ਨਾਲ ਵਾਲਾਂ ਵਿਚਲੀ ਸਿਕਰੀ ਠੀਕ ਹੋ ਜਾਂਦੀ ਹੈ।
100 ਗ੍ਰਾਮ ਪਪੀਤੇ ਦੇ ਵਿਚ ਭਰੇ ਤੱਤਾਂ ਵੱਲ ਝਾਤ ਮਾਰੀਏ :-
-    ਕੈਲਰੀਆਂ 39
-    ਖੰਡ 5.9 ਗ੍ਰਾਮ
-    ਫਾਈਬਰ 1.8 ਗ੍ਰਾਮ
-    ਕਾਰਬੋਹਾਈਡਰੇਟ 9.81 ਗ੍ਰਾਮ
-    ਪ੍ਰੋਟੀਨ 0.61 ਗ੍ਰਾਮ
-    ਵਿਟਾਮਿਨ ਏ 328 ਮਾਈਕਰੋਗ੍ਰਾਮ
-    ਵਿਟਾਮਿਨ ਬੀ ਇਕ 0.04 ਮਿਲੀਗ੍ਰਾਮ
-    ਵਿਟਾਮਿਨ ਬੀ ਦੋ 0.05 ਮਿਲੀਗ੍ਰਾਮ
-    ਵਿਟਾਮਿਨ ਬੀ ਤਿੰਨ, ਛੇ, ਵਿਟਾਮਿਨ ਸੀ, ਕੈਲਸ਼ੀਅਮ (24 ਮਿਲੀਗ੍ਰਾਮ), ਫੋਲੇਟ, ਵਿਟਾਮਿਨ ਈ, ਕੇ
-    ਲੋਹ ਕਣ (0.1 ਮਿਲੀਗ੍ਰਾਮ), ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ (257 ਮਿਲੀਗ੍ਰਾਮ) ਜ਼ਿੰਕ ਅਤੇ ਸੋਡੀਅਮ।
17.    ਇਨ੍ਹਾਂ ਤੱਤਾਂ ਵਲ ਝਾਤ ਮਾਰਨ ਤੋਂ ਬਾਅਦ ਹੁਣ ਤਾਂ ਸਮਝ ਆ ਹੀ ਸਕਦੀ ਹੈ ਕਿ ਕਿਉਂ ਲਗਾਤਾਰ ਪਪੀਤਾ ਖਾਣ ਵਾਲੇ ਜ਼ਿਆਦਾ ਦੇਰ ਜਵਾਨ ਦਿਸਦੇ ਹਨ। ਇਸ ਵਿਚਲਾ ਵਿਟਾਮਿਨ ਸੀ, ਈ, ਬੀਟਾ  ਕੈਰੋਟੀਨ (ਐਂਟੀਓਕਸੀਡੈਂਟ) ਚਮੜੀ ਨੂੰ ਝੁਰੜੀਆਂ ਰਹਿਤ ਕਰਕੇ ਕਿਸੇ ਨੂੰ ਵੀ ਅਸਲ ਉਮਰ ਤੋਂ ਪੰਜ ਕੁ ਸਾਲ ਛੋਟਾ ਮਹਿਸੂਸ ਕਰਵਾ ਦਿੰਦੇ ਹਨ।
18.    ਜੇ ਸਾਰੇ ਦਿਨ ਦੀ ਥਕਾਨ ਲਾਹੁਣੀ ਹੋਵੇ ਤਾਂ ਘਰ ਵਾਪਸ ਮੁੜਦੇ ਸਾਰ ਪਪੀਤੇ ਦੀ ਭਰੀ ਪਲੇਟ ਖਾ ਲੈਣੀ ਚਾਹੀਦੀ ਹੈ। ਯੂਨੀਵਰਸਿਟੀ ਆਫ ਐਲਬਾਮਾ ਵਿਚ ਚੂਹਿਆਂ ਉੱਤੇ ਹੋਈ ਖੋਜ ਨੇ ਸਪਸ਼ਟ ਕੀਤਾ ਹੈ ਕਿ 200 ਮਿਲੀਗ੍ਰਾਮ ਵਿਟਾਮਿਨ ਸੀ ਤਣਾਓ ਵਧਾ ਰਹੇ ਹਾਰਮੋਨਾਂ ਨੂੰ ਘਟਾ ਦਿੰਦਾ ਹੈ। ਪਪੀਤਾ ਵਿਟਾਮਿਨ ਸੀ ਭਰਪੂਰ ਹੈ ਤੇ ਇਸਨੂੰ ਆਰਾਮ ਨਾਲ ਚ¤ਬ ਕੇ ਖਾਂਦੇ ਸਾਰ ਤਣਾਓ ਛੂ ਮੰਤਰ ਹੋ ਜਾਂਦਾਹੈ।
ਉੱਪਰ ਦੱਸੇ ਅਸਰ ਪਪੀਤਾ ਖਾਂਦੇ ਸਾਰ ਪਹਿਲੇ ਦਿਨ ਨਜ਼ਰ ਨਹੀਂ ਆਉਂਦੇ ਪਰ ਲਗਾਤਾਰ ਵਰਤਣ ਤੋਂ ਬਾਅਦ ਮਿਲੇ ਫ਼ਾਇਦੇ ਸਰੀਰ ਦੇ ਨਾਲ ਹੀ ਨਿਭਦੇ ਹਨ।
ਪਪੀਤੇ ਦਾ ਚਮੜੀ ਅਤੇ ਵਾਲਾਂ ਉੱਤੇ ਅਸਰ ਬਾਰੇ ਖ਼ਾਸ ਤੌਰ ਉੱਤੇ ਜ਼ਿਕਰ ਕਰਨਾ ਜ਼ਰੂਰੀ ਹੈ।
1.    ਪਪੀਤੇ ਵਿਚਲੇ ਵਿਟਾਮਿਨ ਏ ਤੇ ਪੈਪੇਨ ਚਮੜੀ ਵਿਚਲੇ ਮਰ ਚੁੱਕੇ ਸੈਲਾਂ ਅਤੇ ਟੁੱਟੇ ਹੋਏ ਪ੍ਰੋਟੀਨ ਨੂੰ ਝੜ੍ਹ ਜਾਣ ਵਿਚ ਮਦਦ ਕਰਦੇ ਹਨ।
2.    ਲੂਣ ਨਾ ਬਰਾਬਰ ਹੋਣ ਕਾਰਣ ਪਪੀਤਾ ਖਾਣ ਨਾਲ ਸਰੀਰ ਅੰਦਰ ਪਾਣੀ ਘਟ ਜਮਾਂ ਹੁੰਦਾ ਹੈ।
3.    ਕੱਚੇ ਪਪੀਤੇ ਦੀ ਪੇਸਟ ਬਣਾ ਕੇ ਮੂੰਹ ਉੱਤੇ ਰੋਜ਼ 25 ਮਿੰਟ ਮਲ ਕੇ ਰਖਣ ਨਾਲ ਕਿਲ ਮੁਹਾਂਸੇ ਤੇ ਚਿਹਰੇ ਦੇ ਦਾਗ਼ ਖ਼ਤਮ ਹੋ ਜਾਂਦੇ ਹਨ।
4.    ਲਗਾਤਾਰ ਪਪੀਤਾ ਖਾਂਦੇ ਰਹਿਣ ਨਾਲ ਇਸ ਵਿਚਲੀ ਕੈਰੋਟੀਨ ਸਦਕਾ ਚਮੜੀ ਵਿਚ ਚਮਕ ਆ ਜਾਂਦੀ ਹੈ।
5.    ਪੈਰਾਂ ਦੀਆਂ ਅੱਡੀਆਂ ਵਿਚ ਪਏ ਪਾੜ ਉੱਤੇ ਪਪੀਤੇ ਦੀ ਪੇਸਟ ਮਲਣ ਨਾਲ ਆਰਾਮ ਮਿਲਦਾ ਹੈ ਤੇ ਜ਼ਖ਼ਮ ਛੇਤੀ ਠੀਕ ਹੋ ਜਾਂਦੇ ਹਨ।
6.    ਚਮੜੀ ਦਾ ਰੰਗ ਰਤਾ ਕੁ ਗੋਰਾ ਕਰਨ ਵਿਚ ਵੀ ਪਪੀਤਾ ਸਹਾਈ ਹੁੰਦਾ ਹੈ।
7.    ਦਾਦ ਦੀ ਬੀਮਾਰੀ ਵਿਚ ਵੀ ਪਪੀਤਾ ਲਾਉਣ ਨਾਲ ਬੀਮਾਰੀ ਭਾਵੇਂ ਨਾ ਜਾਏ ਪਰ ਜਲਨ ਤੇ ਖ਼ੁਰਕ ਜ਼ਰੂਰ ਪਪੀਤਾ ਲਾਉਣ ਨਾਲ ਘੱਟ ਜਾਂਦੀ ਹੈ। ਇਸਤੋਂ ਬਾਅਦ ਡਾਕਟਰੀ ਇਲਾਜ ਕਰ ਲੈਣਾ ਚਾਹੀਦਾ ਹੈ।
8.    ਝੁਰੜੀਆਂ ਘਟਾਉਣ ਵਿਚ ਪਪੀਤੇ ਦਾ ਕੋਈ ਸਾਨੀ ਨਹੀਂ। ਪਪੀਤੇ ਦੇ ਛਿ¤ਲੜ ਨੂੰ ਚਿਹਰੇ ਦੀ ਚਮੜੀ ਉੱਤੇ 5 ਮਿੰਟ ਹਲਕਾ ਰਗੜ ਕੇ ਪੰਜ ਮਿੰਟ ਬਾਅਦ ਠੰਡੇ ਪਾਣੀ ਨਾਲ ਧੋਣ ਨਾਲ ਹੌਲੀ ਹੌਲੀ  ਝੁਰੜੀਆਂ ਵਿਚ ਫਰਕ ਪਿਆ ਵੇਖਿਆ ਜਾ ਸਕਦਾ ਹੈ। ਪਪੀਤੇ ਵਿਚਲੇ ਐਲਫਾ ਹਾਈਡਰੋਕਸੀ ਏਸਿਡ  ਸਦਕਾ ਹੀ ਬੁਢੇਪੇ ਦੇ ਚਿਹਰੇ ਉੱਤੇ ਪੈ ਰਹੇ ਅਸਰ ਘੱਟ ਜਾਂਦੇ ਹਨ। ਖਾਣ ਨਾਲ ਕੀ ਕਮਾਲ ਹੋਵੇਗਾ ਇਹ ਤਾਂ ਹੁਣ ਸਮਝ ਆ ਹੀ ਸਕਦੀ ਹੈ।
ਧਿਆਨ ਰਹੇ ਘੰਟਿਆਂ ਬੱਧੀ ਪਪੀਤਾ ਮੂੰਹ ਉੱਤੇ ਨਹੀਂ ਰਗੜਨਾ ਕਿਉਂਕਿ ਇਸ ਨਾਲ ਚਮੜੀ ਖੁਸ਼ਕ ਹੋ ਕੇ ਖ਼ਰਾਬ ਹੋ ਸਕਦੀ ਹੈ।
ਜਿਵੇਂ ਸਫਲਤਾ ਮਿਹਨਤ ਬਿਨਾਂ ਸੰਭਵ ਨਹੀਂ, ਬਿਲਕੁਲ ਉਜੰ ਹੀ ਪਪੀਤੇ ਵਿੱਚੋਂ ਸਹਿਜੇ – ਸਹਿਜੇ ਅਸਰ ਭਾਲਣ ਦੀ ਲੋੜ ਹੈ।
9.    ਜੇ ਚਮੜੀ ਖੁਸ਼ਕ ਹੈ ਤਾਂ ਪਪੀਤੇ ਵਿਚ ਸ਼ਹਿਦ ਜਾਂ ਮਲਾਈ ਮਿਲਾ ਕੇ ਚਿਹਰੇ ਉੱਤੇ 20 ਮਿੰਟ ਹਰ ਹਫ਼ਤੇ ਵਿਚ ਤਿੰਨ ਵਾਰ ਲਾਉਣ ਦੀ ਲੋੜ ਹੈ।
10.    ਜੇ ਚਿਹਰੇ ਉੱਤੇ ਦਾਗ਼ ਹਨ ਤਾਂ ਪਪੀਤੇ ਵਿਚ ਦੁੱਧ ਮਿਲਾ ਕੇ ਚਿਹਰੇ ਉੱਤੇ ਲਾਉਣ ਨਾਲ ਹੌਲੀ ਹੌਲੀ ਫ਼ਰਕ ਪੈਣ ਲੱਗ ਜਾਂਦਾ ਹੈ।
11.    ਜੇ ਚਮੜੀ ਢਿੱਲੀ ਪੈ ਰਹੀ ਹੈ ਤਾਂ ਪਪੀਤੇ ਵਿਚ ਸ਼ਹਿਦ ਤੇ ਚੌਲਾਂ ਦਾ ਆਟਾ ਮਿਲਾ ਕੇ ਵੀਹ ਮਿੰਟ ਚਿਹਰੇ ਉੱਤੇ ਹਫਤੇ ਵਿਚ ਤਿੰਨ ਵਾਰ ਲਾ ਕੇ ਠੀਕ ਕੀਤੀ ਜਾ ਸਕਦੀ ਹੈ।
12.    ਜੇ ਚਿਹਰੇ ਉੱਤੇ ਬਹੁਤ ਜ਼ਿਆਦਾ ਕਾਲੇ ਦਾਗ਼ ਹਨ ਤਾਂ ਪਪੀਤੇ ਦੀ ਪੇਸਟ ਵਿਚ ਦਹੀਂ, ਸ਼ਹਿਦ, ਨਿੰਬੂ ਦਾ ਰਸ ਤੇ ਅੰਡੇ ਦਾ ਚਿੱਟਾ ਹਿੱਸਾ ਮਿਲਾ ਕੇ ਧੋਤੇ ਹੋਏ ਚਿਹਰੇ ਉੱਤੇ 15 ਤੋਂ 20 ਮਿੰਟ ਲਾ ਕੇ ਰੱਖਣ ਤੇ ਉਸਤੋਂ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋਣ ਨਾਲ ਫ਼ਰਕ ਵੇਖਿਆ ਜਾ ਸਕਦਾ ਹੈ।
ਚਮੜੀ ਲਈ ਵਰਤੀਆਂ ਜਾ ਰਹੀਆਂ ਕਰੀਮਾਂ ਅਤੇ ਵਾਲਾਂ ਲਈ ਵਰਤੇ ਜਾ ਰਹੇ ਸ਼ੈਪੂੰ ਵਿਚ ਜੇ ਪਪੀਤੇ ਦੇ ਅੰਸ਼ ਪਾਏ ਜਾਣ ਲੱਗ ਪਏ ਹਨ ਤਾਂ ਸਪਸ਼ਟ ਹੈ ਕਿ ਪਪੀਤੇ ਦੇ ਅਸਰ ਲਾਜਵਾਬ ਹਨ।
ਭਾਵੇਂ ਵਾਲ ਝੜ ਰਹੇ ਹੋਣ, ਸਿਕਰੀ ਹੋਵੇ ਤੇ ਭਾਵੇਂ ਵਾਲ ਲਿਸ਼ਕ ਰਹਿਤ ਅਤੇ ਖੁਸ਼ਕ ਹੋਣ, ਪਪੀਤੇ ਦੀ ਵਰਤੋਂ ਧੜਾਧੜ ਹਰ ਚੀਜ਼ ਲਈ ਕੀਤੀ ਜਾ ਰਹੀ ਹੈ। ਭਾਵੇਂ ਕੋਈ ਮੈਡੀਕਲ ਖੋਜ ਇਸ ਪਾਸੇ ਨਹੀਂ ਹੋਈ ਪਰ ਪਪੀਤੇ ਵਿਚਲੇ ਮਿਨਰਲ ਅਤੇ ਵਿਟਾਮਿਨ ਸਿਰ ਦੀ ਚਮੜੀ ਨੂੰ ਬੀਮਾਰੀ ਰਹਿਤ ਕਰ ਕੇ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਿਚ ਸਹਾਈ ਹੁੰਦੇ ਲੱਭੇ ਗਏ ਹਨ। ਕਈ ਦਾਦੀਆਂ ਨਾਨੀਆਂ ਘਰਾਂ ਵਿਚ ਪਪੀਤੇ ਦੀ ਪੇਸਟ, ਖੋਪੇ ਦਾ ਤੇਲ ਤੇ  ਦਹੀਂ ਦਾ ਲੇਪ ਵਾਲਾਂ ਉੱਤੇ ਲਾ ਕੇ ਅੱਧੇ ਘੰਟੇ ਬਾਅਦ ਸਿਰ ਧੋਣ ਦੀ ਸਲਾਹ ਦਿੰਦੀਆਂ ਹਨ ਕਿ ਇੰਜ ਕਰਨ ਨਾਲ ਵਾਲ ਘੱਟ ਟੁੱਟਦੇ ਹਨ, ਉਨ੍ਹਾਂ ਦੀ ਲਿਸ਼ਕ ਬਰਕਰਾਰ ਰਹਿੰਦੀ ਹੈ ਅਤੇ ਝੜਨੇ ਵੀ ਰੁਕ ਜਾਂਦੇ ਹਨ।
ਖ਼ੈਰ ਇਹ ਟੋਟਕੇ ਤਾਂ ਦਾਦੀਆਂ ਨਾਨੀਆਂ ਦੇ ਸਦੀਆਂ ਤੋਂ ਸਹੀ ਸਾਬਤ ਹੁੰਦੇ ਰਹੇ ਹਨ ਪਰ ਮੈਡੀਕਲ ਖੋਜਾਂ ਵੀ ਪਪੀਤੇ ਨੂੰ ਬਹੁਤ ਉੱਚਾ ਦਰਜਾ ਦੇ ਰਹੀਆਂ ਹਨ ਖ਼ਾਸ ਕਰ ਜਦੋਂ ਸਰੀਰ ਅੰਦਰਲੇ ਅੰਗਾਂ ਦੇ ਕੰਮਕਾਰ ਦੀ ਗੱਲ ਹੋਵੇ!
ਕਿੰਜ ਦਾ ਪਪੀਤਾ ਖਰੀਦਿਆ ਜਾਏ
ਪਪੀਤੇ ਉੱਤੇ ਰਿੰਗਸਪਾਟ ਵਾਇਰਸ ਜੇ ਹਮਲਾ ਕਰ ਦੇਵੇ ਤਾਂ ਪਪੀਤੇ ਦਾ ਬੂਟਾ ਪੂਰੀ ਤਰ੍ਹਾਂ ਨਸ਼ਟ ਕਰ ਸਕਦੀ ਹੈ।
ਇਸੇ ਲਈ ਬਾਹਰੋਂ ਬਿਲਕੁਲ ਬੇਦਾਗ਼ ਪਪੀਤਾ ਹੀ ਖਰੀਦਣਾ ਚਾਹੀਦਾ ਹੈ। ਪਕਿਆ ਹੋਇਆ ਪਪੀਤਾ ਤੁਰੰਤ ਵਰਤ ਲੈਣਾ ਚਾਹੀਦਾ ਹੈ। ਜੇ ਇਕ ਜਾਂ ਦੋ ਦਿਨ ਠਹਿਰ ਕੇ ਵਰਤਣਾ ਹੈ ਤਾਂ ਅਧਪੱਕਿਆ ਪਪੀਤਾ ਹੀ ਖਰੀਦਣਾ ਚਾਹੀਦਾ ਹੈ। ਖਰੀਦਣ ਤੋਂ ਪਹਿਲਾਂ ਹਲਕਾ ਦਬਾਓ ਪਾ ਕੇ ਚੈਕ ਕਰ ਲੈਣਾ ਚਾਹੀਦਾ ਹੈ। ਜੇ ਜ਼ਿਆਦਾ ਨਰਮ ਹੋਵੇ ਤਾਂ ਨਹੀਂ ਖਰੀਦਣਾ ਚਾਹੀਦਾ।
ਹੁਣ ਰਹਿ ਗਈ ਗੱਲ ਖਾਣ ਦੀ! ਬਸ ਝਟਪਟ ਛਿੱਲੋ ਤੇ ਜਿਸਤਰ੍ਹਾਂ ਚਾਹੋ ਖਾ ਲਵੋ! ਛਿੱਲੜ ਵੀ ਮੂੰਹ ਉੱਤੇ ਵਰਤੋ ਪਰ ਬੀਜ ਚੇਤੇ ਨਾਲ ਸੁੱਟ ਦੇਣਾ ਕਿਉਂਕਿ ਉਨ੍ਹਾਂ ਦੀ ਐਲਰਜੀ ਖ਼ਤਰਨਾਕ ਹੋ ਸਕਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>