ਸਅਦਅ/5009/2014 4 ਜੂਨ 2014
ਸਤਿਕਾਰਯੋਗ ਸ੍ਰੀ ਪ੍ਰਣਬ ਮੁਖਰਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ॥
ਸਾਨੂੰ ਇਹ ਜਾਣਕੇ ਗਹਿਰਾ ਦੁੱਖ ਪਹੁੰਚਿਆ ਹੈ ਕਿ ਆਪ ਜੀ ਨੇ 16ਵੀਂ ਲੋਕ ਸਭਾ ਦੇ ਹੇਠਲੇ ਸਦਨ ਦਾ ਪ੍ਰੋ ਟਾਇਮ ਸਪੀਕਰ ਇਕ ਅਜਿਹੇ ਵਿਅਕਤੀ ਕਮਲ ਨਾਥ ਨੂੰ ਨਿਯੁਕਤ ਕਰ ਦਿਤਾ ਹੈ, ਜਿਸ ਨੇ 1984 ਵਿਚ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਿੱਖ ਕੌਮ ਦੇ ਹੋਏ ਯੋਜਨਾਬੱਧ ਕਤਲੇਆਮ ਕਰਨ ਵਾਲੀਆਂ ਟੋਲੀਆਂ ਦੀ ਅਗਵਾਈ ਵੀ ਕੀਤੀ ਸੀ ਅਤੇ ਸਿੱਖਾਂ ਵਿਰੁੱਧ ਨਫਰਤ ਪੈਦਾ ਕਰਨ ਅਤੇ ਉਹਨਾਂ ਦਾ ਵੱਡੇ ਪੱਧਰ ਉਤੇ ਕਤਲੇਆਮ ਕਰਨ ਦੀ ਸਾਜਿਸ਼ ਘੜ੍ਹਨ ਵਾਲਿਆਂ ਵਿਚ ਸਨ। ਜਦੋਂ ਹਿੰਦ ਦੇ ਸਰਬ ਉੱਚ ਆਹੁਦੇ ਸਦਰ ਏ ਹਿੰਦ ਵੱਲੋਂ ਹੀ ਘੱਟ ਗਿਣਤੀ ਕੌਮ ਸਿੱਖ ਜਾਂ ਕਿਸੇ ਹੋਰ ਕੌਮ ਦੇ ਮਨਾਂ ਅਤੇ ਆਤਮਾਂ ਨੂੰ ਠੇਸ ਪਹੁੰਚਾੂੳਣ ਵਾਲੇ ਅਮਲ ਹੋਣ ਤਾਂ ਘੱਟ ਗਿਣਤੀ ਕੌਮਾਂ ਇਨਸਾਫ ਲੈਣ ਲਈ ਕਿਸ ਤਕਾਤ ਕੋਲ ਪਹੁੰਚ ਕਰਨ?
ਆਪ ਜੀ ਸੈਂਟਰ ਦੀਆਂ ਕੈਬਨਿਟਾਂ ਵਿਚ ਵੀ ਰਹੇ ਹੋ ਅਤੇ ਹਿੰਦ ਹਕੂਮਤ ਦੀਆਂ ਨੀਤੀਆਂ ਨੂੰ ਵੀ ਅੱਛੀ ਤਰ੍ਹਾਂ ਸਮਝਦੇ ਹੋ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਵੀ ਪੂਰੀ ਜਾਣਕਾਰੀ ਰੱਖਦੇ ਹੋ। ਇਸ ਦੇ ਬਾਵਜੂਦ ਵੀ ਅਜਿਹੀ ਬਜਰ ਗੁਸਤਾਖੀ ਆਪ ਜੈਸੀ ਸ਼ਖਸੀਅਤ ਤੋਂ ਹੋਵੇ, ਤਾਂ ਸਿੱਖ ਕੌਮ ਨੂੰ ਆਪਣੇ ਸੁਰੱਖਿਅਤ ਭਵਿੱਖ ਲਈ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ। ਆਪ ਜੀ ਇਹ ਵੀ ਭਲੀ ਭਾਤ ਜਾਣੂੰ ਹੋ ਕਿ ਹਿੰਦ ਦੇ ਹੁਕਮਰਾਨਾਂ ਨੇ ਪਹਿਲੇ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਛੱਤੀ ਗੁਰੂਘਰਾਂ ਉਤੇ ਫੌਜੀ ਹਮਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਸੰਸਥਾਂ ਨੂੰ ਹੀ ਢਹਿ ਢੇਰੀ ਨਹੀਂ ਕੀਤਾ ਬਲਕਿ ਉਸ ਦਿਨ ਪੰਜਵੇਂ ਪਾਤਸ਼ਾਹੀ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ 20,000 ਦੇ ਕਰੀਬ ਸਿੱਖ ਨੌਜਵਾਨ, ਬੱਚੇ-ਬੱਚੀਆਂ, ਬੀਬੀਆਂ, ਬਜੁਰਗ ਪਹੁੰਚੇ ਹੋਏ ਸਨ, ਉਹਨਾਂ ਨੂੰ ਹਿੰਦ, ਬਰਤਾਨੀਆਂ ਅਤੇ ਰੂਸ ਦੀਆਂ ਫੌਜਾਂ ਨੇ ਗੋਲਾ ਬਾਰੀ ਕਰਕੇ ਬਹੁਤ ਬੇਰਹਿਮੀ ਨਾਲ ਸ਼ਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਸੀ। ਅਜੇ ਇਹ ਜਖਮ ਹਰੇ ਹੀ ਸਨ ਤਾਂ ਮਰਹੂਮ ਰਾਜੀਵ ਗਾਂਧੀ, ਅਮਿਤਾਬ ਬੱਚਨ, ਕਮਲ ਨਾਥ, ਜਗਦੀਸ਼ ਟਾਈਟਲਰ, ਐਚ ਕੇ ਐਲ ਭਗਤ, ਸੱਜਣ ਕੁਮਾਰ ਆਦਿ ਆਗੂਆਂ ਨੂੰ ਸਿੱਖਾਂ ਵਿਰੁੱਧ ਇਕ ਸਾਜਿਸ਼ ਘੜ੍ਹ ਕੇ 1 ਅਕਤੂਬਰ ਤੋਂ ਲੈ ਕੇ 3 ਅਕਤੂਬਰ 1984 ਤੱਕ ਸਿੱਖਾਂ ਦਾ ਬਹੁਤ ਬੇਰਹਿਮੀ ਨਾਲ ਕਤਲੇਆਮ ਵੀ ਕਰਵਾਇਆ, ਸਿੱਖਾਂ ਦੇ ਘਰਾਂ ਅਤੇ ਕਾਰੋਬਾਰਾਂ ਨੂੰ ਲੁਟਿੱਆ, ਸਿੱਖ ਬੀਬੀਆਂ ਨਾਲ ਇਹਨਾਂ ਨੇ ਜਬਰ-ਜਿਨਾਹ ਕੀਤੇ। ਇਸ ਉਪਰੰਤ 2000 ਵਿਚ ਜੰਮੂ ਕਸ਼ਮੀਰ ਵਿਚ ਚਿੱਠੀਸਿੰਘਪੁਰਾ ਵਿਖੇ ਹਿੰਦ ਫੋਜ ਤੋਂ 43 ਸਿੱਖਾਂ ਦਾ ਕਤਲੇਆਮ ਕਰਵਾਇਆ। ਦੁੱਖ ਅਤੇ ਅਫਸੋਸ ਹੈ ਕਿ ਸਿੱਖ ਕੌਮ ਦੇ ਹੋਏ ਕਤਲੇਆਮ ਲਈ ਪਾਰਲੀਮੈਂਟ ਵਿਚ ਨਾਂ ਤਾਂ ਮਾਫੀ ਮਤਾ ਰੱਖਿਆ ਗਿਆ ਅਤੇ ਨਾਂ ਹੀ ਸਿੱਖਾਂ ਦੇ ਇਕ ਵੀ ਕਾਤਲ ਨੁੰ ਅੱਜ ਤਕ ਕਾਨੂੰਨ ਅਨੁਸਾਰ ਸਜਾ ਦਿਵਾਈ ਗਈ। ਜਦੋੰ ਕਿ ਸਿੱਖ ਨੌਜਵਾਨਾਂ ਨੂੰ ਵਿਸ਼ੇਸ਼ ਅਦਾਲਤਾਂ ਗਠਨ ਕਰਕੇ ਵਿਸ਼ੇਸ਼ ਜੱਜਾਂ ਰਾਹੀਂ ਫਾਂਸੀਆਂ ਉਤੇ ਵੀ ਲਟਕਾਇਆ ਗਿਆ ਅਤੇ ਉਮਰ ਕੈਦਾਂ ਵੀ ਸੁਣਾਈਆਂ ਗਈਆਂ। ਸਿੱਖ ਕੌਮ ਦੇ ਮਨ ਅਤੇ ਆਤਮਾਵਾਂ ਅੱਜ ਵੀ ਅਸਹਿ ਅਤੇ ਅਕਹਿ ਦੁੱਖ ਨਾਲ ਡੂੰਘੀਆਂ ਜਖਮੀਂ ਹੋਈਆਂ ਤੜਫ ਰਹੀਆਂ ਹਨ। ਅਜਿਹੇ ਸਮੇਂ ਆਪ ਜੀ ਨੇ ਸਿੱਖ ਕੌਮ ਦੇ ਕਾਤਲ ਕਮਲ ਨਾਥ ਨੂੰ ਪਾਰਲੀਮੈਂਟ ਦੇ ਹੇਠਲੇ ਹਾਊਸ ਲੋਕ ਸਭਾ ਦਾ ਪ੍ਰੋ ਟਾਇਮ ਸਪੀਕਰ ਨਿਯੁਕਤ ਕਰਕੇ ਜਖਮੀ ਹੋਈਆਂ ਸਿੱਖ ਆਤਮਾਵਾਂ ਉਤੇ ਲੂਣ ਛਿੜਕਣ ਦਾ ਵੱਡਾ ਭਾਰੀ ਦੁੱਖਦਾਇਕ ਅਮਲ ਕੀਤਾ ਹੈ, ਜੋ ਕਿ ਨਹੀਂ ਸੀ ਹੋਣਾ ਚਾਹੀਦਾ।
ਇਸ ਲਈ ਆਪ ਜੀ ਨੂੰ ਇਸ ਪੱਤਰ ਰਾਹੀਂ ਆਪ ਜੀ ਤੋਂ ਹੋਈ ਵੱਡੀ ਗਲਤੀ ਦਾ ਅਹਿਸਾਸ ਕਰਵਾਊਂਦੇ ਹੋਏ ਬੇਨਤੀ ਕਰਦੇ ਹਾਂ ਕਿ ਇਸ ਹੋਏ ਗਲਤ ਫੈਸਲੇ ਲਈ ਸਿੱਖ ਕੌਮ ਤੋਂ ਮਾਫੀ ਮੰਗਦੇ ਹੋਏ ਇਸ ਗਲਤੀ ਨੂੰ ਸੁਧਾਰਿਆ ਜਾਵੇ ਅਤੇ ਸਿੱਖ ਮਨਾਂ ਵਿਚ ਉੱਠ ਰਹੇ ਵੱਡੇ ਰੋਹ ਨੂੰ ਸ਼ਾਂਤ ਕੀਤਾ ਜਾਵੇ। ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਸਾਡੇ ਵੱਲੋਂ ਇਸ ਪੱਤਰ ਵਿਚ ਲਿਖੇ ਗਏ ਸ਼ਬਦਾਂ ਅਤੇ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਆਪਣੀ ਗਲਤੀ ਨੂੰ ਸੁਧਾਰਨ ਦੇ ਨਾਲ ਨਾਲ ਸਿੱਖ ਮਨਾਂ ਨੂੰ ਪਹੁੰਚੀ ਠੇਸ ਤੋਂ ਸਰੁਖਰ ਕਰਨ ਲਈ ਆਪਣੇ ਤੌਰ ‘ਤੇ ਕੋਈ ਹਾਂ ਪੱਖੀ ਅਮਲ ਜਰੂਰ ਕਰੋਗੇ। ਧੰਨਵਾਦੀ ਹੋਵਾਂਗੇ।
ਪੂਰਨ ਉਮੀਦ ਅਤੇ ਸਤਿਕਾਰ ਸਹਿਤ
ਗੂਰੂ ਘਰ ਅਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ
(ਅੰਮ੍ਰਿਤਸਰ)
ਸ੍ਰੀ ਪ੍ਰਣਬ ਮੁਖਰਜੀ,
ਸਦਰ ਏ ਹਿੰਦ,
ਰਾਸ਼ਟਰਪਤੀ ਭਵਨ,
ਦਿੱਲੀ