ਨਵੀ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਾਬਕਾ ਪ੍ਰਧਾਨ ਸ੍ਰ ਅਵਤਾਰ ਸਿੰਘ ਹਿੱਤ ਵੱਲੋ ਸਿੱਖ ਇਤਿਹਾਸ ਸਬੰਧੀ ਕੀਤੀ ਗਈ ਟਿੱਪਣੀ ਨੂੰ ਲੈ ਕੇ ਦਿੱਤੀ ਗਈ ਚੁਨੌਤੀ ਨੂੰ ਕਬੂਲਦਿਆ ਕਿਹਾ ਕਿ ਉਹ ਸ੍ਰ.ਹਿੱਤ ਨੂੰ ਖੁੱਲਾ ਚੈਲਿੰਜ ਕਰਦੇ ਹਨ ਕਿ ਉਹ ਕਿਸੇ ਵੀ ਜਗ੍ਹਾ ਅਤੇ ਕਿਸੇ ਵੀ ਟੀ.ਵੀ .ਚੈਨਲ ਦੇ ਸਾਹਮਣੇ ਸਿੱਧੇ ਪ੍ਰਸਾਰਣ ‘ਤੇ ਬਹਿਸ ਕਰਨ ਲਈ ਤਿਆਰ ਹਨ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ੍ਰ ਹਿੱਤ ਨੇ ਜਿਹੜਾ ‘ਰੋਸ ਨਾ ਕੀਜੇ ਉਤਰ ਦੀਜੇ’ ਅਨੁਸਾਰ ਉਹਨਾਂ ਦੇ ਬਿਆਨ ਤੇ ਕੋਈ ਵੀ ਟਿੱਪਣੀ ਕਰਨ ਦੀ ਬਜਾਏ ਬਹਿਸ ਕਰਨ ਦੀ ਚੁਨੌਤੀ ਦਿੱਤੀ ਉਸ ਨੂੰ ਉਹ ਕਬੂਲ ਕਰਦੇ ਹਨ ਤੇ ਸ੍ਰ ਹਿੱਤ ਨੂੰ ਐਲਾਨੀਆ ਤੌਰ ਕੇ ਸੁਨੇਹਾ ਦਿੰਦੇ ਹਨ ਕਿ ਸ੍ਰ ਹਿੱਤ ਜਿਸ ਵੀ ਤਰੀਕੇ ਨਾਲ ਬਹਿਸ ਕਰਕੇ ਆਪਣਾ ਸ਼ੱਕ ਨਿਵਿਰਤ ਕਰਨਾ ਚਾਹੁੰਣ ਉਸੇ ਤਰੀਕੇ ਨਾਲ ਹੀ ਕਰ ਸਕਦੇ ਹਨ। ਉਹਨਾਂ ਕਿਹਾ ਕਿ ਉਹ ਸ੍ਰ ਹਿੱਤ ਨੂੰ ਇਹ ਵੀ ਛੋਡ ਦਿੰਦੇ ਹਨ ਕਿ ਜੇਕਰ ਉਹਨਾਂ ਨੇ ਆਪਣੀ ਮਦਦ ਲਈ ਆਪਣੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ.ਕੇ.ਤੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਬਹਿਸ ਵਿੱਚ ਆਪਣੀ ਹਮਾਇਤ ਲਈ ਸ਼ਾਮਲ ਕਰਨਾ ਚਾਹੁੰਦੇ ਹਨ ਤਾਂ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਉਹ ਮਹਿਸੂਸ ਕਰਨ ਕਿ ਇਹ ਦੋ ਵਿਅਕਤੀ ਵੀ ਉਹਨਾਂ ਦੀ ਮਦਦ ਲਈ ਕਾਫੀ ਨਹੀ ਹਨ ਤਾਂ ਉਹ ਆਪਣੇ ਨਾਲ ਹਰ ਸ਼ਾਮ ਨੂੰ ਰੰਗੀਨ ਬਣਾਉਣ ਵਾਲੇ ਸਾਥੀ ਕੁਲਦੀਪ ਸਿੰਘ ਭੋਗਲ ਨੂੰ ਵੀ ਸ਼ਾਮਲ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜਿਹੜਾ ਇਸ ਬਹਿਸ ਵਿੱਚ ਹਾਰ ਜਾਵੇ ਉਸ ਨੂੰ ਫੈਸਲਾ ਕਰਨਾ ਪਵੇਗਾ ਕਿ ਉਹ ਭਵਿੱਖ ਵਿੱਚ ਨਾ ਤਾਂ ਕੋਈ ਚੋਣ ਲੜੇਗਾ ਅਤੇ ਨਾ ਹੀ ਪੰਥਕ ਮਸਲਿਆ ਵਿੱਚ ਕੋਈ ਵੀ ਨੁਕਤਾਚੀਨੀ ਨਹੀ ਕਰੇਗਾ।ਉਹਨਾਂ ਕਿਹਾ ਕਿ ਉਹਨਾਂ ਨੇ ਸ੍ਰ ਹਿੱਤ ਵੱਲੇ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਗਲਤ ਬਿਆਨਬਾਜੀ ਕੀਤੀ ਸੀ ਉਸ ਬਾਰੇ ਹੀ ਕਿਹਾ ਸੀ ਕਿ ਕੀਰਤਨ ਤਾਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਸ਼ੁਰੂ ਕਰ ਦਿੱਤਾ ਸੀ ਪਰ ਪੰਚਮ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਕੀਤਰਨ ਕਰਨ ਦੀ ਦਾਤ ਬਖਸ਼ੀ ਸੀ। ਉਹਨਾਂ ਕਿਹਾ ਕਿ ਗੁਰੂ ਘਰ ਦੇ ਅਨਿਨ ਭਗਤ ਸੱਤਾ ਤੇ ਬਲਵੰਡ ਦੀ ਜਾਤ ਸਬੰਧ ਕੋਈ ਟਿੱਪਣੀ ਕਰਨਾ ਵੀ ਕਦਾਚਿਤ ਜਾਇਜ ਨਹੀ ਹੈ ਕਿਉਕਿ ਪਹਿਲੇ ਪਾਤਸ਼ਾਹ ਨੇ ਹੀ ਜਾਤ ਪਾਤ ਦਾ ਖੰਡਨ ਕਰਦਿਆ ਹਰੇਕ ਵਿਅਕਤੀ ਨੂੰ ਬਰਾਬਰਤਾ ਦਿੱਤੀ ਸੀ। ਉਹਨਾਂ ਕਿਹਾ ਕਿ ਇਸ ਵਿੱਚ ਕੁਝ ਵੀ ਗਲਤ ਨਹੀ ਹੈ। ਉਹਨਾਂ ਕਿਹਾ ਕਿ ਜੇਕਰ ਸ੍ਰ ਹਿੱਤ ਨੂੰ ਕੁਝ ਗਲਤ ਲੱਗਦਾ ਹੈ ਤਾਂ ਸ੍ਰ ਹਿੱਤ ਨੇ ਜਿਹੜੀ ਬਹਿਸ ਕਰਨ ਦੀ ਚੁਨੌਤੀ ਦਿੱਤੀ ਹੈ ਉਸ ਨੂੰ ਉਹ ਪ੍ਰਵਾਨ ਕਰਦੇ ਹਨ ਤੇ ਸ੍ਰ ਹਿੱਤ ਨਾਲ ਉਹ ਕਿਸੇ ਵੇਲੇ ਕਿਸੇ ਸਮੇਂ ਵੀ ਬਹਿਸ ਕਰਨ ਲਈ ਤਿਆਰ ਹਨ।