ਨਵੀ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਹੈ ਕਿ ਕੇਂਦਰ ਵਿੱਚ ਉਹਨਾਂ ਦੀ ਹਮਾਇਤੀ ਪਾਰਟੀ ਦੀ ਸਰਕਾਰ ਹੈ ਅਤੇ ਉਹਨਾਂ ਨੂੰ ਚਾਹੀਦਾ ਹੈ ਕਿ ਪੰਜਾਬ ਦੀਆ ਲੰਮੇ ਸਮੇਂ ਤੋ ਲਟਕਦੀਆ ਆ ਰਹੀਆ ਮੰਗਾਂ ਨੂੰ ਬਿਨਾ ਕਿਸੇ ਦੇਰੀ ਤੋ ਲਾਗੂ ਕਰਵਾਇਆ ਜਾਵੇ।
ਜਾਰੀ ਇੱਕ ਬਿਆਨ ਰਾਹੀ ਸ੍ਰੀ ਸਰਨਾ ਨੇ ਕਿਹਾ ਕਿ ਇਸ ਤੋ ਪਹਿਲਾਂ ਤਾਂ ਸ੍ਰ ਬਾਦਲ ਕੋਲ ਇੱਕ ਹੀ ਬਹਾਨਾ ਹੁੰਦਾ ਸੀ ਕਿ ਕੇਂਦਰ ਵਿੱਚ ਪੰਜਾਬ ਤੇ ਸਿੱਖ ਵਿਰੋਧੀ ਕਾਂਗਰਸ ਦੀ ਯੂ.ਪੀ.ਏ ਸਰਕਾਰ ਹੈ ਜਿਹੜੀ ਪੰਜਾਬ ਪ੍ਰਤੀ ਮਤਰੇਈ ਮਾਂ ਵਾਲਾ ਰਵੱਈਆ ਰੱਖਦੀ ਹੈ। ਉਹਨਾਂ ਕਿਹਾ ਕਿ ਹੁਣ ਤਾਂ ਸ੍ਰੀ ਬਾਦਲ ਦੀ ਹਮਾਇਤੀ ਪਾਰਟੀ ਭਾਜਪਾ ਦੀ ਕੇਂਦਰ ਵਿੱਚ ਸਰਕਾਰ ਹੈ ਅਤੇ ਉਸ ਕੋਲੋ ਪੰਜਾਬ ਦੀਆ ਮੰਗਾਂ ਤੁਰੰਤ ਪੂਰੀਆ ਕਰਵਾਈਆ ਜਾਣ। ਉਹਨਾਂ ਕਿਹਾ ਕਿ ਜਿੰਨਾ ਜੋਰ ਸ੍ਰ ਬਾਦਲ ਨੇ ਆਪਣੀ ਨੂੰਹ ਨੂੰ ਕੇਂਦਰ ਵਿੱਚ ਮੰਤਰੀ ਬਣਾਉਣ ਲਈ ਲਗਾਇਆ ਹੈ ਜੇਕਰ ਉਸ ਤੋ ਅੱਧਾ ਜੋਰ ਵੀ ਉਹ ਪੰਜਾਬ ਦੀਆ ਮੰਗਾਂ ਸਬੰਧ ਲਗਾ ਦੇਣ ਤਾਂ ਪੰਜਾਬ ਨੂੰ ਚੰਡੀਗੜ੍ਹ ਮਿਲ ਸਕਦਾ ਹੈ ਅਤੇ ਧਾਰਾ 25 ਖਤਮ ਕੀਤੀ ਜਾ ਸਕਦੀ ਹੈ। ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਮਿਲ ਸਕਦੇ ਹਨ ਅਤੇ ਦਰਿਆਵਾਂ ਦੇ ਪਾਣੀਆ ਦਾ ਝਗੜਾ ਰੀਪੇਰੀਅਨ ਕਨੂੰਨ ਮੁਤਾਬਕ ਹੱਲ ਕੀਤਾ ਜਾ ਸਕਦਾ ਹੈ।
ਸਾਕਾ ਨੀਲਾ ਤਾਰਾ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਇਸ ਮੰਦਭਾਗੀ ਤੇ ਸਿੱਖ ਵਿਰੋਧੀ ਘਟਨਾ ਸਮੇਂ ਸਿੱਖ ਪੰਥ ਦਾ ਜਿਥੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਉਥੇ ਸਿਆਸੀ, ਇਖਲਾਕੀ, ਸਮਾਜਿਕ , ਧਾਰਮਿਕ ਤੇ ਇਤਿਹਾਸਕ ਵੀ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਬਾਦਲ ਸਾਹਿਬ ਦੇ ਆਦੇਸ਼ਾਂ ਤੇ ਅਪੀਲਾਂ ਤੇ ਬਹੁਤ ਸਾਰੇ ਧਰਮੀ ਫੌਜੀ ਬੈਰਕਾਂ ਛੱਡ ਕੇ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਕੂਚ ਕਰ ਗਏ ਜਿਹਨਾਂ ਵਿੱਚ ਬਹੁਤ ਸਾਰੇ ਮਾਰੇ ਗਏ ਤੇ ਬਹੁਤ ਸਾਰੇ ਫੜੇ ਗਏ ਜਿਹਨਾਂ ਤੇ ਅਥਾਹ ਤਸ਼ੱਦਦ ਕੀਤਾ ਗਿਆ। ਉਹਨਾਂ ਕਿਹਾ ਕਿ ਇਹਨਾਂ ਪੀੜਤ ਫੌਜੀਆਂ ਨੂੰ ਲਕਬ ਵੀ ਧਰਮੀ ਫੌਜੀਆਂ ਦਾ ਹੀ ਦਿੱਤਾ ਗਿਆ। ਉਹਨਾਂ ਕਿਹਾ ਕਿ ਧਰਮੀ ਫੌਜੀਆ ਨੂੰ ਉਹਨਾਂ ਦਾ ਹੱਕ ਦਿੱਤਾ ਜਾਣਾ ਚਾਹੀਦਾ ਹੈ ਪਰ ਅੱਜ ਇਹ ਧਰਮੀ ਫੌਜੀ ਆਪਣੇ ਹੱਕ ਮੰਗਦੇ ਸੜਕਾਂ ਤੇ ਰੁੱਲ ਰਹੇ ਹਨ।
ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਾਕਾ ਨੀਲਾ ਤਾਰਾ ਦੌਰਾਨ ਹੋਏ ਨੁਕਸਾਨ ਦਾ ਕੇਸ ਵੀ ਕੀਤਾ ਹੋਇਆ ਹੈ ਤੇ ਬਾਦਲ ਨੂੰ ਚਾਹੀਦਾ ਹੈ ਕਿ ਉਹ ਜਿਥੇ ਇਸ ਕੇਸ ਦੀ ਪੈਰਵੀ ਸੁਚੱਜੇ ਢੰਗ ਨਾਲ ਕਰੇ ਉਥੇ ਕੇਂਦਰ ਸਰਕਾਰ ਜਿਹੜਾ ਸਿੱਖ ਰੈਫਰੈਸ਼ ਲਾਇਬਰੇਰੀ ਵਿੱਚੋ ਸਿੱਖ ਇਤਿਹਾਸ ਨਾਲ ਸਬੰਧਿਤ ਖਜਾਨਾ ਫੌਜ ਚੁੱਕ ਕੇ ਲੈ ਗਈ ਸੀ ਉਸ ਨੂੰ ਵਾਪਸ ਕਰਵਾਇਆ ਜਾਵੇ।